Success Story: ਗੁੜ ਨਾਲ ਪੰਜਾਬ ਦੀ ਇੱਕ ਸੱਭਿਆਚਾਰਕ ਸਾਂਝ ਹੈ। ਜੇਕਰ ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਹ ਖੂਨ ਨੂੰ ਸ਼ੁੱਧ ਕਰਨ, ਫੇਫੜਿਆਂ ਨੂੰ ਸਾਫ ਕਰਨ ਅਤੇ ਪਾਚਣ ਸ਼ਕਤੀ ਨੂੰ ਵਧਾਉਣ ਵਿੱਚ ਲਾਹੇਵੰਦ ਹੈ। ਨਿਰਭੈ ਸਿੰਘ ਖਾਲਸਾ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਦੇ ਸੰਪਰਕ ਵਿੱਚ ਆਏ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ" ਵਿੱਚੋਂ ਸਿਖਲਾਈ ਹਾਸਲ ਕੀਤੀ। ਇਸ ਸਿਖਲਾਈ ਕੋਰਸ ਵਿੱਚ ਗੰਨੇ ਦੀ ਪਿੜਾਈ ਤੋਂ ਲੈ ਕੇ ਗੁੜ ਬਣਾਉਣ, ਸ਼ੱਕਰ ਬਣਾਉਣ ਅਤੇ ਸਾਂਭ-ਸੰਭਾਲ ਬਾਰੇ ਦੱਸਿਆ ਗਿਆ।
ਨਿਰਭੈ ਸਿੰਘ ਨੇ ਟ੍ਰੇਨਿੰਗ ਲੈਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕਿਸਮਾਂ ਜਿਵੇਂ ਕਿ (ਸੀ ਓ 118, ਸੀ ਓ ਜੇ 85, ਸੀ ਓ ਜੇ 64, ਸੀ ਓ ਪੀ ਬੀ 98, ਸੀ ਓ ਜੇ 88) ਆਪਣੇ ਖੇਤ ਵਿੱਚ ਲਗਾਈਆਂ ਅਤੇ ਇੰਨ-ਬਿੰਨ ਸਿਫਾਰਿਸ਼ਾਂ ਦੀ ਪਾਲਣਾ ਕੀਤੀ। ਇਸ ਤੋਂ ਬਾਅਦ ਉਸਨੇ ਹਰ ਇੱਕ ਕਿਸਮ ਦਾ ਗੁੜ ਬਣਾ ਕੇ ਦੇਖਿਆ ਜਿਸ ਨਾਲ ਬਾਜ਼ਾਰ ਵਿੱਚ ਉਹਨਾਂ ਦੇ ਗੁੜ ਦੀ ਮੰਗ ਵੱਧਣ ਲੱਗੀ। ਫਿਰ ਉਸਨੇ ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਪਿੰਡ ਸੁੱਖਾ ਸਿੰਘ ਵਾਲਾ ਵਿਖੇ ਆਪਣੀ ਹੀ ਜ਼ਮੀਨ ਕੁਲਹਾੜਾ ਲਗਾਉਣ ਬਾਰੇ ਵਿਉਂਤ ਬਣਾਈ।
ਸੰਨ 2020-2021 ਵਿੱਚ ਨਿਰਭੈ ਸਿੰਘ ਨੇ ਕੁਲਹਾੜਾ ਲਗਾ ਲਿਆ ਅਤੇ ਗੰਨਾ ਪੀੜਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਗੁੜ ਬਣਾਉਣ ਸਮੇਂ ਸਵੱਛਤਾ/ਸਫ਼ਾਈ ਨੂੰ ਮੁੱਖ ਰੱਖਦਿਆਂ ਹੋਇਆਂ ਕੁਲਹਾਰੇ ਵਾਲੀ ਥਾਂ ਨੂੰ ਪੱਕਾ ਕੀਤਾ ਅਤੇ ਸਾਰੇ ਪਾਸਿਆਂ ਤੋਂ ਜਾਲੀ ਵਾੜ ਦਿੱਤੀ ਤਾਂ ਜੋ ਕੋਈ ਵੀ ਮੱਖੀ, ਮੱਛਰ ਜਾਂ ਧੂੜ ਮਿੱਟੀ ਗੁੜ ਦੀ ਗੁਣਵੱਤਾ ਨੂੰ ਖਰਾਬ ਨਾ ਕਰ ਸਕੇ। ਗੁੜ ਬਣਾਉਣ ਦੀ ਵਿਧੀ ਬਾਰੇ ਸ. ਨਿਰਭੈ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਸ ਵੱਲੋਂ ਖੱੜਵਾਂ ਵੇਲਣਾ ਲਗਾਇਆ ਜਾਂਦਾ ਹੈ, ਜਿਸ ਤੋਂ 60-65% ਗੰਨੇ ਦਾ ਰਸ ਨਿਕਲਦਾ ਹੈ। ਇਸ ਤੋਂ ਬਾਅਦ ਕੜ੍ਹਾਇਆਂ ਵਿੱਚ ਗੰਨੇ ਦਾ ਰਸ ਪਾ ਕੇ ਚੰਗੀ ਤਰੀਕੇ ਨਾਲ ਉਸ ਨੂੰ ਗਰਮ ਕਰ ਕੇ ਦੇਸੀ ਭਿੰਡੀ ਨਾਲ ਮੈਲ ਲਾਈ ਜਾਂਦੀ ਹੈ। ਇਹ ਦੇਸੀ ਭਿੰਡੀ ਉਹ ਆਪਣੇ ਖੇਤ ਵਿੱਚ ਹੀ ਲਗਾਉਂਦੇ ਹਨ।
ਨਿਰਭੈ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨਾਲ 10-11 ਕਿਲੋਗੁੜ ਪ੍ਰਤੀ ਇੱਕ ਕੁਇੰਟਲ ਗੰਨੇ ਮਗਰ ਬਣਦਾ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਗੁੜ ਦੀ ਪ੍ਰੋਸੈਸਿੰਗ ਵੀ ਕਰਦਾ ਹੈ ਤਾਂ ਜੋ ਗੁੜ/ ਸ਼ੱਕਰ ਤੋਂ ਵੱਧ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ (70 ਤੋਂ 200 ਰਪੁਏ ਪ੍ਰਤੀ ਕਿਲੋ) ਉਸ ਵੱਲੋਂ ਵੱਖ-ਵੱਖ ਸਮੱਗਰੀ ਨੂੰ ਮਿਲਾ ਕੇ ਗੁੜ ਤਿਆਰ ਕੀਤਾ ਜਾਂਦਾ ਹੈ, ਜਿਵੇਂ ਕਿ ਬਰਫੀ ਕੱਟ ਵਾਲਾ ਗੁੜ (ਆਵਲਾ ਮਿਕਸ, ਮੂੰਗਫਲੀ ਮਿਕਸ, ਹਲਦੀ ਮਿਕਸ, ਡਰਾਈ ਫਰੂਟ ਮਿਕਸ) ਅਤੇ ਸ਼ੱਕਰ ਵਿੱਚ ਪਲੇਨ ਸ਼ੱਕਰ ਅਤੇ ਹਲਦੀ ਵਾਲੀ ਸ਼ੱਕਰ।
ਇਹ ਵੀ ਪੜ੍ਹੋ : Mansa District ਦਾ ਮਿਹਨਤਕਸ਼ ਨੌਜਵਾਨ Farmer Amandeep Singh
ਨਿਰਭੈ ਸਿੰਘ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣਾ ਗੰਨਾ ਲੈ ਕੇ ਉਸ ਕੋਲ ਆਉਂਦੇ ਹਨ ਤਾਂ ਉਹ ਉਹਨਾਂ ਦੇ ਕੁਝ ਸਧਾਰਨ ਰੇਟ ਰੱਖ ਕੇ ਉਸ ਤੋਂ ਗੁੜ ਬਣਵਾ ਸਕਦੇ ਹਨ। ਮੰਡੀਕਰਨ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਨੇ "ਖਾਲਸਾ ਗੁੜ" ਨਾਮ ਤੇ ਐਫ.ਐੱਸ.ਐੱਸ.ਏ.ਆਈ. ਤੋਂ ਲਾਈਸੰਸ ਵੀ ਲਿਆ ਹੋਇਆ ਹੈ ਤਾਂ ਜੋ ਸ਼ੁੱਧਤਾ ਵਾਲਾ ਗੁੜ ਲੋਕਾਂ ਨੂੰ ਮੁਹਈਆ ਕੀਤਾ ਜਾ ਸਕੇ। ਇਸ ਤਰ੍ਹਾਂ ਨਿਰਭੈ ਸਿੰਘ ਇੱਕ ਵਧੀਆ ਮਿਆਰੀ ਗੂੜ ਬਣਾ ਕੇ ਆਪਣੇ ਕਿੱਤੇ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਉਸਦਾ ਆਮਦਨ ਦਾ ਇੱਕ ਵਧੀਆ ਸਾਧਣ ਬਣਿਆ ਹੋਇਆ ਹੈ।
ਸਰਵਪ੍ਰਿਆ ਸਿੰਘ ਅਤੇ ਗੁਰਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Punjab Successful Farmer Nirbhay Singh Khalsa