ਸਫ਼ਲ ਕਿਸਾਨ ਭੁਪਿੰਦਰ ਸਿੰਘ
Success Story: ਦੋਸਤੋ ਇਹ ਸਫ਼ਲ ਕਹਾਣੀ ਸੰਗ੍ਰਹਿ ਅਗਾਂਹਵਧੂ ਸੋਚ ਦੇ ਨੋਜਵਾਨ ਕਿਸਾਨ ਤੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਭੁਪਿੰਦਰ ਸਿੰਘ ਸੰਧੂ ਜੋਂ ਕਿ ਅੱਜ ਆਪਣੀ ਸਾਰੀ ਜ਼ਮੀਨ ਦੀ ਵਹਾਈ ਤੋਂ ਲੈਕੇ ਵੱਟਾਂ ਤੋਂ ਘਾਹ ਤੱਕ ਆਪ ਆਪਣੀਂ ਹੱਥੀਂ ਘਹੀਂ ਨਾਲ ਖੁੱਰਚਦਾ ਹੈ। ਉਹ ਕਹਿੰਦਾ ਹੈ ਕਿ ਮੇਰਾ ਖੇਤ ਚ ਘਰ ਹੋਣ ਕਰਕੇ ਮੈਂ ਸਾਰਾ ਦਿਨ ਹੀ ਖੇਤ ਚ ਕੰਮ ਕਰਦਾ ਰਹਿੰਦਾ, ਕਦੇ ਕੋਈ ਵੀ ਕੰਮ ਕਰਾਏ ਤੇ ਕਿਸੇ ਬੰਦੇ ਤੋਂ ਨਹੀਂ ਕਰਾਇਆ।
ਬਜ਼ਾਰੀ ਵਸਤੂ ਲਿਆਉਣ ਤੇ ਖਾਂਣ ਪੀਣ ਦੇ ਸਮਾਨ ਬਾਰੇ ਉਨ੍ਹਾਂ ਕਿਹਾ ਕਿ ਉਹ ਜਿੰਮੀਦਾਰ ਹੀ ਕਾਹਦਾ ਜੋਂ ਸਭ ਸਮਾਨ ਬਜ਼ਾਰੋਂ ਮੁੱਲ ਲੈ ਕੇ ਖਾਵੇਂ, ਸਾਨੂੰ ਕੇਵਲ ਲੂਣ ਤੇ ਮਸਾਲਾ ਹੀ ਲੈਣ ਬਜ਼ਾਰ ਜਾਣਾਂ ਪੈਂਦਾ ਬਾਕੀ ਸਭ ਸਾਡੇ ਖੇਤ ਚ ਉੱਪਜਦਾ ਹੈ।
ਆਉ ਗੱਲ ਕਰੀਏ ਕਿਸਾਨ ਨਾਲ:-
ਕਿਸਾਨੀ ਤਜ਼ਰਬੇ - ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਇੱਕ ਛੋਟਾ ਕਿਸਾਨ ਹਾਂ, ਮੇਰੇ ਪਿਤਾ ਨੇ ਸਮਾਜ ਵਿਚ ਵਿੱਚਰਦਿਆਂ ਹੋਇਆ ਅਤੇ ਮੈਂ ਖ਼ੁਦ ਉਹਨਾਂ ਤੋਂ ਤੇ ਸਮਾਜਿਕ ਤੌਰ ਤੇ ਮਹਿਸੂਸ ਕਰਦਿਆਂ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਚੱਲਦੇ ਸੋਸ਼ਲ ਮੀਡੀਏ ਦੇ ਵੱਟਸਐਪ ਗਰੁੱਪ ਰਾਹੀਂ ਆਉਂਦੀਆਂ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ ਪੜ੍ਹ ਕੇ ਉਹਨਾਂ ਦੀ ਵੱਖਰੀ ਕਾਸ਼ਤ ਅਤੇ ਤੱਕਨੀਕਾਂ ਪ੍ਰਤੀ ਸੋਚ, ਕੰਮ ਕਰਨ ਦਾ ਮਨੋਬਲ ਤੋਂ ਮੈਂ ਖ਼ੁਦ ਮਹਿਸੂਸ ਕੀਤਾ ਕਿ ਕਿਸਾਨ ਨੂੰ ਕਿਵੇਂ ਆਪਣੇ ਵਿੱਚ ਅਤੇ ਆਪਣੀ ਖੇਤੀ ਕਰਨ ਦੇ ਤਰੀਕੇ ਅਤੇ ਫਜ਼ੂਲ ਖਰਚੀ ਹੱਟਕੇ ਤੇ ਦੇਖਾਂ ਦੇਖੀਂ ਦਿਖਾਵੇ ਤੋਂ ਦੂਰ ਹੋ ਕੇ ਰਹਿਣ ਸਹਿਣ ਤੇ ਕੜੀ ਮਿਹਨਤ ਰੱਖ ਕੇ ਚੱਲਣ ਨਾਲ ਮੇਰੀ ਸੋਚ ਬਦਲੀ। ਅੱਜ ਕਿੰਨੇ ਖੇਤੀ ਤੇ ਮਿੱਟੀ ਦੇ ਮਿੱਤਰ ਜੀਵ ਕੀੜੇ ਅਨਜਾਣੇ ਵਿੱਚ ਸਾਡੇ ਦੁਆਰਾ ਖੇਤ ਦੀ ਮਿੱਟੀ ਨੂੰ ਲਗਾਈ ਅੱਗ ਕਰਕੇ ਜੋਂ ਅਗਾਂਹ ਚੱਲ ਕੇ ਸਾਡੀ ਮਿੱਟੀ ਦੀ ਸਿਹਤ ਉਪਜਾਊਤਾਂ ਤੇ ਫ਼ਸਲਾਂ ਵਾਧੇ ਚ ਲਾਭਦਾਇਕ ਹੋਣੇਂ ਸਨ, ਸਭ ਸਾੜਨ ਨਾਲ ਜ਼ਮੀਨ ਵੀ ਬੰਜਰ ਕਰਤੀ ਤੇ ਜੀਵਾਂ ਦਾ ਵੀ ਸਤਿਆਨਾਸ਼ ਕਰਤਾ ਜਿਸ ਨਾਲ ਕਿੰਨੇ ਤੱਤ ਨਸ਼ਟ ਹੋ ਗਏ। ਏਸ ਕੁਦਰਤ ਬਾਰੇ ਸਮਝ ਨੇਂ ਮੇਰੇ ਵਿੱਚ ਬਦਲਾਅ ਲਿਆਂਦਾ। ਜਿਸ ਦੀ ਬਦੌਲਤ ਅੱਜ ਮੈਂ ਆਮ ਲੋਕਾਂ ਨਾਲੋਂ ਕੀਤੇ ਘੱਟ ਖ਼ਾਦ ਸਪਰੇਅ ਦੀ ਵਰਤੋਂ ਕਰ ਰਿਹਾ।
ਖੇਤੀ ਨੂੰ ਸਮਝਕੇ ਮਾੜੀ ਮੋਟੀ ਫ਼ਸਲ ਨੂੰ ਬਿਮਾਰੀ ਦੇਖ ਕੇ ਸਪਰੇਅ ਦੇਖਾਂ ਦੇਖੀਂ ਕਰਨ ਨੂੰ ਮੈਂ ਕਦੇ ਨਹੀਂ ਭੱਜਦਾ। ਕਿਉਂਕਿ ਖੇਤੀ ਦਵਾਈਆਂ ਮਹਿੰਗੀਆਂ ਬਹੁਤ ਹਨ ਏਸ ਨੂੰ ਜ਼ਿਆਦਾ ਨੁਕਸਾਨ ਹੁੰਦਾ ਜਾਪਣ ਤੇ ਖੇਤੀ ਦਵਾਈ ਲਿਆਂਦੀ ਜਾਂਦੀ ਹੈ ਨਹੀਂ ਤਾਂ ਨਹੀਂ। ਗੰਨਾ ਲਵਾਈ ਬਾਰੇ ਉਹਨਾਂ ਕਿਹਾ ਕਿ ਏਸ ਵਾਰ ਮੇਰੇ ਤੇ ਮੇਰੇ ਭਰਾ ਦੇ ਬੱਚਿਆਂ ਨੇ ਰੱਲ ਕੇ ਗੰਨਾ ਲਗਾ ਦਿੱਤਾ ਸੀ, ਮੈਂ ਕੱਟੀ ਗਿਆ ਤੇ ਉਹ ਗੱਲਾਂ ਕਰਦੇ ਕਰਦੇ ਆਪ ਸਾਰੇ ਲਗਾਈਂ ਗਏ। ਸਾਡੇ ਬੱਚੇ ਵੀ ਹੋਰਨਾਂ ਬੱਚਿਆਂ ਵਾਂਗ ਮੋਬਾਈਲ ਦੇਖਣ ਦੀ ਬਜਾਏ ਖੇਤੀ ਕਰਨ ਤੇ ਸਿੱਖਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਕਿਹਾ ਕਿ ਮੈਂ ਤੇ ਮੇਰੇ ਪਿਤਾ ਨੇ ਕਦੇ ਵੀ ਖੇਤ ਚ ਚੂਹੇ ਮਾਰਨ ਵਾਲ਼ੀ ਤੇ ਹੋਰ ਜੀਵਾਂ ਨੂੰ ਮਾਰਨ ਵਾਲ਼ੀ ਦਵਾਈ ਨਹੀਂ ਪਾਈ, ਕਿਉਂਕਿ ਸਾਡਾ ਮੰਨਣਾ ਹੈ ਕਿ ਉਹ ਵੀ ਸਾਡੇ ਵਾਂਗ ਕੁਦਰਤ ਦੇ ਜੀਵ ਹਨ, ਉਹਨਾਂ ਵੀ ਏਥੇ ਹੀ ਸਾਡੇ ਵਾਂਗ ਰਹਿਣਾ ਹੈ, ਏਥੇ ਹੀ ਖਾਣਾ ਹੈ, ਸੰਸਾਰ ਵਿੱਚ ਹਰੇਕ ਜੀਵ ਆਪਣੀਂ ਖੁਰਾਕ ਲੈਂ ਕੇ ਆਉਂਦਾ ਹੈ।
ਅਸੀਂ ਬਕਾਇਦਾ ਹਰ ਸਾਲ ਆਪਣੇ ਖੇਤਾਂ ਚੋਂ ਪੈਦਾ ਕੀਤਾ ਕੁਝ ਅੰਨ ਏਨਾਂ ਜੀਵਾਂ ਤੇ ਪੰਛੀਆਂ ਵਾਸਤੇ ਵੱਖਰਾ ਰੱਖਦੇ ਹਾਂ, ਜੋਂ ਉਹਨਾਂ ਨੂੰ ਸਾਰਾ ਸੀਜਨ ਪਾਉਂਦੇ ਰਹਿੰਦੇ ਹਾਂ। ਬੀਜ਼ ਬਾਰੇ ਕਿਹਾ ਕਿ ਅਗਾਂਹ ਫ਼ਸਲ ਬਿਜਾਈ ਲਈ ਮੈਂ ਕੰਬਾਇਨ ਦਾ ਬੀਜ ਨਹੀਂ ਰੱਖਦਾ, ਕੇਵਲ ਹੱਥ ਨਾਲ ਕਟਾਈ ਕਰਨ ਵਾਲਾ ਰੱਖਦਾ ਹਾਂ। ਕਿਉਂਕਿ ਕੰਬਾਈਨ ਵਾਲਾ ਬੀਜ਼ ਟੁੱਟ ਜਾਂਦਾ, ਜੇ ਬੀਜ਼ ਚੰਗਾ ਹੋਵੇਗਾ ਤਾਂ ਫ਼ਸਲ ਚੰਗੀ ਹੋਵੇਗੀ। ਮੈਂ ਚਾਰ ਸਾਲਾਂ ਬਾਅਦ ਹਰ ਬੀਜ਼ ਬਦਲਦਾ ਹਾਂ। ਮੈਂ ਬੀਜ਼ ਪੀ ਏ ਯੂ ਤੋਂ ਵਧੇਰੇ ਲੈਂਦਾ ਹਾਂ ਤੇ ਕੁੱਝ ਪ੍ਰਾਈਵੇਟ। ਉਹਨਾਂ ਕਿਹਾ ਕਿ ਲਵਾਈ ਵੇਲੇ ਮੈਂ ਝੋਨੇ ਵੇਲੇ ਬਈਏ ਨੂੰ ਕਹਿ ਕੇ ਆਪ ਬੂਟਾ ਕੇਵਲ ਇੱਕ ਡੇਢ਼ ਇੰਚ ਡੂੰਘਾ ਹੀ ਲਗਾਉਂਦਾ ਹਾਂ, ਕਿਉਂਕਿ ਮੈਂ ਤਜ਼ਰਬਾ ਕਰ ਦੇਖਿਆ ਕਿ ਦੋ ਢਾਈ ਇੰਚ ਡੂੰਘਾ ਬੂਟੇ ਨੂੰ ਗੰਢ ਗ੍ਰਸਤ ਹੋ ਜਾਂਦਾ ਹੈ। ਉਪਰਲੀ ਤਹਿ ਤੇ ਬੂਟਾ ਕੇਵਲ 10 ਦਿਨਾਂ ਤੱਕ ਰੱਖਣ ਨਾਲ ਜ਼ਲਦ ਸਿਰ ਕਰਦਾ ਤੇ ਵਧੇਰੇ ਤੁਰਦਾ ਹੈ। ਬੂਟੇ ਦੀ ਜੜ੍ਹਾਂ ਤੇ ਸਿਹਤ ਵਧੀਆ ਰਹਿੰਦੀ ਹੈ। ਉਹਨਾਂ ਕਿਹਾ ਕਿ ਮੈਂ ਖੇਤ ਦੀਆਂ ਵੱਟਾਂ ਬਿਲਕੁਲ ਸਾਫ਼ ਘਾਹ ਰਹਿਤ ਰੱਖਦਾ, ਜਿਸ ਕਰਕੇ ਨਾ ਕੋਈ ਉੱਲੀ ਆਉਂਦੀ ਹੈ ਤੇ ਨਾ ਕੋਈ ਫ਼ਸਲ ਨੂੰ ਕੀਟ ਤੇ ਬਿਮਾਰੀ ਤੇ ਨਾ ਹੀ ਚੂਹਾ ਪੈਦਾ।
ਉੱਧਮ ਤੇ ਉਪਰਾਲੇ:-
ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਸਾਰਾ ਦਿਨ ਖੇਤਾਂ ਚ ਘਰ ਹੋਣ ਕਰਕੇ ਵਹਿਲਾ ਨਹੀਂ ਰਹਿੰਦਾ। ਸਾਰਾ ਦਿਨ ਘਰ ਤੇ ਖੇਤੀ ਦਾ ਕੰਮ ਕਰਦਿਆਂ ਦਿਨ ਝੱਟ ਲੰਘ ਜਾਂਦਾ ਹੈ। ਮੇਰੇ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਕਿਸੇ ਕੋਲ ਬੈਠਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਗੁਰਦਾਸਪੁਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਮੈਨੂੰ ਲੰਮੇ ਸਮੇਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਕਰਕੇ ਵਾਤਾਵਰਣ ਪ੍ਰੇਮੀ ਹੋਂਣ ਕਰਕੇ ਸਨਮਾਨਿਤ ਕੀਤਾ। ਅੱਜ ਮੈਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਮੈਂਬਰ ਹੋਣ ਦੇ ਨਾਲ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੀ ਬਲਾਕ ਫਾਰਮਰ ਐਡਵਾਇਜਰੀ ਕਮੇਟੀ ਦਾ ਮੈਂਬਰ ਹਾਂ।
ਉਹਨਾਂ ਕਿਹਾ ਕਿ ਮੈਂ ਪੰਜ ਏਕੜ ਰਕਬੇ ਚ ਬਾਸਮਤੀ ਦੀ ਕਾਸ਼ਤ ਕਰਦਾ। ਜਿਸ ਵਿਚ ਕਦੇ ਫਜ਼ੂਲ ਖਰਚੀ ਲਈ ਸਪਰੇਅ ਖ਼ਾਦ ਨਹੀਂ ਵਰਤੀ। ਮੇਰੇ ਘਰ ਪਸ਼ੂ ਵਧੇਰੇ ਹੋਣ ਕਰਕੇ ਅਸੀਂ ਖ਼ੇਤਾਂ ਨੂੰ ਵਧੇਰੇ ਦੇਸੀ ਰੂੜੀ ਖਾਦ ਪਾਉਂਦੇ ਹਾਂ। ਜਿਸ ਨਾਲ਼ ਸਾਡਾ ਘੱਟ ਖ਼ਾਦ ਪਾਉਣ ਦੇ ਨਾਲ ਹੋਰ ਖੇਤ ਨੂੰ ਫਜ਼ੂਲ ਖਰਚੀ ਵੀ ਬੱਚ ਜਾਂਦੀ।ਸਾਡੀ ਫ਼ਸਲ ਨੂੰ ਬਿਮਾਰੀ ਕੀਟ ਆਦਿ ਵੀ ਨਾ ਦੇ ਬਰਾਬਰ ਘੱਟ ਪੈਂਦੇ ਹਨ। ਜਿਹੜੇ ਮਾੜੇ ਮੋਟੇ ਹੋਣ ਉਹਨਾਂ ਨੂੰ ਰੋਟੀਨ ਦੀ ਦੇਖ ਰੇਖ ਹੇਠ ਸਪਰੇਅ ਨਹੀਂ ਕਰਦੇ। ਉਹਨਾਂ ਕਿਹਾ ਕਿ ਹਰੇਕ ਜੀਵ ਆਪਣਾਂ ਦਾਣਾਂ ਪਾਣੀ ਉਸ ਪ੍ਰਮਾਤਮਾ ਤੋਂ ਲੈ ਕੇ ਆਉਦਾ। ਜੇਕਰ ਏਥੇ ਮਾਰਾਂਗੇ ਤਾਂ ਕਿਸੇ ਹੋਰ ਪਾਸੇ ਫ਼ਸਲ ਖ਼ਰਾਬ ਹੋਣ ਤੇ ਪੈਸੇ ਨੁਕਸਾਨ ਚ ਨਿਕਲ ਜਾਣਗੇ। ਅਸੀਂ ਭਾਵੇਂ ਸੱਪ ਵੀ ਹੋਵੇ ਕੁਦਰਤੀ ਜੀਵਾਂ ਨੂੰ ਨਹੀਂ ਮਾਰਦੇ। ਮੈਂ ਮਾਲਕ ਦੇ ਭਾਣੇ ਵਿੱਚ ਖ਼ੁਸ਼ ਹਾਂ ਸਭ ਧਰਤਿ ਉਹਨਾਂ ਜੀਵਾਂ ਦੀ ਹੈ। ਜਿਵੇਂ ਅਸੀਂ ਏਥੇ ਰਹਿ ਰਹੇ ਹਾਂ, ਉਸੇ ਤਰ੍ਹਾਂ ਉਹ ਵੀ ਰਹਿ ਰਹੇ ਹਨ। ਉਹਨਾਂ ਵੀ ਖਾਣਾ ਹੈ।
ਸਹਾਇਕ ਧੰਦੇ:-
ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਘਰ ਵਿਚ ਗੰਨੇ ਦਾ ਵੇਲਣੇ ਹੋਂਣ ਕਰਕੇ ਮੈਂ ਲੰਮਾ ਸਮਾਂ ਆਪ ਭੱਤ ਬਣਾਉਦਾ ਤੇ ਆਪ ਹੀ ਉਤਾਰਦਾ ਹਾਂ। ਗੁੜ ਬਣਾਉਣ ਵਾਲਾ ਵੇਲਣਾ ਮੈਂ ਸਹੀ ਸਮੇਂ ਸਿਰ ਹੀ ਸ਼ੁਰੂ ਕਰਦਾ ਹਾਂ ਤੇ ਵਿਸਾਖੀ ਤੇ ਗੰਨਾ ਮੁੱਕਣ ਤੇ ਬੰਦ ਕਰਦੇ ਹਾਂ। ਸਾਡਾ ਗੁੜ ਕਨੇਡਾ ਤੱਕ ਜਾਂਦਾ ਹੈ। ਇੱਕ ਏਕੜ ਗੰਨੇ ਹੇਠ 85 ਕਿਸਮ ਰੱਖੀ ਉਹਨਾਂ ਤਜ਼ਰਬੇ ਦੀ ਗੱਲ ਕਰਦਿਆਂ ਕਿਹਾ ਕਿ ਮੈਂ 10 ਗ੍ਰਾਮ ਸੋਡੇ ਨਾਲ ਇੱਕ ਪੱਤ ਕੱਢ ਲੈਦਾ ਹਾਂ। ਲੋਕ ਸਾਨੂੰ ਗੁੜ ਸ਼ੱਕਰ ਦੇ ਅਗੇਤੇ ਪੈਸੇ ਦੇ ਕੇ ਜਾਂਦੇ। ਉਹਨਾਂ ਕਿਹਾ ਕਿ ਅੱਜ ਗੰਨਾ ਮਿੱਲ ਵਿੱਚ ਭੇਜਣ ਦੀ ਬਜਾਏ ਪ੍ਰੌਸੈਸਿੰਗ ਕਰਨ ਵਿੱਚ ਕਿਸਾਨ ਨੂੰ ਫਾਇਦਾ ਹੈ ਕਿਉਂਕਿ ਜੇ ਮੰਨ ਲੳ ਮਿੱਲ ਵਿੱਚ ਲੱਖ ਬਣਦਾ ਹੈ ਤਾਂ ਗੁੜ ਸ਼ੱਕਰ ਬਣਾਂ ਕੇ ਵੇਚਣ ਚ ਕੇਵਲ ਮਹਿਨਤ ਕਰਨ ਨਾਲ ਅਸੀਂ ਦੋ ਤੋਂ ਤਿੰਨ ਲੱਖ ਲੱਖ ਤੱਕ ਵੀ ਪਹੁੰਚ ਸਕਦੇ ਹਾਂ। ਮੈਂ ਕੋਈ ਬੰਦਾ ਕੰਮ ਲਈ ਨਹੀਂ ਰੱਖਿਆ, ਸਾਰਾ ਕੰਮ ਆਪ ਆਪਣੇ ਹੱਥੀਂ ਕਰਦਾ ਹਾਂ।
ਉਹਨਾਂ ਕਿਹਾ ਕਿ ਮੈਨੂੰ ਖੇਤੀ ਕਰਨ ਦਾ ਸ਼ੋਕ ਹੈ, ਬਹੁਤ ਸਾਰੇ ਬੰਦੇ ਅੱਜ ਮਜਬੂਰੀ ਨਾਲ ਖੇਤੀ ਕਰਦੇ ਹਨ। ਮੈਂ ਫ਼ਸਲੀ ਚੱਕਰ ਅਪਣਾਂ ਕੇ ਖੇਤੀ ਕਰਦਾ। ਜਿਸ ਨਾਲ ਨਦੀਨਾਂ ਤੇ ਕੀੜੇ, ਬਿਮਾਰੀਆਂ ਦੀ ਰੋਕਥਾਮ ਬਿਨਾਂ ਕਿਸੇ ਸਪਰੇਅ ਖ਼ਾਦ ਦੇ ਹੋ ਜਾਂਦੀ ਹੈ। ਮੈਂ ਖੇਤ ਚੋਂ ਆਪ ਆਪਣੇ ਹੱਥੀਂ ਨਦੀਨ ਤੇ ਕੱਖ ਕਾਣ ਆਪ ਕੱਢਦਾ ਹਾਂ। ਅਸੀਂ ਕਦੇ ਖੇਤਾਂ ਚ ਰਾਊਂਡ ਅੱਪ ਦਵਾਈ ਨਹੀਂ ਵਰਤੀ। ਮੈਂ ਛੇ ਏਕੜ ਰਕਬੇ ਵਿੱਚ ਖੇਤੀ ਕਰਦਾ, ਜਿਸ ਚ ਇੱਕ ਏਕੜ ਗੰਨਾ ਤੇ ਬਾਕੀ ਬਾਸਮਤੀ ਦੀ ਕਾਸ਼ਤ ਕਰਦਾ। ਮੇਰੀ ਸ਼ੱਕਰ ਘਰੋਂ ਹੀ 110 ਰੁਪਏ ਕਿਲੋ ਤੇ ਗੁੜ 90 ਰੁਪਏ ਵਿੱਕ ਜਾਂਦਾ ਹੈ। ਅਸੀਂ ਗੰਨੇ ਨੂੰ ਕੈਮੀਕਲ ਖਾਦਾਂ, ਸਪਰੇਆਂ ਆਦਿ ਨਾ ਪਾਉਣ ਕਰਕੇ ਵੀ ਮੈਨੂੰ ਜ਼ਿਆਦਾ ਅਗੇਤੀਆਂ ਡਿਮਾਡਾਂ ਗੁੜ ਸ਼ੱਕਰ ਖ਼ਰੀਦਣ ਲਈ ਆਉਂਦੀਆਂ ਹਨ, ਪਰ ਫੇਰ ਵੀ ਮੇਰੇ ਕੋਲ ਗੁੜ ਸ਼ੱਕਰ ਦੀ ਡਿਮਾਂਡ ਪੂਰੀ ਨਹੀਂ ਹੁੰਦੀਆਂ।
ਉਹਨਾਂ ਦੱਸਿਆ ਕਿ ਜਿਹੜਾ ਬੰਦਾ ਇੱਕ ਵਾਰ ਸਾਡੇ ਗੁੜ ਦਾ ਸਵਾਦ ਦੇਖ ਗਿਆ, ਮੁੜਕੇ ਫਿਰ ਉਹੀਂ ਗੁੜ ਦੁਬਾਰਾ ਲੈਣ ਆਊਂ ਤੇ ਉਸੇ ਦੀ ਹੀ ਡਿਮਾਂਡ ਕਰੂ। ਗੰਨੇ ਦੀ ਫ਼ਸਲ ਨੂੰ ਮੈਂ ਰੋਜ਼ਾਨਾ ਕੀੜ ਬਿਮਾਰੀ ਦਾ ਹਮਲਾ ਚੈੱਕ ਕਰਦਾ ਰਹਿੰਦਾ ਹਾਂ। ਗਾਲਾ ਰੋਗ ਜਾਂ ਕੋਈ ਹੋਰ ਬਿਮਾਰੀ ਗ੍ਰਸਤ ਸ਼ੁਰੂਆਤ ਦੇਖ ਕੇ ਬੂਟਾ ਖੇਤ ਚੋਂ ਨਾਲ ਹੀ ਬਾਹਰ ਕੱਢ ਦਿੰਦਾ ਹਾਂ। ਫ਼ਸਲਾਂ ਦੇ ਨਾਲ ਅਸੀਂ ਮੱਝਾਂ ਗਾਵਾਂ ਵੀ ਰੱਖੀਆਂ, ਜਿਸ ਦੀ ਬਾਂਧ ਲੱਗੀ ਹੈ। ਇਸ ਦੇ ਨਾਲ ਕਾਲ਼ੇ ਮੁਰਗੇ ਤੇ ਦੇਸੀ ਖ਼ਰਗੋਸ਼, ਦੇਸੀ ਬੱਕਰੀਆਂ ਪਾਲਣ ਦਾ ਧੰਦਾ ਕੀਤਾ। ਜਿਸ ਨਾਲ ਮੈਨੂੰ ਡੇਢ਼ ਲੱਖ ਲਗਾਉਣ ਨਾਲ ਕੁੱਝ ਸਮੇਂ ਬਾਅਦ ਸਾਡੇ ਤਿੰਨ ਲੱਖ ਕਮਾਏ। ਹੋਰ ਘਰੇਲੂ ਖਰਚ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਅਗਾਂਹ ਮੇਰੀ ਪਲੈਨਿੰਗ ਹੈ ਕਿ ਗੋਬਰ ਗੈਸ ਪਲਾਂਟ ਵੀ ਲਗਾਈਏ ਕਿਉਂਕਿ ਘਰੇਲੂ ਗੈਸ ਦਾ ਖ਼ਰਚ ਵੀ ਵਧੇਰੇ ਹੈ।
ਸੰਦੇਸ਼:-
ਕਿਸਾਨ ਭੁਪਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪਿੰਡਾਂ ਵਿੱਚ ਵਧੇਰੇ ਬੂਟੇ ਪੰਚਾਇਤਾਂ ਨੂੰ ਦੇਵੇ ਤਾਂ ਜ਼ੋ ਆਲਮੀ ਤਪਸ਼ ਤੇ ਪ੍ਰਦੂਸ਼ਣ ਘਟਾਉਣ ਨਾਲ ਵਾਤਾਵਰਣ ਸਾਫ਼ ਰੱਖਿਆਂ ਜਾਵੇ। ਉਹਨਾਂ ਕਿਹਾ ਕਿ ਕਿਸਾਨ ਵੀਰ ਵੀ ਮਿੱਟੀ ਨੂੰ ਨਾ ਸਾੜਨ, ਆਪ ਫ਼ਸਲ ਤੇ ਖੇਤ ਦਾ ਤਜ਼ਰਬਾ ਕਰਕੇ ਦੇਖ਼ਣ ਕਿ ਜਿੱਥੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ ਉਥੇ ਕਿੰਨੀ ਫ਼ਸਲ ਤੰਦਰੁਸਤ ਹੁੰਦੀ ਹੈ ਤੇ ਉਥੇ ਖ਼ਾਦ ਦਾ ਖ਼ਰਚ ਕਿੰਨਾ ਘੱਟਦਾ ਹੈ ਤੇ ਤੱਤਾਂ ਦੀ ਪੂਰਤੀ ਕੁਦਰਤੀ ਜੀਵ ਕਰਦੇ ਹਨ ਅਤੇ ਸੂੰਖਮ ਜੀਵ ਵੀ ਵਧੇਰੇ। ਭੁਪਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਾਣੀ ਲਗਾਉਣ ਵਾਲੇ ਖ਼ੇਤਾਂ ਚ ਖਾਲ ਪਿੰਡਾਂ ਚ ਹੋਰ ਪਾਉਣ ਤੇ ਵਧੇਰੇ ਨਹਿਰੀ ਪਾਣੀ ਖ਼ੇਤਾਂ ਵਿੱਚ ਪਹੁੰਚਾਉਣ ਤਾਂ ਜ਼ੋ ਜ਼ਮੀਨੀ ਪਾਣੀ ਕੱਢਣ ਦੀ ਰਫ਼ਤਾਰ ਮੋਟਰਾਂ ਰਾਹੀਂ ਘਟਾਈ ਜਾ ਸਕੇ।
ਲਿਖ਼ਤ:- ਕਮਲਇੰਦਰਜੀਤ ਬਾਜਵਾ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲ ਕਿਸਾਨ ਦੀ ਕਹਾਣੀ ਬਾਰੇ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: Success Story of Gurdaspur Farmer Bhupinder Singh, Cro Diversification, livestock farming, crop processing industry