ਸਫਲ ਕਿਸਾਨ ਦਵਿੰਦਰ ਸਿੰਘ (Successful Farmer Davinder Singh)
Success Story: ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਿਸੇ ਕੋਲ ਵੀ ਡੁੰਘਾਈ ਨਾਲ ਸੋਚਣ ਦੀ ਵੇਲ ਨਹੀਂ ਹੈ। ਅੱਧੀ ਤੋਂ ਵੱਧ ਦੁਨੀਆਂ ਭੇਡ ਚਾਲ ਵਿੱਚ ਤੁਰੀ ਫਿਰਦੀ ਹੈ ਯਾਨੀ ਕਿ ਅਜੋਕੇ ਦੌਰ ਵਿੱਚ, ਲੋਕ ਸੋਸ਼ਲ ਮੀਡੀਆ, ਫੈਸ਼ਨ, ਅਤੇ ਵਿਖਾਵੇ ਦੇ ਪ੍ਰਭਾਵ ਹੇਠ ਅੰਨ੍ਹੇਵਾਹ ਚੱਲ ਰਹੇ ਹਨ। ਇਹ ਪ੍ਰਵਿਰਤੀ ਸਮਾਜਿਕ ਪਾਖੰਡਾਂ, ਗਲਤ ਫੈਸਲਿਆਂ ਅਤੇ ਮਨੁੱਖੀ ਮੂਲ ਕਦਰਾਂ-ਕੀਮਤਾਂ ਦੇ ਗਿਰਾਵਟ ਦਾ ਮੁੱਖ ਕਾਰਨ ਬਣ ਰਹੀ ਹੈ।
ਪਰ ਇਸੇ ਮਾਹੌਲ ਵਿੱਚ ਇੱਕ ਅਜਿਹੇ ਸ਼ਕਸ ਨੇ ਵੱਖਰੀ ਪਛਾਣ ਬਣਾਈ ਹੈ, ਜੋ ਇੱਕ ਆਧੁਨਿਕ ਅਤੇ ਵਿਗਿਆਨਕ ਸੋਚ ਦੇ ਬੱਲਬੂਤੇ ਮਜ਼ਬੂਤ ਉਦਾਹਰਣ ਵੱਜੋਂ ਸਾਹਮਣੇ ਆਏ ਹਨ। ਅੱਸੀ ਗੱਲ ਕਰ ਰਹੇ ਹਾਂ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਮੋਹਨਲਾਲਗੰਜ ਇਲਾਕੇ ਦੇ ਕਿਸਾਨ ਦਵਿੰਦਰ ਸਿੰਘ ਦੀ, ਜਿਨ੍ਹਾਂ ਨੇ ਖੇਤੀ ਨੂੰ ਸਿਰਫ਼ ਇੱਕ ਵਿਰਾਸਤ ਵਜੋਂ ਹੀ ਨਹੀਂ ਅਪਣਾਇਆ, ਸਗੋਂ ਇਸਨੂੰ ਇੱਕ ਪੇਸ਼ੇਵਰ ਖੇਤੀ-ਉੱਦਮ ਵਜੋਂ ਵਿਕਸਤ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਮੋਹਨਲਾਲਗੰਜ ਇਲਾਕੇ ਦੇ ਕਿਸਾਨ ਦਵਿੰਦਰ ਸਿੰਘ ਨੇ ਆਪਣੀ ਨਵੇਕਲੀ ਅਤੇ ਦੂਰਦਰਸ਼ੀ ਸੋਚ ਨਾਲ ਇੱਕ ਅਜਿਹੀ ਕਹਾਣੀ ਪੇਸ਼ ਕੀਤੀ ਹੈ ਜੋ ਸਾਬਤ ਕਰਦੀ ਹੈ ਕਿ ਸੋਚ ਵਿੱਚ ਤਬਦੀਲੀ ਕਿਸੇ ਦੀ ਵੀ ਕਿਸਮਤ ਨੂੰ ਬਦਲ ਸਕਦੀ ਹੈ। ਆਪਣੀ ਇਸੇ ਨਵੀਨਤਾ ਪੱਖੀ ਸੋਚ ਨਾਲ ਇਹ ਪ੍ਰਗਤੀਸ਼ੀਲ ਕਿਸਾਨ ਅੱਜ ਆਧੁਨਿਕ ਅਤੇ ਵਿਗਿਆਨਕ ਖੇਤੀ ਦਾ ਇੱਕ ਸ਼ਕਤੀਸ਼ਾਲੀ ਉਦਾਹਰਣ ਬਣ ਗਿਆ ਹੈ। ਰਵਾਇਤੀ ਖੇਤੀ ਤੋਂ ਪਰੇ ਜਾ ਕੇ, ਇਸ ਕਿਸਾਨ ਨੇ ਤਕਨਾਲੋਜੀ, ਨਵੀਨਤਾ ਅਤੇ ਸਖ਼ਤ ਮਿਹਨਤ ਰਾਹੀਂ ਦਿਖਾਇਆ ਹੈ ਕਿ ਸਹੀ ਦਿਸ਼ਾ ਅਤੇ ਸਮਝ ਨਾਲ ਖੇਤੀ ਕਰਨ 'ਤੇ, ਇਹ ਇੱਕ ਲਾਭਦਾਇਕ ਅਤੇ ਸਤਿਕਾਰਯੋਗ ਕਾਰੋਬਾਰ ਬਣ ਸਕਦਾ ਹੈ। ਦੱਸ ਦੇਈਏ ਕਿ ਮੋਹਨਲਾਲਗੰਜ ਦੇ ਵਸਨੀਕ ਸ. ਦਵਿੰਦਰ ਸਿੰਘ ਅੱਜ ਐਗਰੀਪਲਾਸਟ ਦੀ ਮਦਦ ਨਾਲ ਸਫਲ ਪੋਲੀਹਾਊਸ ਖੇਤੀ ਕਰ ਰਹੇ ਹਨ।
ਦਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਾਲ 2015 ਤੋਂ ਰੰਗੀਨ ਸ਼ਿਮਲਾ ਮਿਰਚ, ਚੁਕੰਦਰ, ਬ੍ਰੋਕਲੀ, ਗ੍ਰੀਨ ਜ਼ੂਕੀਨੀ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਸੀ। ਉਹ ਦੱਸਦੇ ਹਨ ਕਿ ਉਨ੍ਹਾਂ ਨੇ 4 ਏਕੜ ਵਿੱਚ ਪੋਲੀਹਾਊਸ ਰਾਹੀਂ ਆਧੁਨਿਕ ਤਕਨਾਲੋਜੀ ਅਪਣਾਈ ਹੋਈ ਹੈ, ਜਿਸਦਾ ਉਨ੍ਹਾਂ ਨੂੰ ਸਾਲਾਨਾ ਕਾਰੋਬਾਰ 1 ਕਰੋੜ 30 ਲੱਖ ਰੁਪਏ ਤੋਂ ਵੱਧ ਹੋ ਰਿਹਾ ਹੈ। ਕੁੱਲ ਮਿਲਾ ਕੇ, ਉਹ 10 ਏਕੜ ਵਿੱਚ ਹਰੀ ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਗੱਲਬਾਤ ਦੌਰਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਰਾਸ਼ਟਰੀ ਬਾਗਬਾਨੀ ਬੋਰਡ ਯੋਜਨਾ ਦਾ ਲਾਭ ਉਠਾਇਆ ਅਤੇ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਪੋਲੀਹਾਊਸ ਤਿਆਰ ਕੀਤਾ। ਉਨ੍ਹਾਂ ਨੂੰ ਇਸ ਵਿੱਚ 34 ਲੱਖ ਰੁਪਏ ਤੋਂ ਵੱਧ ਦੀ ਸਬਸਿਡੀ ਵੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਤਿੰਨ ਏਕੜ ਵਿੱਚ ਇੱਕ ਪੋਲੀਹਾਊਸ ਬਣਾ ਕੇ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ।
ਕਿਸਾਨ ਦਵਿੰਦਰ ਸਿੰਘ ਨੇ ਖੇਤੀ ਨੂੰ ਸਿਰਫ਼ ਵਿਰਾਸਤ ਵਜੋਂ ਹੀ ਨਹੀਂ ਅਪਣਾਇਆ, ਸਗੋਂ ਇਸਨੂੰ ਇੱਕ ਪੇਸ਼ੇਵਰ ਖੇਤੀ-ਉੱਦਮ ਵਜੋਂ ਵੀ ਵਿਕਸਤ ਕੀਤਾ। ਸਮੇਂ ਦੇ ਨਾਲ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਦਲਦੇ ਮੌਸਮ, ਵਧਦੀਆਂ ਲਾਗਤਾਂ ਅਤੇ ਬਾਜ਼ਾਰ ਦੀਆਂ ਮੰਗਾਂ ਕਾਰਨ ਰਵਾਇਤੀ ਤਰੀਕਿਆਂ ਵਿੱਚ ਬਦਲਾਅ ਦੀ ਲੋੜ ਹੈ। ਇਸੇ ਸੋਚ ਨੇ ਉਨ੍ਹਾਂ ਨੂੰ ਪੌਲੀਹਾਊਸ, ਨੈੱਟ ਹਾਊਸ ਅਤੇ ਤੁਪਕਾ ਸਿੰਚਾਈ ਵਰਗੀਆਂ ਆਧੁਨਿਕ ਤਕਨਾਲੋਜੀਆਂ ਨਾਲ ਜੋੜਿਆ। ਹਾਲਾਂਕਿ, ਦਵਿੰਦਰ ਸਿੰਘ ਲਈ ਇਹ ਸਫ਼ਰ ਆਸਾਨ ਨਹੀਂ ਸੀ, ਪਰ ਉਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਹਾਰ ਨਹੀਂ ਮੰਨੀ, ਹਰ ਮੁਸ਼ਕਲ ਕੰਮ ਨੂੰ ਆਸਾਨ ਬਣਾਇਆ ਅਤੇ ਵੱਡੀ ਸਫਲਤਾ ਪ੍ਰਾਪਤ ਕੀਤੀ।
ਕਿਸਾਨ ਦਵਿੰਦਰ ਸਿੰਘ ਨੇ ਸਮਝਾਇਆ ਕਿ ਆਧੁਨਿਕ ਖੇਤੀ ਦਾ ਰਸਤਾ ਆਸਾਨ ਨਹੀਂ ਸੀ। ਸ਼ੁਰੂ ਵਿੱਚ, ਉਨ੍ਹਾਂ ਨੂੰ ਤਕਨੀਕੀ ਗਿਆਨ ਦੀ ਘਾਟ, ਲਾਗਤ ਦੇ ਦਬਾਅ ਅਤੇ ਕੁਦਰਤੀ ਖ਼ਤਰਿਆਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਦਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਮਾਰਗਦਰਸ਼ਨ, ਵਿਗਿਆਨਕ ਸਲਾਹ ਅਤੇ ਆਪਣੇ ਅਨੁਭਵ ਰਾਹੀਂ ਇਨ੍ਹਾਂ ਚੁਣੌਤੀਆਂ 'ਤੇ ਕਾਬੂ ਪਾਇਆ। ਇਸੇ ਸਬਰ ਅਤੇ ਸਿੱਖਣ ਦੀ ਉਤਸੁਕਤਾ ਨੇ ਅੱਜ ਉਨ੍ਹਾਂ ਨੂੰ ਦੂਜੇ ਕਿਸਾਨਾਂ ਤੋਂ ਵੱਖਰਾ ਬਣਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਕਿਸਾਨਾਂ ਨਾਲ ਇੱਕ ਸਮੂਹ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੇ ਬੀਜਾਂ, ਖਾਦਾਂ ਅਤੇ ਮਾਰਕੀਟਿੰਗ 'ਤੇ 25-30% ਸਬਸਿਡੀ ਅਤੇ ਮੁਨਾਫ਼ਾ ਕਮਾਇਆ।
ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਸ਼ਿਮਲਾ ਮਿਰਚ ਦੀ ਸਪਲਾਈ ਔਨਲਾਈਨ ਅਤੇ ਔਫਲਾਈਨ ਦੋਵਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਸਬਜ਼ੀਆਂ ਲਖਨਊ ਦੇ ਸਥਾਨਕ ਬਾਜ਼ਾਰਾਂ ਵਿੱਚ ਵੀ ਭੇਜੀਆਂ ਜਾਂਦੀਆਂ ਹਨ। ਦਵਿੰਦਰ ਸਿੰਘ ਦੱਸਦੇ ਹਨ ਕਿ ਸ਼ਿਮਲਾ ਮਿਰਚ ਦੀ ਕਾਸ਼ਤ ਇੱਕ ਬਹੁਤ ਵਧੀਆ ਵਿਕਲਪ ਹੈ ਅਤੇ ਇਸ ਸਬਜ਼ੀ ਦੀ ਮੰਗ ਸਾਲ ਭਰ ਬਾਜ਼ਾਰ ਵਿੱਚ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸਹੀ ਕਾਸ਼ਤ ਨਾਲ ਸ਼ਿਮਲਾ ਮਿਰਚ ਦੀ ਫਸਲ ਤੁਹਾਨੂੰ ਵਧੀਆ ਮੁਨਾਫ਼ਾ ਦੇ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਮਲਾ ਮਿਰਚ ਦੀ ਕਾਸ਼ਤ ਹਾੜ੍ਹੀ ਅਤੇ ਸਾਉਣੀ ਦੋਵਾਂ ਮੌਸਮਾਂ ਵਿੱਚ ਕੀਤੀ ਜਾ ਸਕਦੀ ਹੈ, ਯਾਨੀ ਕਿ ਇੱਕ ਕਿਸਾਨ ਪੂਰੇ ਸਾਲ ਵਧੀਆ ਮੁਨਾਫ਼ਾ ਕਮਾ ਸਕਦਾ ਹੈ।
ਦਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਵੱਡੇ ਪੱਧਰ 'ਤੇ ਹਰੀ ਸ਼ਿਮਲਾ ਮਿਰਚ ਅਤੇ ਬੀਜ ਰਹਿਤ ਖੀਰੇ ਵਰਗੀਆਂ ਉੱਚ-ਮੁੱਲ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾਇਆ ਹੈ। ਉਨ੍ਹਾਂ ਨੇ ਤੁਪਕਾ ਸਿੰਚਾਈ ਅਤੇ ਨਿਯੰਤਰਿਤ ਖੇਤੀ ਰਾਹੀਂ ਪਾਣੀ ਦੀ ਬਚਤ ਵੀ ਕੀਤੀ ਹੈ। ਉਹ ਦੱਸਦੇ ਹਨ ਕਿ ਇਸ ਵਿਲੱਖਣ ਤਕਨੀਕ ਨੇ ਉਤਪਾਦਨ ਵਿੱਚ ਵਾਧਾ ਕੀਤਾ ਹੈ ਅਤੇ ਬਾਜ਼ਾਰ ਨੂੰ ਬਿਹਤਰ ਗੁਣਵੱਤਾ ਵਾਲੀ ਉਪਜ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀਆਂ ਫਸਲਾਂ ਨਾ ਸਿਰਫ਼ ਸਥਾਨਕ ਬਾਜ਼ਾਰਾਂ ਵਿੱਚ ਸਗੋਂ ਵੱਡੇ ਖਰੀਦਦਾਰਾਂ ਵਿੱਚ ਵੀ ਇੱਕ ਭਰੋਸੇਯੋਗ ਨਾਮ ਬਣ ਗਈਆਂ ਹਨ।
ਅੱਜ, ਦਵਿੰਦਰ ਸਿੰਘ ਨਾ ਸਿਰਫ਼ ਇੱਕ ਸਫਲ ਕਿਸਾਨ ਹਨ, ਸਗੋਂ ਆਪਣੇ ਖੇਤਰ ਦੇ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਵੀ ਹਨ। ਉਹ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ ਅਤੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਵੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀ ਤਾਂ ਹੀ ਬਚੇਗੀ ਜੇਕਰ ਕਿਸਾਨ ਬਦਲਾਅ ਲਿਆਉਣਗੇ ਅਤੇ ਤਕਨਾਲੋਜੀ ਨੂੰ ਅਪਣਾਉਣਗੇ। ਭਵਿੱਖ ਵਿੱਚ, ਦਵਿੰਦਰ ਸਿੰਘ ਆਪਣੇ ਖੇਤੀ ਕਾਰਜਾਂ ਨੂੰ ਹੋਰ ਵਧਾਉਣਾ ਚਾਹੁੰਦੇ ਹਨ, ਨਾਲ ਹੀ ਮੁੱਲ ਵਾਧਾ, ਫਸਲ ਵਿਭਿੰਨਤਾ, ਅਤੇ ਨੌਜਵਾਨਾਂ ਨੂੰ ਖੇਤੀ ਵਿੱਚ ਸ਼ਾਮਲ ਕਰਨ ਵੱਲ ਕੰਮ ਕਰਨਾ ਚਾਹੁੰਦੇ ਹਨ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲ ਕਿਸਾਨ ਦੀ ਕਹਾਣੀ ਬਾਰੇ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: A strong example of modern-scientific farming: Lucknow farmer Devinder Singh, built a successful business worth crores with Red and Yellow Capsicum