Successful Punjab Farmer: ਪੰਜਾਬ ਦੇ ਛੋਟੇ ਕਿਸਾਨਾਂ ਲਈ ਚਾਨਣ ਮੁਨਾਰਾ ਬਣੇ ਕਿਸਾਨ ਕਰਨੈਲ ਸਿੰਘ ਨੇ ਸਹੀ ਮਾਇਨੇ ਵਿੱਚ ਸਫਲਤਾ ਦੀ ਕਹਾਣੀ ਲਿਖੀ ਹੈ। ਜੀ ਹਾਂ, ਕਿਸਾਨ ਦੀ ਸਫਲਤਾ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਜੋ ਕੋਈ ਇਨ੍ਹਾਂ ਬਾਰੇ ਸੁਣਦਾ ਹੈ ਉਹ ਇਨ੍ਹਾਂ ਦੀ ਤਰੀਫ ਕਰਦੇ ਥੱਕਦਾ ਨਹੀਂ। ਦੱਸ ਦੇਈਏ ਕਿ ਇਹ ਸਫਲਤਾ ਕਿਸਾਨ ਨੂੰ ਉਨ੍ਹਾਂ ਦੀ ਸਹੀ ਯੋਜਨਾਬੰਦੀ ਅਤੇ ਸਖ਼ਤ ਮਿਹਨਤ ਸਦਕਾ ਹਾਸਲ ਹੋਈ ਹੈ।
ਸ. ਕਰਨੈਲ ਸਿੰਘ ਗਰੇਵਾਲ ਰੋਪੜ ਦੇ ਪਿੰਡ ਭੈਣੀ ਦੇ ਵਸਨੀਕ ਹਨ ਅਤੇ 1.5 ਏਕੜ ਜ਼ਮੀਨ ਤੇ ਵਾਹੀ ਕਰਦੇ ਹਨ। 12ਵੀਂ ਤੱਕ ਦੀ ਪੜਾਈ ਕਰਨ ਉਪਰੰਤ ਉਹ ਦੇਸ਼ ਸੇਵਾ ਦੇ ਉਦੇਸ਼ ਨਾਲ ਭਾਰਤੀ ਸੈਨਾ ਵਿੱਚ ਭਰਤੀ ਹੋ ਗਏ। 17 ਸਾਲਾਂ ਦੀ ਨੌਕਰੀ ਕਰਨ ਉਪਰੰਤ, 36 ਸਾਲਾਂ ਦੀ ਉਮਰ ਦੇ ਵਿੱਚ ਫੌਜ ਤੋਂ ਸੇਵਾਮੁਕਤ ਹੋਏ। ਛੋਟੇ ਕਿਸਾਨ ਹੋਣ ਕਾਰਨ ਉਹ ਆਪਣੇ ਸੀਮਿਤ ਸਾਧਨਾਂ ਵਿੱਚ ਆਪਣੀ ਕਮਾਈ ਵਧਾਉਣ ਦੇ ਤਰੀਕੇ ਖੋਜਣ ਲੱਗੇ। ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਖੁੰਬ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਨੇ ਸ਼ੁਰੂਆਤ ਆਪਣੇ ਖੇਤ ਵਿੱਚ ਇੱਕ ਛੋਟੇ ਜਿਹੇ ਕਮਰੇ ਤੋਂ ਕੀਤੀ, ਜਿਸ ਤੋਂ ਤਰੱਕੀ ਕਰ ਕੇ ਹੁਣ ਉਨ੍ਹਾਂ ਨੇ ਚਾਰ ਸ਼ੈਡ ਅਤੇ ਦੋ ਏਅਰ ਕੰਡੀਸ਼ਨ (ਏ.ਸੀ.) ਯੂਨਿਟ ਤੱਕ ਅਤਪਣੇ ਕੰਮ ਦਾ ਵਿਸਥਾਰ ਕਰ ਲਿਆ ਹੈ। ਏ.ਸੀ. ਯੂਨਿਟ ਦੀ ਸਹਾਇਤਾ ਨਾਲ ਸ. ਕਰਨੈਲ ਸਿੰਘ ਜੀ ਆਪਣੇ ਫ਼ਾਰਮ ਤਕਰੀਬਨ ਸਾਰਾ ਸਾਲ ਖੁੰਬ ਉਤਪਤਦਨ ਕਰ ਕੇ ਚੰਗੀ ਕਮਾਈ ਕਰ ਰਹੇ ਹਨ।
ਇਹ ਵੀ ਪੜ੍ਹੋ : Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ
ਟ੍ਰੇਨਿੰਗ
ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਪਹਿਲੀ ਪੌੜੀ ਸਹੀ ਟ੍ਰੇਨਿੰਗ ਹੁੰਦੀ ਹੈ। ਸੋ ਸ. ਕਰਨੈਲ ਸਿੰਘ ਜੀ ਨੇ ਖੁੰਬ ਉਤਪਾਦਨ ਦੀ ਟ੍ਰੇਨਿੰਗ ਲੈਣ ਲਈ ਸਾਲ 2017 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਸੰਪਰਕ ਵਿੱਚ ਆਏ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਾਫ਼ੀ ਤਰੱਕੀ ਹਾਸਿਲ ਕੀਤੀ।
ਕੰਮ ਵਿੱਚ ਮਿਲਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਅਤੇ ਹੋਰ ਸਿੱਖਣ ਦੀ ਚਾਹ ਸ. ਕਰਨੈਲ ਸਿੰਘ ਜੀ ਨੂੰ ਸੋਲਨ ਲੈ ਗਈ ਜਿੱਥੇ ਡਾਇਰੈਕਟੋਰੇਟ ਖੁੰਬ ਖੋਜ ਤੋਂ ਉਨ੍ਹਾਂ ਨੇ 10 ਦਿਨਾਂ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਸੋਲਨ ਤੋਂ ਪ੍ਰਾਪਤ ਟ੍ਰੇਨਿੰਗ ਨਾਲ ਜਿੱਥੇ ਉਨ੍ਹਾਂ ਦੇ ਇਸ ਕੰਮ ਨੂੰ ਕਰਨ ਦੇ ਗਿਆਨ ਵਿੱਚ ਵਾਧਾ ਹੋਇਆ ਉੱਥੇ ਉਨ੍ਹਾਂ ਨੇ ਕੁਝ ਹੋਰ ਤਕਨੀਕੀ ਗੱਲਾਂ ਵੀ ਸਿੱਖੀਆਂ। ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਲਗਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣ ਦੀ ਲਾਲਸਾ ਕਾਬਿਲ-ਏ-ਤਾਰੀਫ਼ ਹੈ।
ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ
ਉਪਲੱਬਧੀਆਂ
ਇਸ ਸਮੇਂ ਸ. ਕਰਨੈਲ ਸਿੰਘ ਜੀ ਨੇ ਆਪਣੀ ਜ਼ਮੀਨ ਵਿੱਚ 4 ਕਨਾਲ ਤੇ ਖੁੰਬ ਉਤਪਾਦਨ ਯੂਨਿਟ ਲਾਇਆ ਹੈ ਅਤੇ ਬਾਕੀ ਜ਼ਮੀਨ ਤੇ ਕਣਕ, ਝੋਨਾ ਅਤੇ ਮੱਕੀ ਦੀ ਖੇਤੀ ਕਰਦੇ ਹਨ। ਖੁੰਬ ਉਤਪਾਦਨ ਲਈ ਉਨ੍ਹਾਂ ਦੇ ਫਾਰਮ ਤੇ ਦੋ ਏ. ਸੀ. ਯੂਨਿਟ ਅਤੇ ਚਾਰ ਸ਼ੈੱਡ ਹਨ। ਆਪਣੇ ਖੇਤ ਤੇ ਪਰਾਲੀ ਦਾ ਵੀ ਉਹ ਬਖੂਬੀ ਇਸਤੇਮਾਲ ਕਰ ਰਹੇ ਹਨ। ਜਿੱਥੇ ਕਣਕ ਦੀ ਪਰਾਲੀ ਨੂੰ ਖੁੰਬ ਉਤਪਾਦਨ ਵਿੱਚ ਵਰਤਿਆ ਜਾਂਦਾ ਹੈ, ਉੱਥੇ ਝੋਨੇ ਦੀ ਪਰਾਲੀ ਦੀ ਵਰਤੋਂ ਸ਼ੈੱਡਾਂ ਦੀਆਂ ਛੱਤਾਂ ਲਈ ਕੀਤੀ ਜਾਂਦੀ ਹੈ।
ਆਪਣੇ ਯੂਨਿਟ ਵਿੱਚ ਉਹ ਗਰਮ ਅਤੇ ਸਰਦ ਰੁੱਤ ਦੌਰਾਨ ਬਟਨ ਖੁੰਬ ਉਗਾਉਂਦੇ ਹਨ ਜਿਸ ਲਈ ਵਧੀਆ ਉਪਜ ਵਾਲਾ ਬੀਜ ਉਹ ਸੋਲਨ ਤੋਂ ਮੰਗਵਾਉਂਦੇ ਹਨ। ਗਰਮੀ ਰੁੱਤ ਦੇ ਖੁੰਬ ਲਈ ਉਹ ਜੁਲਾਈ ਦੇ ਮਹੀਨੇ ਵਿੱਚ ਸ਼ੁਰੂਆਤ ਏ.ਸੀ. ਯੂਨਿਟ ਵਿੱਚ ਕਰ ਦਿੰਦੇ ਹਨ, ਜਿਸ ਤੋਂ ਸਤੰਬਰ-ਅਕਤੂਬਰ ਦੇ ਮਹੀਨੇ ਤੱਕ ਖੁੰਬ ਪ੍ਰਾਪਤ ਕਰਦੇ ਰਹਿੰਦੇ ਹਨ।
ਇਸ ਉਪਰੰਤ ਸਤੰਬਰ ਮਹੀਨੇ ਵਿੱਚ ਸਰਦ ਰੁੱਤ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਅਪ੍ਰੈਲ-ਮਈ ਦੇ ਮਹੀਨੇ ਤੱਕ ਖੁੰਬਾਂ ਦੀ ਆਮਦ ਹੁੰਦੀ ਰਹਿੰਦੀ ਹੈ। ਰੁੱਤ ਦੇ ਅਨੁਸਾਰ, ਫ਼ਾਰਮ ਤੇ ਖੁੰਬਾਂ ਔਸਤ 110-115 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀਆਂ ਹਨ।
ਗਰਮੀ ਰੁੱਤ ਦੌਰਾਨ ਕਿਉਂਕਿ ਉਤਪਾਦਨ ਥੋੜਾ ਘਟ ਜਾਂਦਾ ਹੈ ਪਰ ਇਸ ਦੀ ਕੀਮਤ 130-150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੀ ਹੈ। ਜਦੋਂਕਿ, ਸਰਦੀਆਂ ਦੌਰਾਨ ਜ਼ਿਆਦਾ ਉਤਪਾਦਨ ਹੁੰਦਾ ਹੈ ਜੋ ਕੀਮਤ ਨੂੰ 110-130 ਰੁਪਏ ਪ੍ਰਤੀ ਕਿਲੋ ਤੱਕ ਲੈ ਜਾਂਦਾ ਹੈ। ਇੱਕ ਕਿਲੋ ਖੁੰਬ ਪੈਦਾ ਕਰਨ ਤੇ ਔਸਤ 70-75 ਰੁਪਏ ਦਾ ਖਰਚਾ ਬੀਜ, ਲੇਬਰ ਅਤੇ ਹੋਰ ਕੱਚੇ ਮਾਲ ਦੀ ਲਾਗਤ ਸਮੇਤ ਆਉਂਦਾ ਹੈ।
ਵਿਕਰੀ ਉਪਰੰਤ ਔਸਤ 20-25 ਰੁਪਏ ਦਾ ਮੁਨਾਫ਼ਾ ਪ੍ਰਤੀ ਕਿਲੋ ਪਿੱਛੇ ਹੁੰਦਾ ਹੈ ਜੋ ਕਿ ਰੁੱਤ ਅਨੁਸਾਰ ਵੱਧ ਘੱਟ ਹੁੰਦਾ ਰਹਿੰਦਾ ਹੈ। ਉਦਾਹਰਨ ਦੇ ਤੌਰ ਤੇ ਗਰਮੀਆਂ ਦੌਰਾਨ ਏ.ਸੀ. ਯੂਨਿਟ ਚੱਲਣ ਕਾਰਨ ਲਾਗਤ ਵਧ ਜਾਂਦੀ ਹੈ, ਉੱਥੇ ਹੀ ਇਸ ਸਾਲ ਤੂੜੀ ਦਾ ਭਾਅ ਜ਼ਿਆਦਾ ਹੋਣ ਕਾਰਨ, ਪ੍ਰਤੀ ਕਿਲੋ ਦੀ ਲਾਗਤ ਵਧ ਕੇ 80-85 ਰੁਪਏ ਤੱਕ ਚਲੀ ਗਈ ਹੈ।
ਸੇਧ
ਸ. ਕਰਨੈਲ ਸਿੰਘ ਰਿਵਾਇਤੀ ਖੇਤੀ ਦੇ ਨਾਲ ਨਾਲ ਖੁੰਬਾਂ ਦਾ ਸਹਾਇਕ ਧੰਦਾ ਅਪਣਾ ਕੇ ਸੀਮਿਤ ਸਾਧਨਾਂ ਤੋਂ ਚੰਗੀ ਕਮਾਈ ਕਰ ਰਹੇ ਹਨ। ਉਨ੍ਹਾਂ ਦੇ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਲੇ ਦੁਆਲੇ ਦੇ ਲੋਕਾਂ ਨੂੰ ਮਸ਼ਰੂਮ ਬਾਰੇ ਜਿਆਦਾ ਜਾਣਕਾਰੀ ਨਹੀਂ ਸੀ, ਪਰ ਹੁਣ ਇਸ ਦੀ ਮੰਗ ਐਨੀ ਹੈ ਕਿ ਪਿੰਡ ਦੀ ਮੰਡੀ ਵਿੱਚ ਹੀ ਰੋਜ਼ਾਨਾ 20 ਕਿਲੋ ਦੀ ਵਿਕਰੀ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਦੂਰ ਨੇੜੇ ਦੀਆਂ ਮੰਡੀਆਂ ਜਿਵੇਂ ਕਿ ਕੀਰਤਪੁਰ ਸਾਹਿਬ, ਰੋਪੜ, ਚੰਡੀਗੜ੍ਹ ਅਤੇ ਲੁਧਿਆਣੇ ਦੀ ਮੰਡੀ ਵਿੱਚ ਵੀ ਸ. ਕਰਨੈਲ ਸਿੰਘ ਖੁੰਬਾਂ ਆਪ ਲੈ ਕੇ ਜਾਂਦੇ ਹਨ। ਉਨ੍ਹਾਂ ਦੇ ਸਿਰੜ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੀ ਸਵੇਰ ਦੇ ਦੋ ਵਜੇ ਹੁੰਦੀ ਹੈ।
ਸ. ਕਰਨੈਲ ਸਿੰਘ ਉਨ੍ਹਾਂ ਛੋਟੇ ਕਿਸਾਨਾਂ ਲਈ ਇੱਕ ਰਾਹ ਦਸੇਰੇ ਹਨ, ਜੋ ਆਪਣਾ ਜੀਵਨ ਪੱਧਰ ਸੁਧਾਰਨ ਲਈ ਯਤਨਸ਼ੀਲ ਹਨ, ਪਰ ਰਿਸਕ ਲੈਣ ਤੋਂ ਝਿਜਕਦੇ ਹਨ। ਨਾਲ ਹੀ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਸਹੀ ਵਿਉਂਤਬੰਦੀ ਅਤੇ ਸਖ਼ਤ ਮਿਹਨਤ ਕਦੇ ਵੀ ਅਜਾਈਂ ਨਹੀਂ ਜਾਂਦੀ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: Farmer Karnail Singh is an example of proper planning and hard work