Success Story: ਸ. ਕੁਲਵਿੰਦਰ ਸਿੰਘ, ਪਿੰਡ ਖੋਖਰ ਕਲਾਂ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਇੱਕ ਉੱਦਮੀ ਕਿਸਾਨ ਹਨ। ਉਨ੍ਹਾਂ ਨੇ ਬੀ.ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਖੇਤੀਬਾੜੀ ਵਿੱਚ ਕਦਮ ਰੱਖਿਆ। ਅੱਧਾ ਏਕੜ ਤੋਂ ਖੇਤੀ ਦੀ ਸ਼ੁਰੂਆਤ ਕਰਨ ਵਾਲੇ ਇਸ ਕਿਸਾਨ ਨੇ ਅੱਜ ਆਪਣੀ 17 ਏਕੜ ਜ਼ਮੀਨ ਉੱਪਰ ਆਧੁਨਿਕ ਤਕਨੀਕਾਂ ਆਪਣਾ ਕੇ ਸਫਲਤਾ ਦੀ ਕਹਾਣੀ ਸਿਰਜੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਦੌਰ ਵਿੱਚ ਕੁਲਵਿੰਦਰ ਸਿੰਘ ਰਵਾਇਤੀ ਫ਼ਸਲਾਂ ਦੀ ਖੇਤੀ ਕਰਦੇ ਸਨ। ਪਰ ਲੱਗਭਗ ਪਿਛਲੇ 6-7 ਸਾਲਾਂ ਤੋਂ ਉਹਨਾਂ ਨੇ ਸਮੇਂ ਦੇ ਹਾਣੀ ਬਣਨ ਲਈ ਸਬਜ਼ੀਆਂ ਦੀ ਖੇਤੀ ਵੱਲ ਰੁੱਖ ਕੀਤਾ। ਸਬਜ਼ੀਆਂ ਵਿੱਚ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਦੀ ਸ਼ੁਰੂਆਤ ਤੋਂ ਬਾਅਦ ਉਹ ਮਾਨਸਾ ਜਿਲ੍ਹੇ ਵਿੱਚ ਨੀਵੀਂ ਸੁਰੰਗ ਹੇਠ ਖ਼ਰਬੂਜ਼ੇ ਦੀ ਖੇਤੀ ਦੀ ਪਹਿਲਕਦਮੀ ਕਰਨ ਵਾਲੇ ਸਫ਼ਲ ਕਿਸਾਨਾਂ ਵਿੱਚੋ ਇੱਕ ਹਨ। ਇਸ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਲਈ ਉਹ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਤੇ ਅਗਾਂਹਵਧੂ ਕਿਸਾਨਾਂ ਦੇ ਨਿਰੰਤਰ ਸੰਪਰਕ ਵਿੱਚ ਰਹਿੰਦੇ ਹਨ।
ਉਹਨਾਂ ਨੇ ਸਾਲ 2021 ਵਿੱਚ ਖਰਬੂਜ਼ੇ ਦੀ ਖੇਤੀ ਦੀ ਸ਼ੁਰੂਆਤ ਅੱਧਾ ਏਕੜ ਤੋਂ ਕੀਤੀ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਪੀਲੇ ਧੱਬਿਆਂ ਦਾ ਰੋਗ ਅਤੇ ਫ਼ਲ ਦੀ ਮੱਖੀ ਦਾ ਅਚਨਚੇਤ ਹਮਲਾ ਸੀ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਨੂੰ ਖਰਬੂਜ਼ੇ ਦੀ ਫ਼ਸਲ ਨੇ ਰਵਾਇਤੀ ਫ਼ਸਲਾਂ ਦੇ ਬਰਾਬਰ ਮੁਨਾਫ਼ਾ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਖਰਬੂਜ਼ੇ ਦੀ ਖੇਤੀ ਜਾਰੀ ਰੱਖਣ ਦਾ ਹੌਸਲਾ ਮਿਲਿਆ। ਪਹਿਲੀ ਵਾਰ ਦੇ ਕੌੜੇ ਤਜ਼ਰਬੇ ਉਹਨਾਂ ਲਈ ਦੂਜੇ ਸਾਲ ਮਿਠਾਸ ਭਰੇ ਸਾਬਿਤ ਹੋਏ ਅਤੇ ਉਹਨਾਂ ਨੇ ਦੂਜੇ ਸਾਲ ਚੋਖਾ ਮੁਨਾਫ਼ਾ ਕਮਾਇਆ।
ਇਹ ਵੀ ਪੜ੍ਹੋ : ਕਣਕ ਦੀ 826 ਕਿਸਮ ਨੇ ਤੋੜੇ Record, Seeds ਲੈਣ ਲਈ Farmer Harpreet Singh ਨੂੰ ਕਰੋ Contact
ਸਾਲ 2022 ਉਹਨਾਂ ਨੇ ਪੌਣੇ ਦੋ ਕਿੱਲੇ ਉੱਪਰ ਖ਼ਰਬੂਜ਼ੇ ਦੀ ਬਿਜਾਈ ਕੀਤੀ ਅਤੇ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਮਿਲ ਕੇ ਚੰਗੀਆਂ ਖੇਤੀ ਤਕਨੀਕਾਂ ਅਪਨਾ ਕੇ ਖੇਤੀ ਖਰਚ ਘਟਾਏ ਅਤੇ ਵੱਧ ਮੁਨਾਫ਼ਾ ਪ੍ਰਾਪਤ ਕੀਤਾ। ਫ਼ਲ ਦੀ ਮੱਖੀ ਤੋਂ ਬਚਾਅ ਲਈ ਸ. ਕੁਲਵਿੰਦਰ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਏ ਪੀ.ਏ.ਯੂ ਫਰੂਟ ਫਲਾਈ ਟ੍ਰੈਪ ਦੀ ਸਮੇਂ ਸਿਰ ਵਰਤੋਂ ਕੀਤੀ ਅਤੇ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਅ ਲਈ ਭਰਵੀਂ ਸਿੰਚਾਈ ਕਰਨ ਤੋਂ ਗੁਰੇਜ਼ ਕੀਤਾ।
ਇਹ ਵੀ ਪੜ੍ਹੋ : Farmer Kuljinder Singh ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਇਆ ਨਵਾਂ ਰਾਹ
ਖ਼ਰਬੂਜ਼ੇ ਦੇ ਵਧੀਆ ਮੰਡੀਕਰਨ ਲਈ ਉਹਨਾਂ ਹੋਰਨਾਂ ਕਿਸਾਨਾਂ ਦੇ ਸਹਿਯੋਗ ਨਾਲ ਆਪਣੇ ਅਤੇ ਨੇੜਲੇ ਪਿੰਡ ਦੇ ਕਿਸਾਨਾਂ ਨੂੰ ਵੀ ਖ਼ਰਬੂਜ਼ੇ ਦੀ ਖੇਤੀ ਵੱਲ ਆਉਣ ਲਈ ਉਤਸ਼ਾਹਿਤ ਕੀਤਾ।ਖ਼ਰਬੂਜ਼ੇ ਦੀ ਖੇਤੀ ਹੇਠ ਚੰਗਾ ਰਕਬਾ ਹੋਣ ਕਾਰਨ ਵਪਾਰੀ ਸਿੱਧੇ ਉਹਨਾਂ ਦੇ ਖੇਤ ਵਿੱਚੋਂ ਹੀ ਫ਼ਸਲ ਲੈ ਜਾਂਦੇ ਹਨ ਅਤੇ ਨੀਵੇਂ ਸੁਰੰਗ ਥੱਲੇ ਕਾਸ਼ਤ ਹੋਣ ਕਾਰਨ ਉਹਨਾਂ ਨੂੰ ਅਗੇਤੀਆਂ ਤੁੜ੍ਹਾਈਆਂ ਦਾ ਰੇਟ ਵੀ ਚੰਗਾ ਮਿਲ ਜਾਂਦਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵਾਰ ਖ਼ਰਬੂਜ਼ੇ ਦੀ ਖੇਤੀ ਵਿੱਚੋਂ 75,000 ਰੁਪਏ ਪ੍ਰਤੀ ਏਕੜ ਸ਼ੁੱਧ ਮੁਨਾਫ਼ਾ ਪ੍ਰਾਪਤ ਹੋਇਆ।
ਬੀ ਐੱਸ ਸੇਖੋਂ, ਅਲੋਕ ਗੁਪਤਾ ਅਤੇ ਰਣਵੀਰ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success story of Farmer Kulwinder Singh who is cultivating melons