Successful Farmers: ਦੇਸ਼-ਦੁਨੀਆਂ ਵਿੱਚ ਹੁਨਰ ਦੀ ਭਾਲ ਕਰੀਏ ਤਾਂ ਇੱਕ ਨਹੀਂ ਸਗੋਂ ਹਜ਼ਾਰਾਂ ਉਦਾਹਰਣਾਂ ਸਾਹਮਣੇ ਆਉਂਦੀਆਂ ਹਨ। ਪਰ ਗੱਲ ਜਦੋਂ ਪੰਜਾਬ ਦੀ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਪ੍ਰਤਿਭਾ ਦੀ ਕੋਈ ਕਮੀ ਦੇਖਣ ਨੂੰ ਮਿਲੇ। ਅਸੀਂ ਗੱਲ ਕਰ ਰਹੇ ਹਾਂ ਪੰਜਾਬ 'ਚ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਉਨ੍ਹਾਂ ਅਨੰਦਾਤਿਆਂ ਦੀ ਜੋ ਗਰਮੀ, ਸਰਦੀ, ਮੀਂਹ ਅਤੇ ਹਨੇਰੀ ਦੀ ਮਾਰ ਝੱਲਦਿਆਂ ਕਰੋੜਾਂ ਲੋਕਾਂ ਦਾ ਢਿੱਡ ਭਰਦੇ ਹਨ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਵਾਤਾਵਰਨ ਪ੍ਰੇਮੀਆਂ ਦੀ ਜਿਨ੍ਹਾਂ ਨੇ ਆਪਣੇ ਅਨੋਖੇ ਕੰਮ ਨਾਲ ਪੰਜਾਬ ਦੇ ਕਿਸਾਨਾਂ ਲਈ ਇੱਕ ਮਿਸਾਲ ਪੇਸ਼ ਕੀਤੀ ਹੈ।
ਦੱਸ ਦੇਈਏ ਕਿ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ’ਚ ਪਹਿਲਕਦਮੀ ਕਰਨ ਵਾਲੇ ਪੰਜਾਬ ਦੇ ਕੁਝ ਕਿਸਾਨਾਂ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਆਪ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨਾਲ ਜੁੜ ਕੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਜ਼ਿਲ੍ਹੇ ਦੇ ਵਾਤਾਵਰਣ ਦੇ ਰਾਖੇ ਕਿਸਾਨ ਦੂਜੇ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਣ ਦੀ ਸੰਭਾਲ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਤੇ ਯੋਜਨਾਵਾਂ ਨਾਲ ਜੁੜ ਕੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਖੇਤੀ ਮਸ਼ੀਨਰੀ ਨਾਲ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਰਹਿਤ ਪੰਜਾਬ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇ।
ਉਨ੍ਹਾਂ ਖੇਤੀ ਮਸ਼ੀਨਰੀ ਸਬਸਿਡੀ ’ਤੇ ਲੈਣ ਵਾਲੇ ਕਿਸਾਨਾਂ ਨੂੰ ਅਗਾਹ ਕਰਦਿਆਂ ਕਿਹਾ ਜੇਕਰ ਕਿਸਾਨ ਖੇਤੀ ਮਸ਼ੀਨਰੀ ਸਬਸਿਡੀ ’ਤੇ ਲੈਣ ਦੇ ਬਾਵਜਦ ਵੀ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਅਜਿਹਾ ਕਰਨ ’ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮਸ਼ੀਨਰੀ ਵੀ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਪਰਾਲੀ ਦੀਆਂ ਬੇਲਰ ਨਾਲ ਗੰਢਾਂ ਬਣਾ ਕੇ, ਪਰਾਲੀ ਦੀ ਤੂੜੀ ਬਣਵਾ ਕੇ ਜਾਂ ਵਿਫਰ ਸੁਪਰ ਸੀਡਰ ਸਰਫੇਸ ਸੀਡਰ ਨਾਲ ਸਿੱਧਾ ਬਿਜਾਈ ਕਰ ਰਹੇ ਹਨ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਉਨ੍ਹਾਂ ਕਿਹਾ ਕਿ ਪਿੰਡ ਕੁਤਬਾ ਦੇ ਕਿਸਾਨ ਅਰਜੀਤ ਸਿੰਘ ਭਦੌੜ ਨੇ 50 ਏਕੜ ਵਿੱਚ, ਸੁਰਿੰਦਰ ਸਿੰਘ ਨੇ 4 ਏਕੜ ਵਿੱਚ, ਜਸਪਾਲ ਸਿੰਘ ਮਹਿਲਕਲਾਂ 8 ਏਕੜ ਵਿੱਚ , ਕਿਸਾਨ ਗੁਰਬਖਸ਼ੀਸ਼ ਸਿੰਘ ਪਿੰਡ ਨਾਨਕਪੁਰਾ ਨੇ 90 ਏਕੜ ਵਿੱਚ, ਦਲਜੀਤ ਸਿੰਘ ਪਿੰਡ ਕੁਤਬਾ ਨੇ 10 ਏਕੜ ਵਿੱਚ ਪਰਾਲੀ ਦੀਆਂ ਗੰਢਾਂ ਬਣਾਈਆਂ। ਕਿਸਾਨ ਗੁਰਇਬਾਲ ਸਿੰਘ 25 ਏਕੜ ਰਕਬੇ ਦੀ ਤੂੜੀ ਬਣਾਈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਅਗਾਂਹਵਧੂ ਸੋਚ ਵਾਤਾਵਰਣ ਪ੍ਰੇਮੀ ਕਿਸਾਨ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰ ਰਹੇ ਹਨ। ਇਨ੍ਹਾਂ ਕਿਸਾਨ ਵੀਰਾਂ ਨੇ ਭਰੋਸਾ ਦਿਵਾਇਆ ਕਿ ਉਹ ਹੋਰਨਾ ਕਿਸਾਨਾਂ ਨੂੰ ਆਪਣੇ ਨਾਲ ਜ਼ੋੜਨਗੇ ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਪ੍ਰਬੰਧਨ ਕਰਨ ਵਿੱਚ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ : Farmer Pawan Kumar ਨੇ ਨਵੀਂ ਤਕਨੀਕ ਨਾਲ ਰੋਕਿਆ ਗੁਲਾਬੀ ਸੂੰਡੀ ਦਾ ਵਾਰ
ਮੁੱਖ ਖੇਤੀਬਾੜੀ ਅਫਸਰ, ਡਾ. ਜਗਦੀਸ਼ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਪਰਾਲੀ ਦਾ ਪ੍ਰਬੰਧਨ ਖੇਤੀ ਮਸ਼ੀਨੀਰੀ ਨਾਲ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ, ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾਉਣ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Punjab Farmers who became environmentalists presented a different example