Progressive Farmer: ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਦੇ ਉੱਤਰ-ਪੂਰਬ ਦਿਸ਼ਾ ਵਿੱਚ ਨੀਮ ਪਹਾੜੀ ਇਲਾਕਿਆਂ ਵਿੱਚ ਸਥਿਤ ਹੈ। ਇਸ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਹਨ: ਉੱਚੀ-ਨੀਵੀਂ ਅਤੇ ਢਾਲੂ ਜ਼ਮੀਨ ਜਿਸ ਨੂੰ ਕਿ ਚੋਆਂ ਕਈ ਥਾਵਾਂ 'ਤੇ ਕੱਟਦੀਆਂ ਹਨ, ਘੱਟ ਉਪਜਾਊ ਸ਼ਕਤੀ ਵਾਲੀ ਜ਼ਮੀਨ, ਬਰਾਨੀ ਖੇਤ ਅਤੇ ਮੀਂਹ ਕਰਕੇ ਹੋਣ ਵਾਲਾ ਭੂਮੀ ਕਟਾਅ ਆਦਿ। ਇਸ ਦੇ ਨਾਲ ਹੀ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਵੀ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਦਰਪੇਸ਼ ਇਲਾਕੇ ਦੇ ਕੁਝ ਅਗਾਂਹਵਧੂ ਕਿਸਾਨ ਝੋਨੇ-ਕਣਕ ਦੇ ਫਸਲੀ ਚੱਕਰ ਨੂੰ ਛੱਡ ਕੇ ਫਸਲੀ ਵਿਭਿੰਨਤਾ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੀਆਂ ਉੱਨਤ ਤਕਨੀਕਾਂ ਨੂੰ ਅਪਣਾ ਰਹੇ ਹਨ। ਸ. ਸੁਰਜੀਤ ਸਿੰਘ ਚੱਗਰ, ਪਿੰਡ ਚੱਗਰਾਂ, ਤਹਿਸੀਲ ਹੁਸ਼ਿਆਰਪੁਰ-ਜ਼ਜ਼, ਜ਼ਿਲ੍ਹਾ ਹੁਸ਼ਿਆਰਪੁਰ ਇੱਕ ਅਜਿਹਾ ਹੀ ਅਗਾਂਹਵਧੂ ਕਿਸਾਨ ਹੈ, ਜਿਸਨੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਮੱਲ੍ਹਾ ਮਾਰੀਆਂ ਹਨ।
ਦੱਸ ਦੇਈਏ ਕਿ 48 ਸਾਲਾ ਕਿਸਾਨ ਸ. ਸੁਰਜੀਤ ਸਿੰਘ ਚੱਗਰ 67 ਏਕੜ ਰਕਬੇ ਵਿੱਚ ਖੇਤੀਬਾੜੀ ਕਰਦਾ ਹੈ, ਜਿਸ ਵਿੱਚੋਂ 37 ਏਕੜ ਰਕਬਾ ਇਸਦਾ ਆਪਣਾ ਹੈ ਅਤੇ ਬਾਕੀ 30 ਏਕੜ ਠੇਕੇ ਤੇ ਖੇਤੀਬਾੜੀ ਕਰਦਾ ਹੈ। ਇਹ ਕਿਸਾਨ ਬਾਸਮਤੀ, ਮੱਕੀ, ਕਣਕ, ਦਾਲਾਂ, ਤੇਲਬੀਜ, ਸਬਜ਼ੀਆਂ ਅਤੇ ਪੋਪਲਰ ਦੀ ਸਫਲ ਕਾਸ਼ਤ ਕਰਦਾ ਹੈ। ਇਸ ਕਿਸਾਨ ਕੋਲ 17 ਦੁਧਾਰੂ ਪਸ਼ੂ ਵੀ ਹਨ। ਇਸ ਉੱਦਮੀ ਕਿਸਾਨ ਨੇ ਹੱਥ ਨਾਲ ਚੱਲਣ ਵਾਲੀ ਮੱਕੀ ਦੀਆਂ ਛੱਲੀਆਂ ਦੀ ਗਹਾਈ ਦੀ ਮਸ਼ੀਨ ਬਣਾਈ ਹੈ। ਇਹ ਹੱਥ ਵਾਲੀ ਮਸ਼ੀਨ ਇੱਕ ਸਟੈਂਡ ਨਾਲ ਜੁੜੀ ਹੋਈ ਹੈ ਜਿਸ ਨਾਲ ਇਸਦੀ ਕੁਸ਼ਲਤਾ ਵੱਧ ਜਾਂਦੀ ਹੈ।
ਇਸ ਮਸ਼ੀਨ ਨਾਲ ਛੱਲੀ ਤੋਂ ਮੱਕੀ ਦੇ ਦਾਣੇ ਅਸਾਨੀ ਨਾਲ ਅਲੱਗ ਹੋ ਜਾਂਦੇ ਹਨ। ਇਹ ਮਸ਼ੀਨ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਉਹ ਇਸ ਮਸ਼ੀਨ ਨਾਲ ਕੱਢੇ ਹੋਏ ਦਾਣੇ ਬਿਜਾਈ ਲਈ ਵਰਤੇ ਜਾ ਸਕਦੇ ਹਨ। ਇਸ ਮਸ਼ੀਨ ਨੂੰ ਚਲਾਉਣ ਲਈ ਕੇਵਲ ਇੱਕ ਵਿਅਕਤੀ ਦੀ ਹੀ ਲੋੜ ਹੁੰਦੀ ਹੈ। ਇਸ ਮਸ਼ੀਨ ਦੀ ਕੀਮਤ ਤਕਰੀਬਨ 500/- ਰੁਪਏ ਹੈ ਜੋ ਕਿ ਇੱਕ ਘੰਟੇ ਵਿੱਚ 50 ਕਿੱਲੋ ਅਸਾਨੀ ਨਾਲ ਮੱਕੀ ਦੀਆਂ ਛੱਲੀਆਂ ਦੀ ਗਹਾਈ ਕਰਦੀ ਹੈ। ਉਸ ਨੇ ਇੱਕ ਹੋਰ ਮਸ਼ੀਨ ਬਣਾਈ ਹੈ ਜੋ ਕਿ 30-60 ਸੈ.ਮੀ. ਦੀ ਕਤਾਰ ਤੋਂ ਕਤਾਰ ਦੇ ਫਾਸਲੇ ਤੇ ਵੱਖ-ਵੱਖ ਫਸਲਾਂ ਦੀ ਬਿਜਾਈ ਕਰਦੀ ਹੈ ਅਤੇ ਇਸ ਮਸ਼ੀਨ ਨਾਲ ਖਾਦ ਫਸਲ ਦੀਆਂ ਜੜ੍ਹਾਂ ਦੇ ਲਾਗੇ ਪਾਈ ਜਾ ਸਕਦੀ ਹੈ।
ਮੱਕੀ ਤੋਂ ਇਲਾਵਾ ਇਸ ਮਸ਼ੀਨ ਨਾਲ ਸੂਰਜਮੁਖੀ ਅਤੇ ਆਲੂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਵਿੱਚ ਫਾਲੇ ਤੋਂ ਫਾਲੇ ਦਾ ਫਾਸਲਾ ਜਰੂਰਤ ਅਨੁਸਾਰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਸਮੇਂ ਅਤੇ ਲੇਬਰ ਦੀ ਬੱਚਤ ਹੁੰਦੀ ਹੈ। ਇਸ ਕਿਸਾਨ ਨੇ ਹੜੰਬਾ ਥਰੈਸ਼ਰ ਦੇ ਵਿੱਚ ਸੁਧਾਰ ਕੀਤਾ ਹੈ ਜਿਸ ਨਾਲ ਗਹਾਈ ਕੀਤੀ ਹੋਈ ਕਣਕ, ਮੂੰਗੀ, ਸਰ੍ਹੋਂ ਆਦਿ ਸਿੱਧੀ ਟਰਾਲੀ ਵਿੱਚ ਪਾਈ ਜਾ ਸਕਦੀ ਹੈ। ਇਸ ਮਸ਼ੀਨ ਨਾਲ ਸਮੇਂ ਅਤੇ ਲੇਬਰ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ : Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ
ਸ. ਚੱਗਰ ਨੇ ਇੱਕ ਦੋ-ਮੂੰਹੀ ਖੁਰਪਾ ਬਣਾਇਆ ਹੈ ਜਿਸ ਨਾਲ ਖੁਰਪੇ ਦੇ ਦੋਵੇਂ ਪਾਸਿਆਂ ਤੋਂ ਕੰਮ ਲਿਆ ਜਾ ਸਕਦਾ ਹੈ। ਇਸ ਖੁਰਪੇ ਨਾਲ ਖੜ੍ਹੇ ਹੋ ਕੇ ਅਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ, ਜਿਸ ਨਾਲ ਕਾਮੇ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਨਾਲ ਹੀ ਇਸ ਨੇ ਟਰੈਕਟਰ ਨਾਲ ਦੋਂ ਵੱਟਾਂ ਪਾਉਣ ਵਾਲਾ ਜਿੰਦਰਾ ਬਣਾਇਆ ਹੈ, ਜਿਸ ਦੀ ਕੀਮਤ ਲਗਭਗ 8000/- ਰੁਪਏ ਹੈ।
ਸ. ਸੁਰਜੀਤ ਸਿੰਘ ਚੱਗਰ, ਸੋਮੇ ਬਚਾਊ ਤਕਨੀਕਾਂ ਜਿਵੇਂ ਕਿ ਪਾਣੀ ਦੀ ਯੋਗ ਵਰਤੋਂ ਲਈ ਕੰਪਿਊਟਰ/ਲੇਜ਼ਰ ਕਰਾਹਾ, ਯੂਰੀਆ ਦੀ ਯੋਗ ਵਰਤੋਂ ਲਈ ਪੱਤਾ ਰੰਗ ਚਾਰਟ ਅਤੇ ਭੂਮੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕਰਦਾ ਹੈ। ਇਹ ਦਾਲਾਂ ਦੀ ਕਾਸ਼ਤ ਕਰਕੇ ਜ਼ਮੀਨ ਦੀ ਸਿਹਤ ਨੂੰ ਵੀ ਸੁਧਾਰਦਾ ਹੈ। ਉਹ ਆਪਣੀਆਂ ਪਰਿਵਾਰਿਕ ਜਰੂਰਤਾਂ ਲਈ ਸਬਜ਼ੀਆਂ ਦੀ ਕਾਸ਼ਤ ਘਰੇਲੂ ਬਗੀਚੀ ਵਿੱਚ ਕਰਦਾ ਹੈ ਅਤੇ ਕੁਝ ਰਕਬੇ ਤੇ ਜੈਵਿਕ ਖੇਤੀ ਵੀ ਕਰਦਾ ਹੈ।
ਇਹ ਵੀ ਪੜ੍ਹੋ : ਮਿਹਨਤ ਅਤੇ ਸਿਆਣਪ ਦੀ ਸਫਲ ਮਿਸਾਲ Farmer Paramjeet Singh
ਜ਼ਿਲ੍ਹੇ ਵਿੱਚ ਗੰਡੋਇਆਂ ਵਾਲੀ ਖਾਦ ਪੈਦਾ ਕਰਨ ਵਿੱਚ ਇਹ ਮੋਹਰੀ ਹੈ ਅਤੇ ਉਹ ਇਹ ਖਾਦ ਤੇ ਗੰਡੋਏ ਹੋਰ ਕਿਸਾਨਾਂ ਨੂੰ ਵੇਚਦਾ ਵੀ ਹੈ। ਪਸ਼ੂਆਂ ਦੇ ਗੋਬਰ ਤੋਂ ਗੋਬਰ ਗੈਸ ਪੈਦਾ ਕਰ ਕੇ ਊਰਜਾ ਸਰੋਤਾਂ ਦੀ ਬੱਚਤ ਕਰਦਾ ਹੈ। ਉਹ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਦੀ ਇੰਨ-ਬਿੰਨ ਪਾਲਣਾ ਕਰਦਾ ਹੈ ਅਤੇ ਖੇਤੀਬਾੜੀ ਨਾਲ ਸਬੰਧਿਤ ਖਰਚਿਆਂ ਦਾ ਪੂਰਾ ਲੇਖਾ-ਜੋਖਾ ਰੱਖਦਾ ਹੈ।
ਸ. ਸੁਰਜੀਤ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜੁੜਿਆ ਹੋਇਆ ਹੈ। ਇਹ ਕੇ.ਵੀ.ਕੇ., ਹੁਸ਼ਿਆਰਪੁਰ ਦੀ ਵਿਗਿਆਨਿਕ ਸਲਾਹਕਾਰ ਕਮੇਟੀ ਅਤੇ ਕੇ.ਵੀ.ਕੇ. ਕਿਸਾਨ ਕਲੱਬ ਦਾ ਮੈਂਬਰ ਹੈ। ਇਹ ਕਿਸਾਨ ਆਪਣੇ ਖੇਤੀਬਾੜੀ ਸਬੰਧੀ ਗਿਆਨ ਅਤੇ ਨਵੀਆਂ ਤਕਨੀਕਾਂ ਦੂਸਰੇ ਕਿਸਾਨਾਂ ਨਾਲ ਸਾਂਝੀਆਂ ਕਰਦਾ ਹੈ।
ਇਹ ਵੀ ਪੜ੍ਹੋ : Farmer Gurminder Singh ਦੀ ਨਵੀਂ ਖੋਜ ਤੇ ਨਵੀਂ ਸੋਚ ਬਣੀ ਮਿਸਾਲ
ਉਹ ਨਵੀਨਤਮ ਖੇਤੀਬਾੜੀ ਜਾਣਕਾਰੀ ਪ੍ਰਾਪਤ ਕਰਨ ਲਈ ਨਿਯਮਤ ਰੂਪ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮੇਲਿਆਂ ਅਤੇ ਖੇਤੀ ਸਾਹਿਤ ਨਾਲ ਜੁੜਿਆ ਹੋਇਆ ਹੈ। ਉਹ ਆਤਮਾ (ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ) ਨਾਲ ਵੀ ਜੁੜਿਆ ਹੋਇਆ ਹੈ। ਉਹ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਰਾਜ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਮੈਂਬਰ ਵੀ ਹੈ। ਮਾਣਯੋਗ ਮੁੱਖ ਮੰਤਰੀ, ਪੰਜਾਬ ਵੱਲੋਂ ਖੇਤੀ ਵਿਭਿੰਨਤਾ ਤਹਿਤ ਬਣਾਈ ਗਈ ਮੱਕੀ ਵਿਕਾਸ ਸੰਮਤੀ ਦਾ ਵੀ ਮੈਂਬਰ ਨਾਮਜਦ ਹੈ।
ਉਸ ਨੂੰ ਖੇਤੀਬਾੜੀ ਨਾਲ ਸਬੰਧਿਤ ਕਈ ਇਨਾਮ ਵੀ ਪ੍ਰਾਪਤ ਹੋਏ ਹਨ। ਇਹ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਉਸ ਨੂੰ ਪੰਜਵੀਂ ਰਾਸ਼ਟਰੀ ਕੇ.ਵੀ.ਕੇ., ਦੇ ਸੰਮੇਲਨ ਵਿੱਚ ਮਾਣਯੋਗ ਰਾਸ਼ਟਰਪਤੀ, ਭਾਰਤ ਵੱਲੋਂ ਇਨਾਮ ਪ੍ਰਾਪਤ ਕੀਤਾ। ਮਾਰਚ, 2011 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮੁੱਖ ਮੰਤਰੀ ਅਵਾਰਡ ਨਾਲ ਵੀ ਸਨਮਾਨਿਆ ਗਿਆ। ਉਸ ਨੂੰ ਜੂਨ, 2011 ਵਿੱਚ ਜੈਵਿਕ ਖੇਤੀ ਲਈ ਅੰਤਰਰਾਸ਼ਟਰੀ ਸੰਮੇਲਨ, ਪਟਨਾ ਵਿਖੇ ਸਨਮਾਨਿਆ ਗਿਆ।
ਅਜੈਬ ਸਿੰਘ, ਸੁਨੀਤਾ ਰਾਣੀ ਅਤੇ ਮਨਿੰਦਰ ਸਿੰਘ ਬੌਂਸ
ਕੇ.ਵੀ.ਕੇ., ਹੁਸ਼ਿਆਰਪੁਰ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: Surjit Singh Chagar became a beacon of light for farmers