Success Story: ਅਸਲ ਵਿੱਚ ਕਿਸੇ ਵੀ ਦੇਸ਼ ਦੇ ਮਨੁੱਖੀ ਸਰੋਤਾਂ ਨੂੰ ਉਸਾਰੂ ਬਣਾਉਣ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਕੁੱਲ ਆਬਾਦੀ ਵਿੱਚ ਨੌਜਵਾਨਾਂ ਦੀ ਨੁਮਾਇੰਦਗੀ ਜਿੰਨੀ ਜ਼ਿਆਦਾ ਹੋਵੇਗੀ, ਸਮਾਜ ਉਨੀ ਹੀ ਤਰੱਕੀ ਦੇ ਰਾਹ 'ਤੇ ਵਧਦਾ ਹੈ ਕਿਉਂਕਿ ਨੌਜਵਾਨ ਸਮਾਜ ਦਾ ਸਭ ਤੋਂ ਵੱਧ ਸਰਗਰਮ ਅਤੇ ਸਮਰੱਥ ਵਰਗ ਹੈ। ਨੌਜਵਾਨਾਂ ਦੀ ਆਤਮ-ਨਿਰਭਰਤਾ ਦਾ ਸਿੱਧਾ ਸਬੰਧ ਦੇਸ਼ ਦੀ ਖੁਸ਼ਹਾਲੀ ਨਾਲ ਹੈ। ਜੇਕਰ ਕੋਈ ਨੌਜਵਾਨ ਗਲਤ ਰਾਹ ਅਪਣਾ ਲੈਂਦਾ ਹੈ ਤਾਂ ਉਹ ਪੂਰੇ ਸਮਾਜ ਲਈ ਸਮੱਸਿਆ ਬਣ ਜਾਂਦਾ ਹੈ। ਇਸ ਲਈ ਨੌਜਵਾਨਾਂ ਨੂੰ ਮਿਆਰੀ ਸਿੱਖਿਆ, ਚੰਗੇ ਹੁਨਰ ਅਤੇ ਟਿਕਾਊ ਰੁਜ਼ਗਾਰ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਬਣ ਗਈ ਹੈ। ਜੇਕਰ ਖੇਤੀਬਾੜੀ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ ਅਤੇ ਇੱਥੇ ਨੌਜਵਾਨ ਆਪਣੀ ਕਾਢ ਰਾਹੀਂ ਨਾ ਸਿਰਫ਼ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ ਸਗੋਂ ਦੇਸ਼ ਦੀ ਦਸ਼ਾ ਅਤੇ ਦਿਸ਼ਾ ਵੀ ਤੈਅ ਕਰ ਸਕਦੇ ਹਨ।
ਪਰ ਅਜੋਕੇ ਸਮੇਂ ਵਿੱਚ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਖੇਤੀਬਾੜੀ ਤੋਂ ਮੂੰਹ ਮੋੜ ਕੇ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੀ ਹੈ। ਬੇਸ਼ੱਕ ਭਾਰਤ ਦਾ ਇਹ ਅਕਸ ਬਦਲ ਸਕਦਾ ਹੈ, ਪਰ ਸਮੱਸਿਆ ਸਿਰਫ ਇਹ ਹੈ ਕਿ ਅੱਜ ਕਿਸਾਨ ਦਾ ਪੁੱਤਰ ਕਿਸਾਨ ਨਹੀਂ ਬਣਨਾ ਚਾਹੁੰਦਾ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਅਜਿਹੀ ਧੀ ਨਾਲ ਮਿਲਾਉਣ ਜਾ ਰਹੇ ਹਾਂ, ਜੋ ਖੇਤੀ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ।
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਕਨੋਈ ਦੀ 21 ਸਾਲਾ ਨੌਜਵਾਨ ਕੁੜੀ ਅਮਨਦੀਪ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀ ਨੂੰ ਨਵੀਂ ਸੇਧ ਦੇਣ ‘ਚ ਜੁਟੀ ਹੋਈ ਹੈ। ਅਮਨਦੀਪ ਕੌਰ ਨੇ ਖੇਤੀਬਾੜੀ ਵਿੱਚ ਹੱਥੀਂ ਕੰਮ ਕਰਨ ਦੀ ਅਜਿਹੀ ਮਿਸਾਲ ਸਿਰਜੀ ਹੈ ਜਿਸ ਨਾਲ ਉਹ ਨਾ ਸਿਰਫ ਹੋਰਨਾਂ ਕੁੜੀਆਂ ਲਈ ਮਾਰਗ ਦਰਸ਼ਕ ਬਣ ਕੇ ਉਭਰੀ ਹੈ, ਸਗੋਂ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਵੀ ਇੱਕ ਵਧੀਆ ਮਿਸਾਲ ਪੇਸ਼ ਕੀਤੀ ਹੈ ਜੋ ਆਪਣੇ ਖੇਤਾਂ ‘ਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ ‘ਚ ਜਾ ਕੇ ਮਜ਼ਦੂਰੀ ਕਰ ਰਹੇ ਹਨ।
ਖੇਤੀ ਵਿੱਚ ਦੇਖਿਆ ਭਵਿੱਖ
ਅਮਨਦੀਪ ਕੌਰ ਆਪਣੇ ਪਿਤਾ ਸ. ਹਰਮਿਲਾਪ ਸਿੰਘ ਤੂਰ ਦੇ ਨਾਲ 37 ਏਕੜ ਜ਼ਮੀਨ ਵਿੱਚ ਖੇਤੀ ਕਰਦੀ ਹੈ। ਉਸ ਦਾ ਵੱਡਾ ਭਰਾ ਚੰਡੀਗੜ੍ਹ ਵਿਖੇ ਪੜਾਈ ਕਰਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ। ਅਮਨਦੀਪ ਕੌਰ ਖਾਲਸਾ ਕਾਲਜ, ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ। ਪਰ ਇਸ ਤੋਂ ਪਹਿਲਾਂ ਜਦੋਂ ਉਸ ਨੇ 12ਵੀਂ ਜਮਾਤ ਪਾਸ ਕੀਤੀ ਤਾਂ ਉਸ ਮੌਕੇ ਆਈਲਟਸ ਵਿਚੋਂ 6.5 ਬੈਂਡ ਲੈ ਕੇ ਉਸ ਨੇ ਵਿਦੇਸ਼ ਜਾਣ ਦੀ ਤਿਆਰੀ ਕੀਤੀ ਸੀ। ਉਸ ਮੌਕੇ ਉਸ ਦਾ ਆਫਰ ਲੈਟਰ ਵੀ ਆ ਗਿਆ ਸੀ ਅਤੇ ਮੈਡੀਕਲ ਸਮੇਤ ਹੋਰ ਕਾਰਵਾਈਆਂ ਵੀ ਮੁਕੰਮਲ ਹੋ ਗਈਆਂ ਸਨ। ਪਰ ਐਨ ਮੌਕੇ ਉਸ ਨੇ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਆਪਣਾ ਇਰਾਦਾ ਬਦਲ ਲਿਆ ਕਿਉਂਕਿ ਉਸ ਨੂੰ ਲੱਗਿਆ ਕਿ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਪਿਤਾ ਖੇਤੀ ਵਿੱਚ ਇਕੱਲੇ ਰਹਿ ਜਾਣਗੇ। ਹੁਣ ਜਿੱਥੇ ਉਹ ਆਪਣੀ ਪੜ੍ਹਾਈ ਕਰ ਰਹੀ ਹੈ ਉੱਥੇ ਨਾਲ ਹੀ ਆਪਣੇ ਪਿਤਾ ਨਾਲ ਪੁੱਤਰ ਦੀ ਤਰ੍ਹਾਂ ਕੰਮ ਕਰਕੇ ਆਪਣੀ ਮਾਂ-ਭੂਮੀ ਅਤੇ ਪਰਿਵਾਰ ਦੀ ਸੇਵਾ ਦਾ ਆਨੰਦ ਵੀ ਮਾਣ ਰਹੀ ਹੈ।
ਖੇਤੀਬਾੜੀ ਦਾ ਸਫਰ
ਅਮਨਦੀਪ ਨੇ ਲਗਭਗ ਤਿੰਨ ਸਾਲ ਪਹਿਲਾਂ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਕਾਫੀ ਸਾਰਾ ਕੰਮ ਕਰਨਾ ਸਿੱਖ ਚੁੱਕੀ ਹੈ ਅਤੇ ਖੁਦ ਟਰੈਕਟਰ ਚਲਾ ਕੇ ਖੇਤੀ ਦਾ ਸਾਰਾ ਕੰਮ ਕਰ ਲੈਂਦੀ ਹੈ। ਉਹ ਤਵੀਆਂ ਅਤੇ ਹਲਾਂ ਨਾਲ ਖੇਤਾਂ ਦੀ ਵਾਹੀ ਕਰ ਲੈਂਦੀ ਹੈ ਅਤੇ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ ਅਤੇ ਡੀ.ਐਸ.ਆਰ ਮਸ਼ੀਨ ਵੀ ਚਲਾ ਲੈਂਦੀ ਹੈ। ਇਸ ਤੋਂ ਇਲਾਵਾ ਉਹ ਪਸ਼ੂਆਂ ਲਈ ਸੰਨ੍ਹੀ ਰਲਾ ਲੈਂਦੀ ਹੈ ਅਤੇ ਧਾਰਾਂ ਵੀ ਕੱਢ ਲੈਂਦੀ ਹੈ। ਅਮਨਦੀਪ ਦਾ ਮੰਨਣਾ ਹੈ ਕਿ ਹੁਣ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਵਾਤਾਵਰਣ ਪ੍ਰਦੂਸ਼ਣ ਸਮੇਤ ਖੇਤੀਬਾੜੀ ਨੂੰ ਹੋਰ ਕਈ ਚੁਣੌਤੀਆਂ ਦਰਪੇਸ਼ ਆ ਰਹੀਆਂ ਹਨ ਤਾਂ ਖੇਤੀਬਾੜੀ ‘ਚ ਆਧੁਨਿਕ ਤਕਨੀਕਾਂ ਅਪਨਾਉਣਾ ਸਮੇਂ ਦੀ ਮੁੱਖ ਲੌੜ ਹੈ। ਜਿਸ ਲਈ ਉਹ ਆਪਣੇ ਪਿਤਾ ਦੀ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਦੇ ਮਾਹਿਰਾਂ ਨਾਲ ਜੁੜੀ ਹੋਈ ਹੈ। ਉਸ ਦੀ ਪ੍ਰੇਰਣਾ ਸਦਕਾ ਹੀ ਉਸ ਦੇ ਪਰਿਵਾਰ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਉਣੀ ਛੱਡ ਦਿੱਤੀ ਹੈ। ਉਨ੍ਹਾਂ ਨੇ ਪਿਛਲੇ ਸੀਜ਼ਨ ‘ਚ ਰੀਪਰ ਅਤੇ ਸਪ੍ਰੈਡਰ ਮਾਰ ਕੇ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਅਤੇ ਬਾਅਦ ‘ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਦਿੱਤੀ। ਜਿਸ ਤੋਂ ਉਨ੍ਹਾਂ ਨੂੰ 20 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਦੀ ਪੈਦਾਵਾਰ ਪ੍ਰਾਪਤ ਹੋਈ।
ਇਹ ਵੀ ਪੜ੍ਹੋ: Female Farmer ਸੁਰਜੀਤ ਕੌਰ ਨੇ YouTube ਅਤੇ Social Media ਰਾਹੀਂ ਸ਼ੁਰੂ ਕੀਤੀ Natural Farming, ਅੱਜ ਹੋਰਨਾਂ ਕਿਸਾਨ ਬੀਬੀਆਂ ਲਈ ਬਣੀ Inspiration
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ
ਅਮਨਦੀਪ ਦੀ ਪ੍ਰੇਰਣਾ ਸਦਕਾ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਸੇਖਵਾਂ ਵਿਖੇ ਰਹਿ ਰਹੇ ਉਸ ਦੇ ਨਾਨਕਾ ਪਰਿਵਾਰ ਨੇ ਵੀ ਲਗਭਗ 25 ਏਕੜ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਅਤੇ 21 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਦਾ ਝਾੜ ਪ੍ਰਾਪਤ ਕੀਤਾ। ਅਮਨਦੀਪ ਨੇ ਆਪਣੇ ਪਿਤਾ ਅਤੇ ਮਾਮੇ ਦੇ ਨਾਲ ਖੁਦ ਹੈਪੀ ਸੀਡਰ ਚਲਾ ਕੇ ਕਣਕ ਦੀ ਬਿਜਾਈ ਕੀਤੀ। ਇਸ ਸਾਲ ਉਨ੍ਹਾਂ ਦੇ ਪਰਿਵਾਰ ਵਲੋਂ ਕੁੱਲ 36 ਏਕੜ ਝੋਨਾ ਲਾਇਆ ਗਿਆ ਹੈ, ਜਿਸ ਵਿੱਚੋਂ 8 ਏਕੜ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਕੀਤੀ ਹੈ। ਉਸ ਦੇ ਪਿਤਾ ਦੇ ਦੋਸਤ ਸ. ਜਗਦੀਪ ਸਿੰਘ ਕਨੋਈ ਵਲੋਂ ਹੈਪੀ ਸੀਡਰ ‘ਚ ਤਬਦੀਲੀ ਕਰਕੇ ਸਿੱਧਾ ਝੋਨਾ ਬੀਜਣ ਲਈ ਤਿਆਰ ਕੀਤੀ ਮਸ਼ੀਨ ਨੂੰ ਅਮਨਦੀਪ ਨੇ ਖੁਦ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਹ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ‘ਚ ਉਹ ਹੋਰ ਜ਼ਿਆਦਾ ਰਕਬਾ ਇਸ ਤਕਨੀਕ ਹੇਠ ਲਿਆਉਣਗੇ।
ਭਵਿੱਖ ਲਈ ਯੋਜਨਾ
ਅਮਨਦੀਪ ਦੇ ਪਿਤਾ ਵੀ ਸਖਤ ਮਿਹਨਤ ਕਰਦੇ ਹਨ ਅਤੇ ਉਨਾਂ ਨੇ ਕਰੀਬ 5 ਦੁਧਾਰੂ ਪਸ਼ੂ ਵੀ ਰੱਖੇ ਹੋਏ ਹਨ। ਉਨ੍ਹਾਂ ਨੇ ਦੁੱਧ ਕਦੀ ਵੀ ਮੁੱਲ ਨਹੀਂ ਲਿਆ। ਇਸ ਤਰ੍ਹਾਂ ਉਹ 37 ਏਕੜ ਰਕਬੇ ‘ਚੋਂ ਕਰੀਬ ਇਕ ਏਕੜ ਰਕਬੇ ਵਿਚ ਹਰਾ ਚਾਰਾ ਬੀਜਦੇ ਹਨ ਅਤੇ ਕੁਝ ਰਕਬੇ ਵਿੱਚ ਘਰੇਲੂ ਬਗੀਚੀ ਬਣਾਈ ਹੋਈ ਹੈ। ਜਿਸ ਵਿਚ ਤਿਆਰ ਕੀਤੀਆਂ ਸਬਜ਼ੀਆਂ ਉਹ ਘਰ ਵਿੱਚ ਹੀ ਵਰਤਦੇ ਹਨ। ਬਾਕੀ ਦੇ ਖੇਤਾਂ ‘ਚ ਕਣਕ-ਝੋਨਾ/ਬਾਸਮਤੀ ਦੀ ਕਾਸ਼ਤ ਕਰਦੇ ਹਨ। ਭਵਿੱਖ ਵਿੱਚ ਉਹ ਆਪਣੇ ਪਿਤਾ ਨਾਲ ਮਿਲ ਕੇ ਇੱਕ ਏਕੜ ਰਕਬੇ ਵਿੱਚ ਜੈਵਿਕ ਖੇਤੀ ਦਾ ਮਾਡਲ ਅਪਨਾਉਣਾ ਚਾਹੁੰਦੀ ਹੈ। ਜਿਸ ਲਈ ਉਨ੍ਹਾਂ ਨੇ ਲੋੜੀਂਦੀ ਵਿਉਂਤਬੰਦੀ ਅਤੇ ਜਾਣਕਾਰੀ ਇੱਕਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਚੈਨਲਾਂ ਵੱਲੋਂ ਉਸ ਦੀ ਇੰਟਰਵਿਊ ਰਿਕਾਰਡ ਕਰਕੇ ਸ਼ੋਸ਼ਲ ਮੀਡੀਆ ‘ਤੇ ਅਪਲੋਡ ਵੀ ਕੀਤੀ ਗਈ ਹੈ ਤਾਂ ਜੋ ਹੋਰ ਨੋਜਵਾਨ ਲੜਕੇ-ਲੜਕੀਆਂ ਵੀ ਖੇਤੀਬਾੜੀ ਵਿੱਚ ਆਪਣੇ ਮਾਪਿਆਂ ਦਾ ਹੱਥ ਵਟਾਉਣ ਲਈ ਅੱਗੇ ਵਧਣ।
ਅਮਨਦੀਪ ਕੌਰ ਵੱਲੋਂ ਸੰਦੇਸ਼
ਅਮਨਦੀਪ ਦਾ ਕਹਿਣਾ ਹੈ ਕਿ ਅੱਜ ਆਧੁਨਿਕ ਖੇਤੀ ਦਾ ਸਮਾਂ ਹੈ। ਇਸ ਲਈ ਨੋਜਵਾਨ ਪੀੜ੍ਹੀ ਨੂੰ ਪੂਰੀ ਸ਼ਿੱਦਤ ਨਾਲ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ, ਤਾਂ ਕਿ ਖੇਤੀ ਲਾਗਤ ਨੂੰ ਘੱਟ ਕਰਕੇ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ। ਉਹ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਹੱਥੀਂ ਕੰਮ ਕਰਨ ਨੂੰ ਤਰਜ਼ੀਹ ਦੇਣ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਲਈ ਯੋਗ ਉਪਰਾਲੇ ਕਰਨ।
Summary in English: Amandeep Kaur, the leading farmer of district Sangrur, is a guide for the youth, the daughter of Punjab is an example of manual labor in agriculture.