Success Story: ਪੰਜਾਬ ਦੀ ਔਰਤ ਹਮੇਸ਼ਾਂ ਆਪਣੇ ਪਰਿਵਾਰ ਦੀ ਵਧੀਆ ਸਿਹਤ ਲਈ ਯਤਨਸ਼ੀਲ ਰਹਿੰਦੀ ਹੈ। ਹੁਣ ਕਿਸੇ ਵੀ ਖੇਤਰ ਵਿੱਚ ਔਰਤ ਮਰਦਾਂ ਨਾਲੋਂ ਪਿੱਛੇ ਨਹੀਂ ਰਹਿ ਗਈ। ਹੋਰ ਦੂਜੇ ਖੇਤਰਾਂ ਦੇ ਨਾਲ ਨਾਲ ਖੇਤੀ ਦੇ ਖੇਤਰ ਵਿੱਚ ਵੀ ਔਰਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਹਾਸਲ ਕਰ ਲਈ ਹੈ।
ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਕਿੱਤੇ ਜਿਵੇਂ ਮੱਛੀ ਅਤੇ ਸੂਰ ਪਾਲਣ ਨੂੰ ਏਕੀਕ੍ਰਿਤ ਢੰਗ ਨਾਲ ਪੂਰੀ ਕਾਮਯਾਬੀ ਨਾਲ ਕਰ ਰਹੀ ਹੈ ਇੱਕ ਉਦਮੀ ਅਤੇ ਹਿੰਮਤੀ ਔਰਤ ਅਮਨਦੀਪ ਕੌਰ ਸੰਘਾ, ਜੋ ਪਿੰਡ- ਲੇਸੜੀਵਾਲ, ਬਲਾਕ- ਆਦਮਪੁਰ, ਜ਼ਿਲ੍ਹਾ- ਜਲੰਧਰ ਦੀ ਰਹਿਣ ਵਾਲੀ ਹੈ।
ਪੜ੍ਹਾਈ ਛੱਡ ਕੇ ਸ਼ੁਰੂ ਕੀਤਾ ਸੂਰ-ਮੱਛੀ ਪਾਲਣ
ਐੱਮ. ਐੱਸ. ਸੀ., ਅਤੇ ਐੱਮ. ਸੀ. ਏ. ਤੱਕ ਦੀ ਪੜ੍ਹਾਈ ਪੂਰੀ ਕਰ ਚੁਕੀ ਹੈ ਅਤੇ ਪੀ. ਐੱਚ. ਡੀ. ਦੀ ਪੜ੍ਹਾਈ ਨੂੰ ਅੱਧ ਵਿਚਾਲਿਉਂ ਛੱਡ ਕੇ ਆਪਣੇ ਆਪ ਨੂੰ ਇਸ ਖੇਤੀ ਕਿੱਤਿਆਂ ਵਿੱਚ ਪੂਰੀ ਤਰਾਂ ਮਸ਼ਰੂਫ਼ ਕਰ ਲਿਆ। ਸੂਰ ਅਤੇ ਮੱਛੀ ਪਾਲਣ ਦਾ ਸਾਂਝਾ ਕਿੱਤਾ ਸ਼ੁਰੂ ਕਰਨ ਲਈ ਅਮਨਦੀਪ ਕੌਰ ਸੰਘਾ ਨੇ ਸੰਨ 2015 ਵਿੱਚ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਤੋਂ ਇੱਕ ਹਫ਼ਤੇ ਦੀ ਮੱਛੀ ਅਤੇ ਸੂਰ ਪਾਲਣ ਦੀ ਤਕਨੀਕੀ ਸਿਖਲਾਈ ਲਈ। 2017 ਵਿੱਚ ਅਮਨਦੀਪ ਕੌਰ ਸੰਘਾ ਨੇ ਆਪਣੀ ਪਰੰਪਰਾਗਤ ਖੇਤੀ ਦੇ ਨਾਲ ਨਾਲ ਮੱਛੀ ਅਤੇ ਸੂਰ ਪਾਲਣ ਦਾ ਇੱਕਸਾਰ ਕਿੱਤਾ ਆਰੰਭ ਕਰ ਲਿਆ। ਕਿੱਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਮਨਦੀਪ ਕੌਰ ਸੰਘਾ ਨੇ ਹੋਰ ਦੂਜੇ ਲੋਕਾਂ ਦੇ ਫ਼ਾਰਮਾਂ 'ਤੇ ਜਾ ਕੇ ਤਕਨੀਕੀ ਤੌਰ 'ਤੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਕਿੱਤੇ ਨੂੰ ਅਪਨਾਉਣ ਲਈ ਪੂਰੀ ਤਰਾਂ ਪੱਕਾ ਨਿਸ਼ਚਾ ਕਰ ਲਿਆ।
ਅਮਨਦੀਪ ਕੌਰ ਸੰਘਾ ਦਾ ਸ਼ੁਰੂਆਤੀ ਸਫਰ
ਆਪਣੀ ਕੁਲ ਜ਼ਮੀਨ ਵਿੱਚ ਲਗਭਗ 3 ਏਕੜ ਵਿੱਚ ਮੱਛੀ ਦਾ ਤਲਾਅ ਬਣਾਇਆ ਅਤੇ ਨਾਲ ਹੀ ਲਈ ਮੱਛੀ ਤਲਾਅ ਦੇ ਉੱਤੇ ਹੀ ਇੱਕ ਸੂਰ ਸੂਰੀਆਂ ਲਈ ਇੱਕ ਪੱਕਾ ਸ਼ੈੱਡ ਬਣਾਇਆ ਹੈ ਜਿਸ ਨਾਲ ਸੂਰਾਂ ਦਾ ਮਲਮੂਤਰ ਅਤੇ ਬੇਕਾਰ ਹੋ ਗਈ ਖੁਰਾਕ ਮੱਛੀਆਂ ਦੇ ਤਲਾਅ ਵਿੱਚ ਜਾਂਦੀ ਹੈ, ਜਿਸ ਨੂੰ ਮੱਛੀਆਂ ਖੁਰਾਕ ਵੱਜੋਂ ਖਾਂਦੀਆਂ ਹਨ ਅਤੇ ਮੱਛੀਆਂ ਦੇ ਤਲਾਅ ਦਾ ਪਾਣੀ ਖੇਤਾਂ ਵਿੱਚ ਲੱਗਦਾ ਹੈ ਅਤੇ ਫ਼ਸਲਾਂ ਖੁਸ਼ਹਾਲ ਹੁੰਦੀਆਂ ਹਨ। ਇਸ ਕਿੱਤੇ ਤੋਂ ਇਲਾਵਾ ਅਮਨਦੀਪ ਕੌਰ ਸੰਘਾ ਲਗਭਗ 12 ਏਕੜ ਜ਼ਮੀਨ ਵਿੱਚ ਖੇਤੀ ਵੀ ਕਰਦੀ ਹੈ ਜਿਸ ਵਿੱਚ ਕਣਕ, ਝੋਨਾ, ਮੱਕੀ, ਆਲੂ, ਗੋਭੀ, ਟਮਾਟਰ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ।
ਪਰਿਵਾਰ ਦਾ ਪੂਰਾ ਸਹਿਯੋਗ
ਅਮਨਦੀਪ ਕੌਰ ਸੰਘਾ ਦੇ ਪਿਤਾ ਸਰਦਾਰ ਬਲਜਿੰਦਰ ਸਿੰਘ, ਪਤੀ ਖੁਸ਼ਪਾਲ ਸਿੰਘ ਸੰਘਾ ਜੋ ਕਿ ਕਨੇਡਾ ਦੇ ਪੱਕੇ ਵਸਨੀਕ ਹਨ ਅਤੇ ਉਸ ਦੀਆਂ ਬੇਟੀਆਂ ਸਵਰੀਤ ਕੌਰ ਸੰਘਾ ਅਤੇ ਸਿਮਰਨ ਕੌਰ ਸੰਘਾ ਸਾਰਾ ਪਰਿਵਾਰ ਇਸ ਉੱਦਮ ਲਈ ਉਸ ਦਾ ਪੂਰਾ ਸਹਿਯੋਗ ਦਿੰਦਾ ਹੈ। ਅਮਨਦੀਪ ਕੌਰ ਸੰਘਾ ਅਨੁਸਾਰ ਮੱਛੀ ਪਾਲਣ ਦੇ ਕਿੱਤੇ ਵਿੱਚ ਤਾਂ ਉਸਨੂੰ ਕੋਈ ਖਾਸ ਸਮਸਿਆ ਨਹੀਂ ਆਈ ਪਰ ਸੂਰ ਪਾਲਣ ਦੇ ਕਿੱਤੇ ਵਿੱਚ ਸੂਰੀਆਂ ਦੇ ਇੱਕਸਾਰ ਅਤੇ ਇੱਕ ਸਮੇਂ ਸੂਣ ਕਾਰਨ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਸੂਰਾਂ ਅਤੇ ਮੱਛੀਆਂ ਦੀਆਂ ਬਿਮਾਰੀਆਂ ਅਤੇ ਹੋਰ ਮੌਜੂਦਾ ਸਮੱਸਿਆਵਾ ਲਈ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ, ਜ਼ਿਲੇ ਦਾ ਮੱਛੀ ਪਾਲਣ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੂਆਰਾ ਪੂਰੀ ਮਦਦ ਕੀਤੀ ਜਾਂਦੀ ਹੈ।
ਵੈਟਨਰੀ ਯੂਨੀਵਰਸਿਟੀ ਦਾ ਸਹਿਯੋਗ
ਮੱਛੀ ਪਾਲਣ ਵਿਭਾਗ ਦੇ ਡਾ. ਹਰਦੇਵ ਸਿੰਘ, ਡਾ. ਸ਼ੁਭਵੰਤ ਕੌਰ, ਪਸ਼ੂ ਪਾਲਣ ਵਿਭਾਗ ਦੇ ਡਾ. ਯਸ਼ਪਾਲ ਬਾਂਗੜ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮੀਰਾ ਡੀ. ਅੰਸਲ, ਡਾ. ਵਨੀਤ ਇੰਦਰ ਕੌਰ, ਡਾ. ਪ੍ਰਭਜੀਤ ਸਿੰਘ ਅਤੇ ਡਾ. ਅਮਿਤ ਸ਼ਰਮਾ ਦਾ ਪੂਰਾ ਸਹਿਯੋਗ ਮਿਲਦਾ ਰਹਿੰਦਾ ਹੈ। ਜੇਕਰ ਸੂਰਾਂ ਦੀ ਗਲ ਕਰੀਏ ਤਾਂ ਸੂਰਾਂ ਦਾ ਜ਼ਿਆਦਾਤਰ ਮੰਡੀਕਰਨ ਨਾਗਾਲੈਂਡ ਅਸਾਮ ਵਿੱਚ ਹੀ ਹੁੰਦਾ ਹੈ ਅਤੇ ਵਪਾਰੀ ਇਹਨਾਂ ਦੇ ਫ਼ਾਰਮ ਤੋਂ ਹੀ ਜ਼ਿੰਦਾ ਸੂਰ ਖਰੀਦ ਕੇ ਲੈ ਜਾਂਦੇ ਹਨ।
ਮੱਛੀਆਂ ਦੀਆਂ ਮੁੱਖ ਕਿਸਮਾਂ
ਅਮਨਦੀਪ ਕੌਰ ਸੰਘਾ ਨੇ ਆਪਣੇ ਮੱਛੀ ਤਲਾਅ ਵਿੱਚ ਮੱਛੀਆਂ ਦੀਆਂ ਮੁੱਖ ਕਿਸਮਾਂ ਜਿਵੇਂ ਗ੍ਰਾਸ ਕਾਰਪ, ਰੋਹੂ, ਕੱਤਲਾ, ਮੁਰਾਕ, ਗੋਲਡਨ ਆਦਿ ਪਾਲੀਆਂ ਹੋਈਆਂ ਹਨ। ਇਹਨਾ ਮੱਛੀਆਂ ਦਾ ਮੰਡੀਕਰਨ ਵੀ ਵਧੀਆ ਹੋ ਜਾਂਦਾ ਹੈ। ਮਛਵਾਰੇ ਅਤੇ ਵਪਾਰੀ ਆਪ ਹੀ ਮੱਛੀ ਤਲਾਅ ਤੋਂ ਮੱਛੀ ਫੜ ਕੇ ਲੈ ਜਾਂਦੇ ਹਨ ਅਤੇ ਮੌਕੇ ਤੇ ਹੀ ਪੈਸਿਆਂ ਦਾ ਭੁਗਤਾਨ ਕਰ ਦਿੰਦੇ ਹਨ। ਇਸ ਲਈ ਅਮਨਦੀਪ ਕੌਰ ਸੰਘਾ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਸੂਰ ਅਤੇ ਮੱਛੀ ਪਾਲਣ ਦੇ ਕਿੱਤੇ ਦਾ ਇਸ ਤਰਾਂ ਪ੍ਰਬੰਧਨ ਕਰਦੀ ਹੈ ਕਿ ਸਾਰਾ ਸਾਲ ਉਸਨੂੰ ਆਮਦਨ ਆਉਂਦੀ ਰਹਿੰਦੀ ਹੈ।
ਖੇਤੀ ਜਿਣਸਾਂ ਦਾ ਮੰਡੀਕਰਨ
ਹੋਰ ਦੂਜੀਆਂ ਖੇਤੀ ਜਿਣਸਾਂ ਦੇ ਮੰਡੀਕਰਨ ਲਈ ਵੀ ਅਮਨਦੀਪ ਕੌਰ ਸੰਘਾ ਨੂੰ ਕੋਈ ਵਿਸ਼ੇਸ਼ ਉਦਮ ਕਰਨ ਦੀ ਲੋੜ ਨਹੀਂ ਪੈਂਦੀ। ਖੇਤਾਂ ਵਿੱਚ ਪੈਦਾ ਕੀਤੀ ਸਾਰੀ ਮੱਕੀ ਆਪਣੇ ਸੂਰਾਂ ਦੀ ਫ਼ੀਡ ਦੇ ਤੌਰ 'ਤੇ ਵਰਤੀ ਜਾਂਦੀ ਹੈ। ਕਣਕ ਅਤੇ ਝੋਨਾ ਮੰਡੀ ਵਿੱਚ ਸਰਕਾਰੀ ਭਾਅ 'ਤੇ ਵਿੱਕ ਜਾਂਦਾ ਹੈ ਅਤੇ ਸਬਜ਼ੀਆਂ ਵੀ ਮੱਡੀ ਵਿੱਚ ਵਧੀਆ ਭਾਅ 'ਤੇ ਵਿੱਕ ਜਾਂਦੀਆਂ ਹਨ।
ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ
ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਅਮਨਦੀਪ ਕੌਰ ਸੰਘਾ ਡੇਅਰੀ ਦਾ ਕਿੱਤਾ ਵੀ ਸ਼ੁਰੂ ਕਰਨ ਲਈ ਯੋਜਨਾ ਬਣਾਅ ਰਹੀ ਹੈ ਅਤੇ ਨਾਲ ਹੀ ਮੁਰਗੀ ਫ਼ਾਰਮ ਵੀ ਸ਼ੁਰੂ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਸੂਰ ਅਤੇ ਮੱਛੀ ਦੇ ਉਤਪਾਦ ਬਣਾਅ ਕੇ ਵੇਚਲ ਲਈ ਆਪਣੇ ਫ਼ਾਰਮ ਤੇ ਹੀ ਇੱਕ ਦੁਕਾਨ ਬਣਾਉਣਾ ਵੀ ਉਸ ਦੀਆਂ ਭਵਿੱਖ ਯੋਜਨਾਵਾਂ ਹਨ। ਇਸ ਤੋਂ ਇਲਾਵਾ ਆਪਣੇ ਸੂਰ ਅਤੇ ਮੱਛੀ ਪਾਲਣ ਦੇ ਕਿੱਤੇ ਨੂੰ ਵਧਾਉਣ ਬਾਰੇ ਵੀ ਯੋਜਨਾਬੰਦੀ ਚਲ ਰਹੀ ਹੈ। ਅਮਨਦੀਪ ਕੌਰ ਸੰਘਾ ਦੇ ਫ਼ਾਰਮ ਨੂੰ ਦੇਖਣ ਲਈ ਅਤੇ ਤਕਨੀਕੀ ਜਾਣਕਾਰੀ ਲੈਣ ਲਈ ਵਿਦਿਆਰਥੀ ਅਤੇ ਸਿਖਿਆਰਥੀ ਅਤੇ ਹੋਰ ਉਦਮੀ ਜੋ ਇਸ ਕੰਮ ਨੂੰ ਕਰਨਾ ਚਾਹੁੰਦੇ ਉਹ ਆਉਂਦੇ ਰਹਿੰਦੇ ਹਨ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: Amandeep Kaur Sangha, a courageous and enterprising woman who is engaged in pig and fish farming, plans to start Dairy and Poultry Farm in future.