Success Story: ਬਲਜੀਤ ਸਿੰਘ ਪਿੰਡ ਕਾਕੜਾ, ਜ਼ਿਲਾ ਸੰਗਰੂਰ ਦਾ ਇੱਕ ਅਗਾਂਹਵਧੂ ਖੁੰਬ ਉਤਪਾਦਕ ਹੈ। 5 ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਤਕਰੀਬਨ 15 ਏਕੜ ਠੇਕੇ ‘ਤੇ ਲੈ ਕੇ ਕੁੱਲ 18 ਏਕੜ ਜ਼ਮੀਨ ਵਿੱਚ ਝੋਨੇ-ਕਣਕ ਦੀ ਖੇਤੀ ਕਰਦਾ ਹੈੈ।
ਕਈ ਸਾਲ ਪਹਿਲਾਂ ਇਸ ਨੌਜਵਾਨ ਦੇ ਮਨ ਵਿੱਚ ਖੁੰਬਾਂ ਦੇ ਕੰਮ ਨੂੰ ਕਰਨ ਬਾਰੇ ਖਿਆਲ ਆਇਆ ਸੀ, ਪਰ ਉਸ ਸਮੇਂ ਨਾ ਤਾਂ ਸ਼ੋਸ਼ਲ ਮੀਡੀਆ ‘ਤੇ ਹੀ ਇਸ ਬਾਰੇ ਬਹੁਤੀ ਜਾਣਕਾਰੀ ਉੱਪਲਬਧ ਹੁੰਦੀ ਸੀ ਅਤੇ ਨਾਂ ਹੀ ਇਸ ਕਿੱਤੇ ਬਾਰੇ ਲੋਕਾਂ ਨੂੰ ਬਹੁਤੀ ਸਮਝ ਸੀ। ਬਹੁਤੇ ਲੋਕ ਤਾਂ ਖੁੰਬਾਂ ਨੂੰ ਪਹਾੜੀ ਇਲਾਕਿਆਂ ਦੀ ਫਸਲ ਹੀ ਸਮਝਦੇ ਸਨ।
ਅਗਾਂਹਵਧੂ ਖੁੰਬ ਉਤਪਾਦਕ ਬਲਜੀਤ ਸਿੰਘ
ਸਾਲ 2013 ਵਿੱਚ ਬਲਜੀਤ ਨੇ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਕ੍ਰਿਸ਼ੀ ਵਿਗਆਨ ਕੇਂਦਰ, ਸੰਗਰੂਰ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਅਤੇ ਖੁੰਬਾਂ ਦੀ ਕਾਸ਼ਤ ਸਬੰਧੀ ਮੁੱਢਲੀ ਜਾਣਕਾਰੀ ਇੱਕਠੀ ਕੀਤੀ। ਆਪਣੇ ਦੋਸਤ ਸ. ਪਰਦੀਪ ਸਿੰਘ ਜੋ ਕਿ ਨਾਭਾ ਵਿਖੇ ਰਹਿੰਦਾ ਹੈ, ਨੂੰ ਖੁੰਬਾਂ ਦਾ ਕੰਮ ਕਰਦਿਆਂ ਵੇਖ ਕਿ ਉਸ ਦੇ ਮਨ ਵਿੱਚ ਵੀ ਇਹ ਕੰਮ ਸ਼ੂਰੁ ਕਰਨ ਦੀ ਇੱਛਾ ਪਹਿਲਾਂ ਤੋਂ ਹੀ ਜਨਮ ਲੈ ਚੁੱਕੀ ਸੀ। ਫਿਰ ਉਸ ਨੇ ਉਸੇ ਸਾਲ 15 ਕੁਇੰਟਲ ਤੂੜੀ ਤੋਂ ਕੰਪੋਸਟ ਖੁਦ ਤਿਆਰ ਕਰਕੇ ਵਿਹਾਰਕ ਰੂਪ ਵਿੱਚ ਖੁੰਬਾਂ ਦੀ ਕਾਸ਼ਤ ਦਾ ਕੰਮ ਸ਼ੁਰੂ ਕਰ ਦਿੱਤਾ।
ਕਈ ਔਂਕੜਾਂ ਤੋਂ ਬਾਅਦ ਮਿਲੀ ਕਾਮਯਾਬੀ
ਨਵਾਂ ਤਜ਼ਰਬਾ ਹੋਣ ਕਰਕੇ ਪਹਿਲੀ ਵਾਰ ਉਸ ਨੂੰ ਇਸ ਕੰਮ ਵਿੱਚ ਮੁਸ਼ਕਲਾਂ ਵੀ ਆਈਆਂ ਕਿਉਂਕਿ ਕੰਪੋਸਟ ਤਿਆਰ ਕਰਨ ਤੋਂ ਲੈ ਕੇ ਖੁੰਬਾਂ ਪੈਦਾ ਕਰਨ ਤੱਕ ਨਵੇਂ ਬੰਦੇ ਨੂੰ ਕਈ ਕਮੀਆਂ ਦਾ ਤਾਂ ਪਤਾ ਹੀ ਨਹੀਂ ਚੱਲਦਾ। ਪਹਿਲੇ ਸਾਲ ਉਸ ਦੀ ਆਮਦਨ ਅਤੇ ਖਰਚਾ ਬਰਾਬਰ ਹੀ ਰਹੇ। ਪਰ ਕੰਮ ਦੀਆਂ ਬਰੀਕੀਆਂ ਦਾ ਭੇਤ ਆ ਗਿਆ। ਅਗਲੇ ਸਾਲ 2014 ਵਿੱਚ ਉਸ ਨੇ ਖੁੰਬਾਂ ਦੀ ਕਾਸ਼ਤ ਲਈ 3 ਕੱਚੇ ਸ਼ੈਡ (60 ਫੁੱਟ×30 ਫੁੱਟ) ਲਗਾ ਲਏ ਅਤੇ ਨਾਲ ਹੀ ਖੁੰਬ ਖੋਜ ਕੇਂਦਰ, ਸੋਲਨ ਤੋਂ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿੱਚ ਖੁੰਬਾਂ ਦੀ ਖਾਦ ਤਿਆਰ ਕਰਨ ਵਾਲਾ ਕੰਪੋਸਟ ਯੂਨਿਟ ਵੀ ਲਗਾ ਲਿਆ। ਇਸ ਤਰੀਕੇ ਨਾਲ ਉਸ ਨੇ ਹਰ ਸਾਲ ਖੁੰਬਾਂ ਦੀ ਕਾਸ਼ਤ ਨੂੰ ਵੱਡੇ ਪੱਧਰ ‘ਤੇ ਲਿਜਾਣ ਦੇ ਮਕਸਦ ਨਾਲ 2-2 ਕਰਕੇ ਸ਼ੈਡ ਵਧਾਉਣੇ ਸ਼ੁਰੂ ਕਰ ਦਿੱਤੇ।
ਕੰਪੋਸਟ ਤਿਆਰ ਕਰਨਾ ਦਾ ਕੰਮ
ਨਾਲ ਹੀ ਕੰਪੋਸਟ ਤਿਆਰ ਕਰਨ ਵਾਲੇ 2 ਚੈਂਬਰਾਂ ਅਤੇ 3 ਬੰਕਰਾਂ ਤੋਂ 80 ਕੁਇੰਟਲ ਸੁੱਕੀ ਤੂੜੀ ਰਾਹੀਂ 200 ਕੁਇੰਟਲ ਕੰਪੋਸਟ ਪ੍ਰਤੀ ਚੈਂਬਰ ਤਿਆਰ ਕਰਦੇ ਰਿਹਾ। ਅੱਜ-ਕੱਲ ਉਹ ਆਪਣੇ ਲਈ 60 ਫੁੱਟ×30 ਫੁੱਟ ਅਕਾਰ ਦੇ 15 ਸ਼ੈਡਾਂ ਵਿੱਚ ਖੁੰਬਾਂ ਦੀ ਕਾਸ਼ਤ ਕਰਦੇ ਹਨ। ਉਸ ਅਨੁਸਾਰ ਉਹ ਕੰਪੋਸਟ ਤਿਆਰ ਕਰਨ ਦਾ ਕੰਮ ਸਤੰਬਰ ਅਖੀਰ ਤੋਂ ਸ਼ੁਰੂ ਕਰਕੇ ਅਖੀਰ ਦਸੰਬਰ ਤੱਕ ਕਰਦੇ ਹਨ। ਜਿਸ ਨਾਲ ਲੱਗਭੱਗ 13 ਅਕਤੂਬਰ ਤੋਂ ਸੈਡਾਂ ਵਿੱਚ ਖੁੰਬਾਂ ਦੀ ਬਿਜਾਈ ਦਾ ਕੰਮ ਸ਼ੁਰੂ ਕਰਕੇ ਹਫ਼ਤੇ-ਹਫ਼ਤੇ ਦੇ ਫਰਕ ਨਾਲ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਆਪਣੇ ਸ਼ੈਡਾਂ ਵਿੱਚ ਖੁਬਾਂ ਦੀ ਬਿਜਾਈ ਕਰਦੇ ਹਨ।
ਇਹ ਵੀ ਪੜ੍ਹੋ : ਸਫ਼ਲ ਬੀਜ ਉਤਪਾਦਕ: ਗੁਰਿੰਦਰ ਪਾਲ ਸਿੰਘ
ਨਹੀਂ ਲਈ ਕੋਈ ਸਰਕਾਰੀ ਮਦਦ
ਬਲਜੀਤ ਸਿੰਘ ਨੇ ਕੰਪੋਸਟ ਤਿਆਰ ਕਰਨ ਵਾਲੇ ਯੂਨਿਟ ਅਤੇ ਸ਼ੈਡ ਲਗਾਉਣ ਲਈ ਕੋਈ ਸਰਕਾਰੀ ਮਦਦ ਵੀ ਨਹੀਂ ਲਈ। ਬਲਜੀਤ ਦੇ ਦੱਸਣ ਅਨੁਸਾਰ ਉਹ ਖੁੰਬਾਂ ਦੀ ਬਿਜਾਈ ਲਈ 170 ਕੁਇੰਟਲ ਕੰਪੋਸਟ ਪ੍ਰਤੀ ਸ਼ੈਡ (60 ਫੁੱਟ×30 ਫੁੱਟ) ਪਾਉਂਦੇ ਹਨ ਅਤੇ ਪ੍ਰਤੀ ਸ਼ੈਡ 24-25 ਕੁਇੰਟਲ ਖੁੰਬਾਂ ਪੈਦਾ ਕਰਦੇ ਹਨ। ਜਿਸ ਨੂੰ ਉਹ ਔਸਤਨ 80/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਲੈਂਦੇ ਹਨ। ਇਸ ਤਰ੍ਹਾਂ ਉਹ 1,25,000 ਰੁਪਏ ਪ੍ਰਤੀ ਸ਼ੈਡ ਦਾ ਖਰਚਾ ਕੱਢ ਕੇ 90 ਹਜ਼ਾਰ ਤੋਂ ਲੱਖ ਰੁਪਏ ਪ੍ਰਤੀ ਸ਼ੈਡ ਦੀ ਆਮਦਨ ਕਮਾ ਲੈਂਦੇ ਹਨ।
ਤਕਨੀਕੀ ਗਿਆਨ ਦੀ ਲੋੜ ਜ਼ਰੂਰੀ
ਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਸਮੇਂ ਸ਼ੈਡ ਅਤੇ ਕੰਪੋਸਟ ਬਣਾਉਣ ਲਈ ਲੋੜੀਂਦਾ ਸਮਾਨ ਜਿਵੇਂ ਕਿ ਬਾਂਸ, ਖਾਦਾਂ, ਚੋਕਰ, ਦਵਾਈਆਂ ਅਤੇ ਤੁੜਾਈ ਤੋਂ ਬਾਅਦ ਧੋਣ ਵਾਲਾ ਪਾਊਡਰ, ਪੈਕਿੰਗ ਮੈਟੀਰੀਅਲ ਆਦਿ ਦੀ ਮਾਤਰਾ ਅਤੇ ਉਪਲਬਧਤਾ ਦੀ ਜਾਣਕਾਰੀ ਬਾਰੇ ਨਵੇਂ ਖੁੰਬ ਕਾਸ਼ਤਕਾਰਾਂ ਨੂੰ ਕਾਫੀ ਸਮੱਸਿਆਵਾਂ ਆਉਂਦੀ ਹੈ। ਇਸ ਵਾਸਤੇ ਖੁੰਬਾਂ ਦੀ ਕਾਸ਼ਤ ਦਾ ਕੰਮ ਸ਼ੁਰੂ ਕਰਨ ਅਤੇ ਅੱਗੇ ਵਧਾਉਣ ਲਈ ਤਕਨੀਕੀ ਗਿਆਨ ਦੀ ਬਹੁਤ ਲੋੜ ਪੈਂਦੀ ਹੈ। ਜਿਸ ਲਈ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੁੰਬ ਖੋਜ ਕੇਂਦਰਾਂ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ
"ਏਸੀ ਯੂਨਿਟ”
ਸਰਦੀ ਰੁੱਤ ਦੌਰਾਨ ਖੁੰਬ ਉਤਪਾਦਨ ਦਾ ਸਮਾਂ ਅਕਤੂਬਰ ਤੋਂ ਮਾਰਚ ਤੱਕ ਹੀ ਹੁੰਦਾ ਹੈ, ਜੋ ਕਿ ਸਾਲ ਵਿੱਚ ਬਹੁਤ ਥੋੜਾ ਸਮਾਂ ਹੀ ਬਣਦਾ ਹੈ ਅਤੇ ਖੁੰਬਾਂ ਦੇ ਕਾਸ਼ਤਕਾਰਾਂ ਨੂੰ ਸਾਲ ਦੇ ਬਾਕੀ ਮਹੀਨੇ ਵਿਹਲੇ ਰਹਿਣਾ ਪੈਂਦਾ ਹੈ। ਇਸ ਲਈ ਬਲਜੀਤ ਸਿੰਘ ਨੇ ਸਾਲ 2020 ਵਿੱਚ ਸਾਰਾ ਸਾਲ ਖੁੰਬਾਂ ਦੀ ਕਾਸ਼ਤ ਕਰਨ ਲਈ 60 ਟਨ ਦੀ ਸੱਮਰਥਾ ਦਾ “ਏਸੀ ਯੂਨਿਟ” ਵੀ ਲਗਾ ਲਿਆ ਹੈ। ਜਿਸ ਵਿੱਚ ਚਾਰ ਕਮਰੇ (35 ਫੁੱਟ×15 ਫੁੱਟ) ਅਕਾਰ ਦੇ ਬਣਾ ਲਏ ਹਨ। ਇਸ ਨੂੰ ਬਣਾਉਣ ਲਈ ਉਸ ਨੇ ਬਾਗਬਾਨੀ ਵਿਭਾਗ ਤੋਂ ਵਿੱਤੀ ਮਦਦ ਵੀ ਲਈ ਹੈ।
ਬਲਜੀਤ ਸਿੰਘ ਅਨੁਸਾਰ ਇੱਕ ਕਮਰੇ ਵਿੱਚ 1200 ਕੰਪੋਸਟ ਬੈਗ (120 ਕੁਇੰਟਲ ਕੰਪੋਸਟ) ਖੁੰਬ ਪੈਦਾ ਕਰਨ ਲਈ ਰੱਖੇ ਜਾਂਦੇ ਹਨ। ਜਿਸ ਤੋਂ ਦੋ ਮਹੀਨੇ ਵਿੱਚ 15 ਕੁਇੰਟਲ ਖੁੰਬਾਂ ਪ੍ਰਤੀ ਕਮਰਾ ਪੈਦਾ ਕਰਕੇ ਔਸਤਨ 120/- ਰੁਪਏ ਪ੍ਰਤੀ ਕਿਲੋ ਗਰਮੀ ਦੇ ਮੌਸਮ ਦੌਰਾਨ ਵੇਚ ਦਿੰਦਾ ਹੈ। ਪਿਛਲੇ ਸਾਲ ਉਸ ਨੇ ਖੁੰਬ ਉਤਪਾਦਨ ਦੇ ਕਿੱਤੇ ਤੋਂ ਤਕਰੀਬਨ 11.00/- ਲੱਖ ਰੁਪਏ ਤੋਂ ਵੱਧ ਦੀ ਸ਼ੁੱਧ ਆਮਦਨ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਖੁੰਬਾਂ ਦੀ ਵਿਕਰੀ
ਬਲਜੀਤ ਸਿੰਘ ਖੁੰਬਾਂ ਦੀ ਵਿਕਰੀ ਮਲੇਰਕੋਟਲਾ, ਸੰਗਰੂਰ, ਲੁਧਿਆਣਾ ਅਤੇ ਚੰਡੀਗੜ ਵਰਗੇ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਕਰਦਾ ਹੈ। ਬਲਜੀਤ ਸਿੰਘ ਦੀ ਇਸ ਕਿੱਤੇ ਵਿੱਚ ਸਫਲਤਾ ਨੂੰ ਦੇਖ ਕੇ ਜ਼ਿਲ੍ਹੇ ਦੇ 5-6 ਹੋਰ ਨੌਜਵਾਨਾਂ ਨੇ ਵੀ ਸੇਧ ਲਈ ਹੈ ਅਤੇ ਉਨ੍ਹਾਂ ਨੇ ਆਪਣੇ-ਆਪਣੇ 2-5 ਕੱਚੇ ਸ਼ੈਡ ਖੁੰਬ ਉਤਪਾਦਨ ਲਈ ਲਗਾਏ ਹਨ। ਖੁੰਬਾਂ ਦੇ ਕੰਮ ਰਾਹੀਂ ਉਸ ਨੇ ਆਪਣੇ ਫਾਰਮ ਤੇ 10-12 ਬੰਦਿਆਂ ਨੂੰ ਪੱਕਾ ਅਤੇ ਸਾਰਾ ਸਾਲ ਰੁਜ਼ਗਾਰ ਵੀ ਦਿੱਤਾ ਹੈ।
ਖੁੰਬਾਂ ਦੇ ਪ੍ਰੋਸੈਸਿੰਗ ਯੂਨਿਟ
ਆਉਣ ਵਾਲੇ ਸਮੇਂ ਵਿੱਚ ਬਲਜੀਤ ਸਿੰਘ ਸਪਾਨ ਤਿਆਰ ਕਰਨ ਅਤੇ ਖੁੰਬਾਂ ਦੇ ਪ੍ਰੋਸੈਸਿੰਗ ਯੂਨਿਟ ਲਗਾਉਣ ਬਾਰੇ ਹਰ ਪੱਖ ਤੋਂ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਜਲਦੀ ਹੀ ਖੁੰਬਾਂ ਦੀ ਕਾਸ਼ਤ ਲਈ ‘ਸਪਾਨਲੈਬ’ ਅਤੇ ‘ਕੈਨਿੰਗ ਯੂਨਿਟ’ ਲਗਾਉਣ ਦਾ ਇਰਾਦਾ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਖੁੰਬਾਂ ਦੇ ਕਿੱਤੇ ਦੀ ਸ਼ੁਰੂਆਤ ਘੱਟ ਖਰਚ ਅਤੇ ਆਸਾਨੀ ਨਾਲ ਮਿਲਣ ਵਾਲੀ ਤੂੜੀ ਜਾਂ ਪਰਾਲੀ ਨੂੰ ਵਰਤ ਕੇ ਅਤੇ ਥੋੜ੍ਹੀ ਜਗ੍ਹਾ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Baljit Singh, a progressive mushroom grower, guidance for the youth, never giving up even after many odds, an example presented with a success story, providing permanent employment to 10 to 12 people today.