Youth Fair: ਪੀ.ਏ.ਯੂ. ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਕਾਲਜ ਯੁਵਕ ਮੇਲੇ ਦਾ ਆਯੋਜਨ 1 ਤੋਂ 9 ਨਵੰਬਰ ਤੱਕ ਹੋ ਰਿਹਾ ਹੈ। ਇਸ ਵਿਚ ਪੀ.ਏ.ਯੂ. ਦੇ ਪੰਜ ਕਾਲਜਾਂ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ, ਖੇਤੀ ਇੰਜਨੀਅਰਿੰਗ ਕਾਲਜ ਅਤੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣਗੇ। ਯਾਦ ਰਹੇ ਕਿ ਪੀ.ਏ.ਯੂ. ਦੇ ਯੁਵਕ ਮੇਲਿਆਂ ਦੀ ਵਿਰਾਸਤ ਬੇਹੱਦ ਅਮੀਰ ਅਤੇ ਗੌਰਵਸ਼ਾਲੀ ਰਹੀ ਹੈ। ਇਹਨਾਂ ਮੇਲਿਆਂ ਤੋਂ ਹੀ ਪੰਜਾਬ ਦੇ ਸੱਭਿਆਚਾਰ ਵਿਚ ਵੱਡਾ ਨਾਂ ਪੈਦਾ ਕਰਨ ਵਾਲੇ ਕਲਾਕਾਰ ਸਾਹਮਣੇ ਆਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਹ ਮੇਲਾ 1 ਨਵੰਬਰ ਨੂੰ ਕਾਵਿਕ ਪਾਠ ਅਤੇ ਹਾਸ ਰਸ ਕਵਿਤਾ ਨਾਲ ਸ਼ੁਰੂ ਹੋਵੇਗਾ। ਉਸੇ ਦਿਨ ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਭਾਸਣ ਅਤੇ ਐਕਸਟੈਂਪੋਰ ਆਦਿ ਮੁਕਾਬਲੇ ਹੋਣਗੇ। ਇਸ ਤੋਂ ਬਾਅਦ ਫੋਟੋਗ੍ਰਾਫੀ, ਕੋਲਾਜ ਮੇਕਿੰਗ, ਰਚਨਾਤਮਕ ਲੇਖਣ, ਕਾਰਟੂਨਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।
2 ਨਵੰਬਰ ਨੂੰ ਰੰਗੋਲੀ ਅਤੇ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਮਹਿੰਦੀ, ਮੌਕੇ ਤੇ ਚਿੱਤਰਕਾਰੀ, ਸਬਦ ਗਾਇਨ (ਸੋਲੋ ਅਤੇ ਗਰੁੱਪ), ਸੁੰਦਰ ਲਿਖਾਈ ਅਤੇ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ। 4 ਨਵੰਬਰ ਨੂੰ ਸੱਭਿਆਚਾਰਕ ਵਿਰਾਸਤੀ ਮੁਕਾਬਲਿਆਂ ਵਿੱਚ ਇੰਨੂ ਬਨਾਉਣ, ਨਾਲੇ ਬਨਾਉਣ, ਮਿੱਟੀ ਦੇ ਖਿਡੌਣੇ ਮੇਕਿੰਗ, ਛਿੱਕੂ ਬਨਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਨਾਲ ਹੀ ਫੁਲਕਾਰੀ ਬਨਾਉਣ, ਪੱਖੀ ਬਨਾਉਣ, ਮੁਹਾਵਰੇਦਾਰ ਵਾਰਤਾਲਾਪ ਅਤੇ ਸੱਭਿਆਚਾਰਕ ਮੁਕਾਬਲੇ ਹੋਣਗੇ।
ਇਹ ਵੀ ਪੜ੍ਹੋ: ਮਿਰਚਾਂ ਦੀ ਦੋਗਲੀ ਕਿਸਮ ਦੇ ਵਪਾਰੀਕਰਨ ਲਈ MoU Sign
ਡਾ. ਜੌੜਾ ਨੇ ਦੱਸਿਆ ਕਿ ਯੁਵਕ ਮੇਲੇ ਦਾ ਰਸਮੀ ਉਦਘਾਟਨ 7 ਨਵੰਬਰ ਨੂੰ ਹੋਵੇਗਾ। ਉਸ ਦਿਨ ਸੱਭਿਆਚਾਰਕ ਜਲੂਸ, ਸੋਲੋ ਡਾਂਸ, ਲੋਕ ਗੀਤ, ਪੱਛਮੀ ਸੋਲੋ, ਪੱਛਮੀ ਗਰੁੱਪ ਗੀਤ, ਲਾਈਟ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ। 8 ਨਵੰਬਰ ਨੂੰ ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕ ਝਾਕੀ ਨਾਟਕ ਸਮੇਤ ਹੋਰ ਮੁਕਾਬਲੇ ਹੋਣਗੇ। 9 ਨਵੰਬਰ ਨੂੰ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ, ਭੰਗੜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Youth fair will be painted in cultural colors from November 1