
ਸਫਲ ਕਿਸਾਨ ਸ. ਤਪਿੰਦਰ ਸਿੰਘ
Successful Farmer: ਪੰਜਾਬ ਵਿੱਚ ਝੋਨਾ ਸਾਉਂਣੀ ਦੀ ਮੁੱਖ ਫਸਲ ਹੈ। ਇਸ ਦੀ ਲਵਾਈ ਸਮੇਂ ਮਜ਼ਦੂਰਾਂ ਦੀ ਕਾਫੀ ਘਾਟ ਰਹਿੰਦੀ ਹੈ ਜਿਸ ਨਾਲ ਖੇਤੀ ਲਾਗਤਾਂ ਵਧਦੀਆਂ ਹਨ, ਗੈਰ ਮਿਆਰੀ ਲਵਾਈ ਹੁੰਦੀ ਹੈ ਅਤੇ ਲਵਾਈ ਵਿੱਚ ਦੇਰੀ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਹੋਰ ਫਸਲੀ ਕੰਮਾਂ ਕਾਰਾਂ ਵਾਂਗ ਇਨ੍ਹਾਂ ਮੁਸ਼ਕਲਾਂ ਨੂੰ ਵੀ ਮਸ਼ੀਨੀਕਰਨ ਨਾਲ ਸੁਧਾਰਿਆ ਜਾ ਸਕਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਝੋਨੇ ਦੀ ਮਸ਼ੀਨੀ ਲਵਾਈ ਦੀ ਸ਼ਿਫਾਰਿਸ਼ ਕੀਤੀ ਹੋਈ ਹੈ, ਜਿਸ ਨੂੰ ਕਾਫੀ ਜਿਮੀਂਦਾਰ ਆਪਣੇ ਖੇਤਾਂ ਉੱਪਰ ਅਪਣਾ ਰਹੇ ਹਨ। ਅਜਿਹਾ ਹੀ ਇੱਕ ਅਗਾਂਹਵਧੂ ਸੋਚ ਰੱਖਣ ਵਾਲਾ ਕਿਸਾਨ ਪਿੰਡ ਜੋਧਾ, ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸ. ਤਪਿੰਦਰ ਸਿੰਘ ਪੁੱਤਰ ਸ. ਰੁਪਿੰਦਰ ਸਿੰਘ ਹੈ।
ਸ. ਤਪਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਸ਼ੋਂਕ ਅਨੁਸਾਰ ਖੇਤੀ ਨੂੰ ਹੀ ਆਪਣਾ ਪੇਸ਼ਾ ਬਣਾਇਆ ਅਤੇ ਇੱਕ ਸਫਲ ਕਿਸਾਨ ਬਣਿਆ। ਉਹ ਸ਼ੁਰੂ ਵਿੱਚ 12 ਏਕੜ ਦੀ ਖੇਤੀ ਕਰਦਾ ਸੀ ਜੋ ਕਿ ਅੱਜ 25 ਤੋਂ 30 ਏਕੜ ਵਿੱਚ ਕਣਕ ਝੋਨਾਂ ਦੇ ਫਸਲੀ ਚੱਕਰ ਦੇ ਨਾਲ-ਨਾਲ ਆਲੂ, ਮੱਕੀ, ਮੂੰਗੀ ਦੀ ਕਾਸ਼ਤ ਕਰਦਾ ਹੈ। ਉਸ ਨੇ ਇਸ ਸਾਲ ਦੋ ਏਕੜ ਵਿੱਚ ਪਿਆਜ਼ ਦੀ ਖੇਤੀ ਵੀ ਕੀਤੀ ਹੈ।
ਉਹ ਪਹਿਲਾਂ ਝੋਨੇ ਦੀ ਕਾਸ਼ਤ ਰਵਾਇਤੀ ਢੰਗ ਨਾਲ ਕਰਦਾ ਸੀ, ਜਿਸ ਵਿੱਚ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਗਾਉਣ ਨਾਲ ਕਾਫੀ ਜ਼ਿਆਦਾ ਖਰਚਾ, ਸਮਾਂ ਅਤੇ ਲੇਬਰ ਲੱਗਦੀ ਸੀ, ਜਿਸ ਨਾਲ ਖੇਤੀ ਖਰਚੇ ਵਿੱਚ ਵਾਧਾ ਹੁੰਦਾ ਸੀ। ਸਾਲ 2018 ਵਿੱਚ ਕਿਸਾਨ ਮੇਲੇ ਦੌਰਾਨ ਉਸ ਨੂੰ ਝੋਨਾ ਟਰਾਂਸਪਲਾਂਟਰ ਮਸ਼ੀਨ ਬਾਰੇ ਜਾਣਕਾਰੀ ਮਿਲੀ ਅਤੇ ਫਿਰ ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਰਾਂ ਨਾਲ ਰਾਬਤਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।
ਅਗਲੇ ਹੀ ਸਾਲ ਉਸ ਨੇ ਹੌਸਲਾ ਕਰਕੇ ਝੋਨਾ ਟਰਾਂਸਪਲਾਂਟਰ ਮਸ਼ੀਨ ਖਰੀਦ ਲਈ ਅਤੇ ਪੀ.ਆਰ. 121 ਅਤੇ ਪੀ.ਆਰ. 126 ਦੀ ਮੈਟ ਨਰਸਰੀ ਤਿਆਰ ਕੀਤੀ। ਇਸ ਸਮੇਂ ਉਸ ਦੇ ਕੋਲ ਝੋਨਾ ਲਾਉਣ ਵਾਲੀਆਂ ਦੋ ਮਸ਼ੀਨਾਂ ਹਨ ਜੋ ਕਿ ਚਾਰ ਅਤੇ ਛੇ ਕਤਾਰਾਂ ਵਿੱਚ ਝੋਨੇ ਦੀ ਲਵਾਈ ਕਰ ਸਕਦੀਆਂ ਹਨ। ਉਸ ਨੇ ਲਗਾਤਾਰ ਪੀ.ਏ.ਯੂ. ਨਾਲ ਰਾਬਤਾ ਕਾਇਮ ਕਰਕੇ ਇਸ ਤਕਨੀਕ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹ ਪਿਛਲੇ 7 ਸਾਲਾਂ ਤੋਂ ਲਾਗਾਤਾਰ ਰਵਾਇਤੀ ਢੰਗ ਨਾਲੋਂ 2 ਤੋਂ 3 ਕੁਇੰਟਲ/ਏਕੜ ਦਾ ਮੁਨਾਫਾ ਪ੍ਰਾਪਤ ਕਰ ਰਿਹਾ ਹੈ।
ਇਹ ਵੀ ਪੜੋ: Mahindra Yuvo Tech+ 585 ਨਾਲ ਕਿਸਾਨ ਰਣਜੀਤ ਅਸ਼ੋਕ ਰਾਓ ਦੀ ਪ੍ਰੇਰਨਾਦਾਇਕ ਸਫਲਤਾ ਦੀ ਕਹਾਣੀ
ਇਸੇ ਤਰ੍ਹਾਂ ਪਿਛਲੇ ਸਾਲ 2024 ਵਿੱਚ ਵੀ ਉਸ ਨੇ ਮਸ਼ੀਨੀ ਲਵਾਈ ਦਾ ਝਾੜ ਰਵਾਇਤੀ ਤਰੀਕੇ ਦੇ ਮੁਕਾਬਲੇ ਨਾਲੋਂ ਵੱਧ ਝਾੜ ਲਿਆ ਹੈ। ਉਸ ਨੇ ਆਪਣੇ ਜੋਧਾ ਪਿੰਡ ਦੇ ਨਾਲ ਲੱਗਦੇ 6-7 ਪਿੰਡਾਂ ਵਿੱਚ ਝੋਨਾ ਟਰਾਂਸਪਲਾਂਟਰ ਨਾਲ ਪਨੀਰੀ ਲਗਾਈ ਅਤੇ ਕਿਰਾਏ ਉੱਪਰ ਵੀ ਮਸ਼ੀਨਾਂ ਨੂੰ ਚਲਾਇਆ। ਉਹ ਕਿਸਾਨਾਂ ਲਈ ਮੈਟ ਨਰਸਰੀ ਵੀ ਉਪਲਬਧ ਕਰਵਾਉਂਦਾ ਹੈ। ਪਿਛਲੇ ਸਾਲ ਉਸ ਨੇ ਇਹਨਾਂ ਵੱਖ-ਵੱਖ ਪਿੰਡਾਂ ਵਿੱਚ 200 ਏਕੜ ਦੇ ਰਕਬੇ ਵਿੱਚ ਝੋਨਾ ਟਰਾਂਸਪਲਾਂਟਰ ਨਾਲ ਬਿਜਾਈ ਕੀਤੀ। ਕਿਸਾਨ ਝੋਨੇ ਦੀ ਮਸ਼ੀਨੀ ਲਵਾਈ ਤੋਂ ਕਾਫੀ ਪ੍ਰਭਾਵਿਤ ਅਤੇ ਸੰਤੁਸ਼ਟ ਹੋਏ।
ਕੁਝ ਨਿੱਜੀ ਤਜ਼ਰਬੇ
• ਮਸ਼ੀਨੀ ਲਵਾਈ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਸਾਰੀ ਲਵਾਈ ਸਮੇਂ ਸਿਰ ਹੋ ਜਾਂਦੀ ਹੈ।
• ਮਸ਼ੀਨ ਦੀ ਵਰਤੋਂ ਨਾਲ ਖੇਤ ਵਿੱਚ ਝੋਨੇ ਦੇ ਬੂਟੇ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਿਕ ਸਹੀਂ ਗਿਣਤੀ ਵਿੱਚ ਲੱਗਦੇ ਹਨ ਜਿਸ ਨਾਲ ਫਸਲ ਦਾ ਝਾੜ ਵਧਦਾ ਹੈ।
• ਝੋਨੇ ਦੀ ਲਵਾਈ ਸਿੱਧੀਆਂ ਲਾਈਨਾਂ ਵਿੱਚ ਹੋਣ ਕਾਰਨ ਖਾਦ ਪਾਉਣ ਅਤੇ ਸਪਰੇਆਂ ਕਰਨ ਵਿੱਚ ਅਸਾਨੀ ਰਹਿੰਦੀ ਹੈ। ਇਸ ਤੋਂ ਇਲਾਵਾ ਖੇਤ ਵਿੱਚ ਚੰਗੀ ਹਵਾ ਪੈਂਦੀ ਹੈ। ਜਿਸ ਨਾਲ ਫਸਲ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ ਅਤੇ ਸਪਰੇਆਂ ਦਾ ਖਰਚਾ ਬੱਚਦਾ ਹੈ।
• ਜੇਕਰ ਵਾਧੂ ਲੇਬਰ ਲਗਾ ਕੇ ਪਨੀਰੀ ਦੇ ਮੈਟ ਪਹਿਲਾਂ ਹੀ ਕੱਟ ਕੇ ਰੱਖੇ ਜਾਣ ਅਤੇ ਲਵਾਈ ਲਗਾਤਾਰ ਚੱਲੇ ਤਾਂ ਦਿਹਾੜੀ ਦੇ 5-6 ਏਕੜ ਅਰਾਮ ਨਾਲ ਲੱਗ ਜਾਂਦੇ ਹਨ।
• ਮਸ਼ੀਨੀ ਲਵਾਈ ਦਾ ਝਾੜ ਰਵਾਇਤੀ ਤਰੀਕੇ ਦੇ ਮੁਕਾਬਲੇ 2-3 ਕੁਇੰਟਲ/ਏਕੜ ਜ਼ਿਆਦਾ ਨਿਕਲਦਾ ਹੈ।
• ਝੋਨਾ ਟਰਾਂਸਪਲਾਂਟਰ ਮਸ਼ੀਨ ਲਈ ਮੈਟ ਨਰਸਰੀ ਲਗਾਉਣ ਦੀ ਅਗਾਹੂੰ ਸਿਖਲਾਈ ਲੈਣੀ ਜ਼ਰੂਰੀ ਹੈ।
ਸ. ਤਪਿੰਦਰ ਸਿੰਘ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇ ਨੌਜਵਾਨ ਕਿਸਾਨ ਇਸ ਤਕਨੀਕ ਨੂੰ ਅਪਣਾਉਣ ਲਈ ਤਿਆਰ ਹੋਣ ਤਾਂ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। । ਹੌਲੀ-ਹੌਲੀ ਝੋਨੇ ਦੀ ਮਸ਼ੀਨੀ ਲਵਾਈ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਲੋੜ ਹੈ ਤਪਿੰਦਰ ਸਿੰਘ ਵਾਂਗ ਇਸ ਤਕਨੀਕ ਨੂੰ ਸਮੇਂ ਸਿਰ ਅਪਣਾ ਕੇ ਮੋਹਰੀ ਕਿਸਾਨ ਬਣ ਕੇ ਇਲਾਕੇ ਵਿੱਚ ਹੋਰ ਕਿਸਾਨਾਂ ਲਈ ਮਿਸਾਲ ਬਣੋ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Paddy Transplanter Machine, Example of success in mechanized sowing of paddy: S. Tapinder Singh