ਸਮੇਂ ਦੀ ਲੋੜ ਅਨੁਸਾਰ ਅੱਜਕਲ੍ਹ ਕਿਸਾਨ ਵੀਰਾਂ ਦੇ ਨਾਲ-ਨਾਲ ਬੀਬੀਆਂ ਵੀ ਕਮਾਈ ਦੇ ਸਾਧਨ ਅਪਨਾਉਣ ਪ੍ਰਤੀ ਥੋੜ੍ਹਾ ਜਾਗਰੁਕ ਹੋਈਆਂ ਹਨ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਬੀਬੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਬਹੁ-ਕਿੱਤੇ ਅਪਨਾਉਣ ਤੋਂ ਬਾਅਦ ਘਰ ਬੈਠਿਆਂ ਚੰਗੀ ਕਮਾਈ ਕਰ ਰਹੀ ਹੈ।
ਕਿੱਤਾ-ਮੁਖੀ ਸਿਖਲਾਈ ਲੈਣ ਨਾਲ ਜਿੱਥੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪੈਂਦੀ ਹੈ, ਉੱਥੇ ਹੀ ਪਰਿਵਾਰ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਆਤਮ-ਨਿਰਭਰਤਾ ਨੂੰ ਵੀ ਸਹਾਰਾ ਮਿਲਦਾ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਆਮਦਨ ਵਿੱਚ ਬਣਦਾ ਯੋਗਦਾਨ ਪਾਉਣ ਲਈ ਪੀ.ਏ.ਯੂ., ਲੁਧਿਆਣਾ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇ.ਵੀ.ਕੇ.) ਵੱਲਰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦੁਆਰਾ ਮੁਫ਼ਤ ਸਿਖਲਾਈ ਦੇਣ ਦੇ ਯਰਗ ਉਪਰਾਲੇ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਬੀਬੀਆਂ ਇੰਨ੍ਹਾ ਅਦਾਰਿਆਂ ਨਾਲ ਜੁੜ ਕੇ ਸਫ਼ਲਤਾ ਹਾਸਿਲ ਕਰ ਚੁੱਕੀਆਂ ਹਨ। ਆਓ ਇੰਨ੍ਹਾਂ ਵਿੱਚੋਂ ਹੀ ਇੱਕ ਸਫ਼ਲ ਬੀਬੀ ਵੀਰਪਾਲ ਕੋਰ ਬਾਰੇ ਗੱਲ ਕਰਦੇ ਹਾਂ, ਜੋ ਹੋਰਾਂ ਲਈ ਮਿਸਾਲ ਬਣੀ ਹੋਈ ਹੈ।
ਬੀਬੀ ਵੀਰਪਾਲ ਕੌਰ ਮੈਟ੍ਰਿਕ ਪਾਸ ਹਨ ਅਤੇ ਮੱਧ-ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇੱਕ ਦਿਨ ਇਨ੍ਹਾਂ ਦੀ ਮੁਲਾਕਾਤ ਬੱਸ ਵਿੱਚ ਸਫ਼ਰ ਕਰਦੀ ਇੱਕ ਕੇ.ਵੀ.ਕੇ., ਬਠਿੰਡਾ ਵਿਖੇ ਸਿਖਲਾਈ ਲੈਣ ਜਾਂਦੀ ਲੜਕੀ ਨਾਲ ਹੋਈ, ਜਿਸ ਤੋਂ ਇਨ੍ਹਾਂ ਨੂੰ ਗ੍ਰਹਿ ਵਿਗਿਆਨ ਕੋਰਸਾਂ ਬਾਰੇ ਪਤਾ ਲੱਗਿਆ। ਇਨ੍ਹਾਂ ਦੀ ਪਿੰਡ ਵਿੱਚ ਪਹਿਲਾਂ ਤੋਂ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਅਤੇ ਉਹ ਆਪਣੀ ਆਮਦਨ ਨੂੰ ਹੋਰ ਵਧਾਉਣਾ ਚਾਹੁੰਦੀ ਸੀ। ਉਸਦੀ ਬੱਸ ਸਵਾਰ ਸਾਥਣ ਨੇ ਉਸਦੀ ਇਸ ਸੋਚ ਲਈ ਰਾਹ ਖੋਲ੍ਹ ਦਿੱਤਾ।
ਕੇ.ਵੀ.ਕੇ. ਬਠਿੰਡਾ ਤੋਂ ਲਿੱਤੀ ਸਿਖਲਾਈ
ਬੀਬੀ ਵੀਰਪਾਲ ਨੇ ਕੇ.ਵੀ.ਕੇ, ਬਠਿੰਡਾ ਤੋਂ ਇੱਕ ਹਫ਼ਤੇ ਦੀ ਕੱਪੜਿਆਂ ਦੀ ਰੰਗਾਈ ਅਤੇ ਬਾਂਧਨੀ ਕਲਾ ਸਬੰਧੀ ਸਿਖਲਾਈ ਲੈਣ ਉਪਰੰਤ ਉਸੇ ਛੋਟੀ ਜਿਹੀ ਦੁਕਾਨ ਵਿੱਚ ਦੁਪੱਟੇ, ਪੱਗਾਂ, ਸੂਟ, ਕੁਸ਼ਨ ਕਵਰ ਆਦਿ ਰੰਗਣ ਦਾ ਕਿੱਤਾ ਅਪਨਾ ਲਿਆ। ਬੀਬੀ ਵੀਰਪਾਲ ਨੇ ਸਾਲ 2015 ਵਿੱਚ ਕੇ.ਵੀ.ਕੇ. ਵਿਖੇ ਰੰਗਾਈ ਸਬੰਧੀ ਸਿਖਲਾਈ ਲੈਣ ਆਈਆਂ ਬੀਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੂੰ ਇੱਕ ਰੰਗਾ ਦੁਪੱਟਾ ਰੰਗਣ ਦੇ 30 ਰੁਪਏ, ਦੋ ਰੰਗੇ ਦੇ ਦੁੱਗਣੇ ਯਾਨਿ 60 ਰੁਪਏ, ਤਿੰਨ ਰੰਗੇ ਦੁਪੱਟੇ ਦੇ ਡਿਜ਼ਾਇਨ ਮੁਤਾਬਿਕ 90 ਤੋਂ 150 ਰੁਪਏ ਪ੍ਰਤੀ ਦੁਪੱਟਾ ਤੱਕ ਸਹਿਜੇ ਹੀ ਮਿਲ ਜਾਂਦੇ ਹਨ, ਜਦੋਂ ਕਿ ਖਰਚ ਔਸਤਨ 5 ਰੁਪਏ ਪ੍ਰਤੀ ਦੁਪੱਟਾ ਤੋਂ ਵੱਧ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਇਸ ਕੰਮ ਤੋਂ ਉਸ ਨੂੰ 4000 ਰੁਪਏੇ/ ਮਹੀਨਾ ਆਮਦਨ ਹੋ ਜਾਂਦੀ ਹੈ।
ਬਹੁ-ਕਿੱਤੇ ਅਪਨਾਉਣ ਵਾਲੀ ਬੀਬੀ ਵੀਰਪਾਲ ਕੌਰ
-ਬੀਬੀ ਵੀਰਪਾਲ ਦੀ ਕੰਮ ਪ੍ਰਤੀ ਰੁਚੀ ਹੋਰ ਵਧੀ ਅਤੇ ਉਸਨੇ ਜਨਵਰੀ 2017 ਵਿੱਚ ਇੱਕ ਹਫ਼ਤੇ ਦੀ ਫ਼ਲ ਅਤੇ ਸਬਜ਼ੀਆਂ ਤੋਂ ਆਚਾਰ, ਚਟਣੀ, ਸੁਕਾਇਸ਼, ਮਰੱਬੇ ਜੈਮ ਅਤੇ ਦੁੱਧ ਤੋਂ ਉਤਪਾਦ ਬਣਾਉਣ ਸਬੰਧੀ ਸਿਖਲਾਈ ਲਈ।
-ਗਰਮੀਆਂ ਦੇ ਮੌਸਮ ਦੇ ਫ਼ਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਜੂਨ 2017 ਵਿੱਚ ਫਿਰ ਉਸਨੇ ਕੇ.ਵੀ.ਕੇ, ਬਠਿੰਡਾ ਪਹੁੰਚ ਕੇ ਇੱਕ ਹਫ਼ਤੇ ਦੀ ਸਿਖਲਾਈ ਲਈ।
-ਅਚਾਰ, ਚਟਣੀ, ਸੁਕਾਇਸ਼, ਮਰੁੱਬੇ, ਗਜਰੇਲਾ ਆਦਿ ਬਣਾਉਣ ਦੀ ਪੂਰੀ ਮਾਹਿਰ ਹੋ ਗਈ ਅਤੇ ਉਸਨੇ ਇੰਨ੍ਹਾਂ ਪ੍ਰੋਡਕਟਸ ਨੂੰ ਵੀ ਆਪਣੀ ਦੁਕਾਨ ਤੇ ਵੇਚਣ ਅਤੇ ਚਾਹਵਾਨ ਬੀਬੀਆਂ ਨੂੰ ਆਪਣੇ ਪਿੰਡ ਵਿੱਚ ਹੀ ਸਿਖਲਾਈ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ।
-ਇਸ ਤਰ੍ਹਾਂ ਉਸਦੀ ਕਮਾਈ ਵਿੱਚ 3000 ਤੋਂ 4000 ਰੁਪਏ ਪ੍ਰਤੀ ਮਹੀਨਾ ਹੋਰ ਵਾਧਾ ਹੋ ਗਿਆ।
-ਫਿਰ ਜੁਲਾਈ 2017 ਵਿੱਚ ਉਸਨੇ ਫੈਬਰਿਕ ਪੇਂਟਿੰਗ ਸਬੰਧੀ ਦਸ ਦਿਨਾਂ ਸਿਖਲਾਈ ਕੋਰਸ ਵਿੱਚ ਭਾਗ ਲਿਆ। ਹੁਣ ਜਦੋਂ ਉਸਨੂੰ ਆਪਣੇ ਕੰਮ ਤੋਂ ਥੋੜ੍ਹੀ ਵੀ ਫੁਰਸਤ ਮਿਲਦੀ ਹੈ ਤਾਂ ਉਹ ਪੇਂਟਿੰਗ, ਬਲਾਕ ਪੇਂਟਿੰਗ ਆਦਿ ਵੀ ਕਰਦੀ ਹੈ।
-ਬੀਬੀ ਵੀਰਪਾਲ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਪੇਂਟਿੰਗ ਦਾ ਕੰਮ ਵੀ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਹੁਣ ਉਸਨੇ ਰੈਡੀਮੈਡ ਕੱਪੜੇ, ਦੁਪੱਟੇ, ਆਦਿ ਵੀ ਦੁਕਾਨ ਤੇ ਰੱਖ ਲਏ ਹਨ ਤੇ ਇੰਨ੍ਹਾਂ ਦੀ ਵੀ ਵਧੀਆ ਸੇਲ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਕਿਸਾਨ ਪਰਿਵਾਰ ਬਣਿਆ ਮਿਸਾਲ! ਏਅਰ ਕੰਡੀਸ਼ਨਡ ਫਾਰਮ ਰਾਹੀਂ ਖੱਟਿਆ ਚੰਗਾ ਮੁਨਾਫ਼ਾ!
ਵੀਰਪਾਲ ਦਾ ਕਹਿਣਾ ਹੈ ਕਿ ਪਹਿਲਾਂ ਜਦੋਂ ਗਾਹਕ ਦੁਕਾਨ ਤੇ ਨਹੀਂ ਸੀ ਹੁੰਦਾ ਤਾਂ ਉਸਨੂੰ ਖਾਲੀ ਬਹਿਣਾ ਪੈਂਦਾ ਸੀ ਪਰ ਕੇ.ਵੀ.ਕੇ ਬਠਿੰਡਾ ਨਾਲ ਜੁੜ ਕੇ ਉਹ ਆਪਣੀ ਮਨੋ-ਇੱਛਾ ਅਨੁਸਾਰ ਸਦਾ ਕੰਮ `ਚ ਰੁੱਝੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਉਹ 12,000 ਰੁਪਏ ਪ੍ਰਤੀ ਮਹੀਨਾ ਕਮਾ ਲੈਂਦੀ ਹੈ। ਉਹ ਆਪਣੀ ਇਸ ਸਫ਼ਲਤਾ ਤੋਂ ਬਹੁਤ ਸੰਤੁਸ਼ਟ ਹੈ ਅਤੇ ਇਸ ਦਾ ਸਿਹਰਾ ਕੇ.ਵੀ.ਕੇ ਬਠਿੰਡਾ ਨੂੰ ਦਿੰਦੀ ਹੈ।
ਸੋ ਅੰਤ ਵਿੱਚ ਬੀਬੀਆਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਵੀ ਵੀਰਪਾਲ ਦੀ ਤਰ੍ਹਾਂ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕਰਨ ਬਾਰੇ ਸੋਚ ਰਹੀਆਂ ਹਨ, ਤਾਂ ਉਹ ਆਪਣੇ ਜਾਂ ਆਪਣੇ ਨੇੜੇ ਲਗਦੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰਕੇ ਕਿੱਤਾ ਮੁਖੀ ਸਿਖਲਾਈ ਲੈਣ ਲਈ ਆਪਣਾ ਨਾਮ ਦਰਜ ਕਰਾ ਸਕਦੀਆਂ ਹਨ।
Summary in English: An example of a multi-occupational woman! Is earning while sitting at home!