ਪੰਜਾਬ ਦੇ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਖੇਤੀ ਦੇ ਨਵੇਕਲੇ ਢੰਗ ਵੱਲ ਵੱਧ ਰਹੇ ਹਨ। ਇਸੀ ਲੜੀ ਵਿੱਚ ਹੁਣ ਅੰਮ੍ਰਿਤਸਰ ਦੇ ਇੱਕ ਪਰਿਵਾਰ ਨੇ ਵੀ ਆਪਣਾ ਨਾਮ ਦਰਜ ਕਰਵਾ ਲਿਆ ਹੈ। ਪੜੋ ਪੂਰੀ ਖ਼ਬਰ..
ਖੇਤੀ ਦੇ ਖੇਤਰ ਵਿੱਚ ਕੁੱਝ ਇਨਸਾਨ ਅਜਿਹੇ ਹੁੰਦੇ ਹਨ, ਜੋ ਕਿ ਰਵਾਇਤੀ ਖੇਤੀ ਨੂੰ ਨਾ ਅਪਣਾ ਕੇ ਕੁੱਝ ਵੱਖਰਾ ਕਰਦੇ ਹਨ ਅਤੇ ਬਾਕੀ ਲੋਕਾਂ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਉਂਦੇ ਹਨ। ਕੁੱਝ ਅਜਿਹਾ ਹੀ ਕਰ ਦਿਖਾਇਆ ਹੈ ਅੰਮ੍ਰਿਤਸਰ ਦੇ ਇੱਕ ਪਰਿਵਾਰ ਨੇ। ਦਰਅਸਲ, ਇਸ ਪਰਿਵਾਰ ਨੇ ਏਅਰ ਕੰਡੀਸ਼ਨਡ ਫਾਰਮ ਰਾਹੀਂ ਖੁੰਬਾਂ ਦੀ ਖੇਤੀ ਕੀਤੀ ਹੈ ਅਤੇ ਚੰਗਾ ਮੁਨਾਫ਼ਾ ਖੱਟਿਆ ਹੈ। ਤਾਂ ਆਓ ਜਾਣਦੇ ਹਾਂ ਇਸ ਸਫਲ ਕਿਸਾਨ ਬਾਰੇ।
ਏਅਰ ਕੰਡੀਸ਼ਨਡ ਫਾਰਮ ਰਾਹੀਂ ਖੁੰਬਾਂ ਦੀ ਖੇਤੀ
ਜਿਕਰਯੋਗ ਹੈ ਕਿ ਖੁੰਬਾਂ ਦੀ ਖੇਤੀ ਕਰਨ ਦਾ ਸਹੀ ਸਮਾਂ ਸਰਦੀਆਂ ਵਿੱਚ ਹੁੰਦਾ ਹੈ। ਇਸਦੀ ਕਾਸ਼ਤ ਨਵੰਬਰ ਤੋਂ ਫਰਵਰੀ ਮਹੀਨੇ ਵਿਚਕਾਰ ਢੁਕਵੀਂ ਮੰਨੀ ਜਾਂਦੀ ਹੈ। ਪਰ ਇਹ ਸਫਲ ਪਰਿਵਾਰ ਨਵੇਕਲੇ ਢੰਗ ਰਾਹੀਂ ਸਾਰਾ ਸਾਲ ਖੁੰਬਾਂ ਦੀ ਖੇਤੀ ਕਰਕੇ ਵਧੀਆ ਕਾਰੋਬਾਰ ਚਲਾ ਰਿਹਾ ਹੈ। ਦੱਸ ਦਈਏ ਕਿ ਖੁੰਬਾਂ ਦੀ ਖੇਤੀ ਕਰਨ ਲਈ ਇਸ ਪਰਿਵਾਰ ਵੱਲੋਂ ਏਅਰ ਕੰਡੀਸ਼ਨਡ ਫਾਰਮ ਦਾ ਜਰਿਆ ਅਪਣਾਇਆ ਗਿਆ ਹੈ, ਜਿਸਦੇ ਚਲਦਿਆਂ ਹੁਣ ਇਹ ਪਰਿਵਾਰ ਚੰਗਾ ਮੁਨਾਫ਼ਾ ਖੱਟ ਰਿਹਾ ਹੈ।
ਅੱਸੀ ਗੱਲ ਕਰ ਰਹੇ ਹਾਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਰੰਧਾਵਾ ਪਰਿਵਾਰ ਦੀ, ਜੋ ਅੱਜ-ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪੂਰਾ ਪਰਿਵਾਰ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਖੁੰਬਾਂ ਦੀ ਖੇਤੀ ਕਰ ਰਿਹਾ ਹੈ। ਪਰਿਵਾਰ ਦਾ ਮੰਨਣਾ ਹੈ ਕਿ ਕਣਕ-ਝੋਨੇ ਦੀ ਖੇਤੀ ਖੁੰਬਾਂ ਦੀ ਕਾਸ਼ਤ ਨਾਲੋਂ ਮਹਿੰਗੀ ਹੈ ਅਤੇ ਇਸ ਵਿੱਚ ਪਾਣੀ ਦੀ ਦੁਰਵਰਤੋਂ ਹੁੰਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦਿਆਂ ਹੋਇਆ ਰੰਧਾਵਾ ਪਰਿਵਾਰ ਨੇ ਇਹ ਖੇਤੀ ਛੱਡ ਕੇ ਖੁੰਬਾਂ ਦੀ ਖੇਤੀ ਨੂੰ ਤਰਜੀਹ ਦਿੱਤੀ ਅਤੇ ਹੁਣ ਇੱਕ ਸਫਲ ਕਿਸਾਨ ਵਜੋਂ ਉਭਾਰ ਕੇ ਸਾਹਮਣੇ ਆਇਆ ਹੈ।
50 ਲੱਖ ਤੱਕ ਦਾ ਸਾਲਾਨਾ ਮੁਨਾਫਾ
ਰੰਧਾਵਾ ਪਰਿਵਾਰ ਦੀ ਹਰਜਿੰਦਰ ਕੌਰ ਦੀ ਮੰਨੀਏ ਤਾਂ ਉਸਨੇ ਆਪਣੀ ਜ਼ਮੀਨ 'ਤੇ ਖੁੰਬਾਂ ਦੀ ਖੇਤੀ ਦਾ ਪਹਿਲਾ ਤਜਰਬਾ 1989 ਵਿੱਚ ਕੀਤਾ ਸੀ, ਜਿਸ ਵਿੱਚ ਉਸਨੂੰ ਸਫਲਤਾ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਸਾਲ 1990 ਵਿੱਚ ਆਪਣੇ ਘਰ ਤੋਂ ਤਿੰਨ ਕਿਲੋਮੀਟਰ ਦੂਰ ਬਟਾਲਾ ਰੋਡ ਨੇੜੇ ਚਾਰ ਏਕੜ ਦੇ ਖੇਤ ਵਿੱਚ ਇਸ ਦੀ ਖੇਤੀ ਸ਼ੁਰੂ ਕੀਤੀ ਅਤੇ ਇਸ ਦੀ ਪੈਦਾਵਾਰ ਵੀ ਵੇਚਣੀ ਸ਼ੁਰੂ ਕਰ ਦਿੱਤੀ। ਵਧੇਰਾ ਮੁਨਾਫ਼ਾ ਕਮਾਉਣ ਲਈ ਰੰਧਾਵਾ ਪਰਿਵਾਰ ਨੇ ਸਰਦੀਆਂ ਦੇ ਨਾਲ-ਨਾਲ ਗਰਮੀਆਂ ਦੇ ਮੌਸਮ ਵਿੱਚ ਵੀ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਉਸਨੇ ਆਪਣੇ ਖੇਤ ਵਿੱਚ ਸ਼ੈੱਡ ਬਣਾਏ ਅਤੇ ਉਸ ਵਿੱਚ ਏਅਰ ਕੂਲਰ ਅਤੇ ਪਾਣੀ ਦੇ ਛਿੜਕਾਅ ਦੀ ਵਰਤੋਂ ਕੀਤੀ।
ਇਸ ਸਬੰਧੀ ਰੰਧਾਵਾ ਪਰਿਵਾਰ ਦੇ ਮਨਦੀਪ ਦਾ ਕਹਿਣਾ ਹੈ ਕਿ ਸਾਲ 2020 ਵਿੱਚ ਉਸ ਨੇ ਆਪਣੀ ਜ਼ਮੀਨ 'ਤੇ ਖੁੰਬਾਂ ਦਾ ਕੰਡੀਸ਼ਨਡ ਫਾਰਮ ਤਿਆਰ ਕਰਕੇ 1.5 ਫੀਸਦੀ ਦੇ ਕਰੀਬ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਏਅਰ ਕੰਡੀਸ਼ਨਡ ਫਾਰਮ ਨੂੰ ਬਣਾਉਣ ਲਈ ਕਰੀਬ 3 ਕਰੋੜ ਰੁਪਏ ਖਰਚ ਕੀਤੇ ਗਏ ਸਨ। ਪਰ ਖਰਚੇ ਤੋਂ ਬਾਅਦ ਰੰਧਾਵਾ ਪਰਿਵਾਰ ਨੂੰ ਚੰਗਾ ਮੁਨਾਫਾ ਹੋਇਆ। ਮਨਦੀਪ ਦਾ ਕਹਿਣਾ ਹੈ ਕਿ ਬਿਜਲੀ, ਲੇਬਰ, ਖਾਦ ਆਦਿ ਦੇ ਖਰਚੇ ਅਦਾ ਕਰਨ ਤੋਂ ਬਾਅਦ ਵੀ ਸਾਨੂੰ ਹਰ ਸਾਲ ਕਰੀਬ 50 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ।
ਲੋਕਾਂ ਨੂੰ ਦਿੱਤਾ ਰੁਜ਼ਗਾਰ
ਰੰਧਾਵਾ ਪਰਿਵਾਰ ਦੇ ਫਾਰਮ 'ਚ 100 ਦੇ ਕਰੀਬ ਲੋਕ ਕੰਮ ਕਰਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਹਨ। ਜੋ ਫ਼ਸਲ ਦੀ ਕਾਸ਼ਤ ਤੋਂ ਲੈ ਕੇ ਉਨ੍ਹਾਂ ਦੀ ਪੈਕਿੰਗ ਤੱਕ ਹੋਰ ਕਈ ਕੰਮ ਕਰਦੇ ਹਨ। ਰੰਧਾਵਾ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਫਾਰਮ 'ਚ ਚਿਪਸ, ਅਚਾਰ, ਭੁਜੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਬਾਜ਼ਾਰ 'ਚ ਚੰਗੀ ਕੀਮਤ 'ਤੇ ਵਿਕਦੀਆਂ ਹਨ। ਰੰਧਾਵਾ ਪਰਿਵਾਰ ਹਮੇਸ਼ਾ ਪਿੰਡ ਦੇ ਸਾਰੇ ਕਿਸਾਨਾਂ ਨੂੰ ਖੁੰਬਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕਰਦਾ ਹੈ, ਤਾਂ ਜੋ ਉਹ ਵੀ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕੇ ਅਤੇ ਮੰਡੀ ਵਿੱਚ ਆਪਣੀ ਫ਼ਸਲ ਤੋਂ ਮੁਨਾਫ਼ਾ ਕਮਾ ਸਕੇ।
ਇਹ ਵੀ ਪੜ੍ਹੋ : ਫਸਲੀ ਵਿਭਿੰਤਾ ਅਪਣਾਉਣ ਵਾਲਾ ਸਫਲ ਕਿਸਾਨ ਬਣਿਆ ਹੋਰਨਾਂ ਲਈ ਮਿਸਾਲ!
ਕਿਵੇਂ ਕੰਮ ਕਰਦਾ ਹੈ ਏਅਰ ਕੰਡੀਸ਼ਨਡ ਫਾਰਮ ?
ਰੰਧਾਵਾ ਪਰਿਵਾਰ ਦਾ ਵਾਤਾਨੁਕੂਲਿਤ ਫਾਰਮ ਇੱਕ ਮੰਜ਼ਿਲਾ ਬਣਿਆ ਹੋਇਆ ਹੈ। ਜਿਸ ਵਿੱਚ ਖੇਤੀ ਲਈ 12 ਦੇ ਕਰੀਬ ਹਨੇਰੇ ਕਮਰੇ ਹਨ। ਹਰੇਕ ਫਾਰਮ ਲਗਭਗ 600 ਵਰਗ ਫੁੱਟ ਹੈ। ਹਰੇਕ ਕਮਰੇ ਵਿੱਚ ਰੂੜੀ ਭਰਨ ਲਈ ਦੋਵੇਂ ਪਾਸੇ ਲੋਹੇ ਦੇ ਰੈਕ ਅਤੇ ਪਲਾਸਟਿਕ ਦੇ ਥੈਲੇ ਰੱਖੇ ਗਏ ਹਨ। ਇਸ ਕਿਸਮ ਦੀ ਖੇਤੀ ਲਈ ਸਹੀ ਤਾਪਮਾਨ ਦਾ ਹੋਣਾ ਬਹੁਤ ਜ਼ਰੂਰੀ ਹੈ। ਕਾਸ਼ਤ ਦੇ ਪਹਿਲੇ 15 ਦਿਨਾਂ ਲਈ, ਤਾਪਮਾਨ 25 ਤੋਂ 22 ਡਿਗਰੀ ਸੈਲਸੀਅਸ ਦੇ ਵਿਚਕਾਰ ਅਤੇ ਅਗਲੇ 15 ਦਿਨਾਂ ਲਈ ਤਾਪਮਾਨ 22 ਤੋਂ 17 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ। ਬਾਕੀ 35 ਤੋਂ 40 ਦਿਨਾਂ ਦੇ ਵਿਚਕਾਰ ਤਾਪਮਾਨ 17 ਡਿਗਰੀ ਸੈਲਸੀਅਸ ਤੋਂ ਘੱਟ ਹੋਣਾ ਚਾਹੀਦਾ ਹੈ।
Summary in English: Farmer family became an example! Good Profits Through Air Conditioning Farms!