Success Story: ਅਤਿੰਦਰ ਪਾਲ ਸਿੰਘ ਪੁੱਤਰ ਸ. ਸਰਬਜੀਤ ਸਿੰਘ, ਪਿੰਡ ਕੱਟੂ, ਜ਼ਿਲ੍ਹਾ ਬਰਨਾਲਾ, ਖੇਤੀ ਦੀ ਉੱਚ ਪੱਧਰੀ ਪੜ੍ਹਾਈ ਕਰਨ ਤੋਂ ਬਾਅਦ ਖੇਤੀ ਨੂੰ ਕਿੱਤੇ ਵਜੋਂ ਅਪਣਾਉਣ ਵਾਲਾ ਅਗਾਂਹਵਧੂ ਨੌਜਵਾਨ ਕਿਸਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਫਸਲ ਵਿਗਿਆਨ ਦੇ ਵਿਸ਼ੇ ਵਿੱਚ ਐੱਮ. ਐੱਸ. ਸੀ. ਕਰਨ ਤੋਂ ਬਾਅਦ ਅਤਿੰਦਰਪਾਲ ਸਿੰਘ ਨੇ ਖੇਤ ਤੋਂ ਰਸੋਈ ਤੱਕ ਦੇ ਫਲਸਫੇ ਨੂੰ ਅਪਣਾਇਆ ਅਤੇ ਬਿਨ੍ਹਾਂ ਕੀਟਨਾਸ਼ਕ ਵਰਤੇ, ਹਲਦੀ ਦੀ ਕਾਸ਼ਤ ਸ਼ੁਰੂ ਕੀਤੀ।
ਤੁਹਾਨੂੰ ਦਸ ਦੇਈਏ ਕਿ ਅਤਿੰਦਰ ਪਾਲ ਸਿੰਘ ਨੇ ਫਸਲ ਦੇ ਵਿੱਚ ਕੀੜਿਆਂ ਅਤੇ ਬਿਮਾਰੀ ਦੇ ਹਮਲੇ ਨਾਲ ਨਜਿੱਠਣ ਲਈ ਫ਼ਸਲੀ ਚੱਕਰ ਬਦਲਣ ਦਾ ਸਹਾਰਾ ਲਿਆ। ਆਪਣੀ ਵਿਗਿਆਨਕ ਪੜ੍ਹਾਈ ਦੇ ਸਦਕਾ ਅਤਿੰਦਰਪਾਲ ਨਵੇਂ-ਨਵੇਂ ਤਜਰਬੇ ਕਰਦਾ ਰਹਿੰਦਾ ਹੈ, ਜਿਵੇਂ ਕਿ ਵੱਖ-ਵੱਖ ਫ਼ਸਲੀ ਚੱਕਰਾਂ ਨੂੰ ਅਪਣਾਉਣਾ, ਖੜ੍ਹੀ ਹਲਦੀ ਦੀ ਫ਼ਸਲ ਵਿੱਚ ਅੰਤਰ-ਫਸਲਾਂ ਬੀਜਣ ਦਾ ਤਜਰਬਾ ਆਦਿ। ਸਿਰਫ਼ ਦੋ ਏਕੜ ਤੋਂ ਸ਼ੁਰੂਆਤ ਕਰਕੇ, ਅਤਿੰਦਰ ਪਾਲ ਸਿੰਘ ਹੁਣ 9 ਏਕੜ ਵਿੱਚ ਹਲਦੀ ਦੀ ਸਫਲਤਾਪੂਰਵਕ ਕਾਸ਼ਤ ਕਰ ਰਿਹਾ ਹੈ। ਪਰ ਉਸ ਦਾ ਕੰਮ ਸਿਰਫ ਹਲਦੀ ਨੂੰ ਪੈਦਾ ਕਰ ਕੇ ਥੋਕ ਮੰਡੀ ਵਿੱਚ ਵੇਚਣਾ ਨਾ ਹੋ ਕੇ, ਪ੍ਰੋਸੈਸਿੰਗ ਕਰ ਕੇ ਸਿੱਧਾ ਗਾਹਕ ਨੂੰ ਵੇਚਣਾ ਹੈ।
ਕਿਸਾਨ ਦਾ ਦੱਸਣਾ ਹੈ ਕਿ ਸ਼ੁਰੂਆਤ ਦੇ ਸਮੇਂ ਜਰੂਰ ਉਸ ਨੂੰ ਪਿੰਡ-ਪਿੰਡ ਜਾ ਕੇ ਹਲਦੀ ਵੇਚਣੀ ਪੈਂਦੀ ਸੀ। ਪਰ ਹੁਣ ਉਸ ਦੇ ਘਰ ਤੋਂ ਹੀ ਸਭ ਹਲਦੀ ਵਿੱਕ ਜਾਂਦੀ ਹੈ, ਅਤੇ ਉਸ ਵੱਲੋਂ ਆਪਣੀ ਹਲਦੀ ਨੂੰ ਕੈਨੇਡਾ ਵੀ ਵੇਚਿਆ ਜਾ ਰਿਹਾ ਹੈ। ਅਤਿੰਦਰਪਾਲ ਸਿੰਘ ਮੁਤਾਬਿਕ ਇਸ ਫ਼ਸਲ ਵਿੱਚੋਂ ਉਸ ਨੂੰ 1,25,000 ਤੋਂ ਲੈ ਕੇ 1,50,000 ਰੁਪਏ ਪ੍ਰਤੀ ਏਕੜ ਤੱਕ ਦੀ ਬੱਚਤ ਹੋ ਜਾਂਦੀ ਹੈ, ਜੋ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਹੋਣ ਵਾਲੀ ਆਮਦਨ ਨਾਲੋਂ ਤਕਰੀਬਨ ਦੁੱਗਣੀ ਹੈ।
ਹਲਦੀ ਤੌਂ ਬਾਅਦ ਗਰਮ ਰੁੱਤ ਦੀ ਮੂੰਗੀ ਬੀਜ ਕੇ 25,000 ਤੋਂ ਲੈ ਕੇ 30,000 ਰੁਪਏ ਪ੍ਰਤੀ ਏਕੜ ਤੱਕ ਦੀ ਬੱਚਤ ਵੀ ਹੋ ਜਾਂਦੀ ਹੈ। ਅਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਖੇਤੀ ਅਤੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ ਅਤੇ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਚਾਹੀਦੀ ਹੈ, ਤਾਂ ਜੋ ਉਹਨਾਂ ਦੀ ਆਮਦਨ ਵਿੱਚ ਵਾਧਾ ਵੀ ਹੋਵੇ ਅਤੇ ਉਹ ਰੋਜ਼ਗਾਰ ਭਾਲਣ ਦੀ ਥਾਂ ਰੋਜ਼ਗਾਰ ਦੇਣ ਵਾਲੇ ਬਣ ਸਕਣ।
ਇਹ ਵੀ ਪੜ੍ਹੋ : ਇਸ ਅਗਾਂਹਵਧੂ ਕਿਸਾਨ ਨੇ ਖਾਦਾਂ ਦਾ ਖਰਚਾ ਅੱਧਾ ਕਰਨ ਦਾ ਦੱਸਿਆ ਤਰੀਕਾ, ਬਣਿਆ ਕਿਸਾਨਾਂ ਲਈ ਮਿਸਾਲ
ਅਤਿੰਦਰਪਾਲ ਸਿੰਘ ਆਪਣੇ ਖੇਤ ਵਿੱਚ 2 ਪੱਕੇ ਕਾਮਿਆਂ ਨੂੰ ਸਾਲ ਭਰ ਅਤੇ 20 ਕੱਚੇ ਕਾਮਿਆਂ ਨੂੰ ਤਕਰੀਬਣ 4 ਮਹੀਨੇ ਰੁਜ਼ਗਾਰ ਮੁੱਹਈਆ ਕਰਵਾ ਰਿਹਾ ਹੈ। ਕਿਸਾਨ ਦਾ ਦੱਸਣਾ ਹੈ ਕਿ ਜਦੋਂ ਤੋਂ ਉਸ ਨੇ ਝੋਨੇ ਦੀ ਥਾਂ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ ਹੈ ਤਾਂ ਨਾ ਸਿਰਫ ਉਸ ਦੀ ਆਮਦਨ ਵਧੀ ਹੈ, ਸਗੋਂ ਉਸ ਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਅਤਿੰਦਰ ਪਾਲ ਸਿੰਘ ਨਾ ਸਿਰਫ਼ ਆਪਣੇ ਆਲ੍ਹੇ ਦੁਆਲੇ ਦੇ ਨੌਜਵਾਨ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੈ ਸਗੋ ਉਸ ਦੇ ਸ਼ਲਾਘਾਯੋਗ ਕੰਮ ਦੇ ਸਦਕਾ, ਉਸਨੂੰ ਕਈ ਸਨਮਾਨ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : Progressive Farmer Kulwinder Singh ਨੇ ਬੀਜ ਉਤਪਾਦਨ ਰਾਹੀਂ ਬਣਾਈ Success Story
ਕਿਸਾਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿੰਦਾ ਹੈ ਅਤੇ ਉਹਨਾਂ ਦੀ ਸਿਫਾਰਸ਼ ਮੁਤਾਬਿਕ ਫੈਂਸਲੇ ਲੈਂਦਾ ਹੈ। ਉਹ ਦਾਅਵਾ ਕਰਦਾ ਹੈ ਕਿ ਭਰਪੂਰ ਖੋਜ਼ ਨਾਲ ਜੋ ਸਿਫਾਰਸ਼ਾਂ ਮਾਹਿਰਾਂ ਦੁਅਰਾ ਕੀਤੀਆ ਜਾਂਦੀਆਂ ਹਨ, ਉਹ ਨਾ ਸਿਰਫ ਝਾੜ੍ਹ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ, ਸਗੋਂ ਬੇਲੋੜ੍ਹੇ ਖਰਚੇ ਵੀ ਘੱਟ ਕਰਦੀਆਂ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Atinderpal Singh made a distinct identity in the agriculture sector