Success Story: ਅੱਤ ਦੀ ਮਹਿੰਗਾਈ ਦੇ ਸਮੇਂ ਵਿੱਚ ਜਦੋਂ ਛੋਟੇ ਕਿਸਾਨਾਂ ਨੂੰ ਥੋੜੀ ਖੇਤੀ ਵਿੱਚੋਂ ਕੁਝ ਬੱਚਦਾ ਦਿਖਾਈ ਨਹੀਂ ਦਿੰਦਾ ਤਾਂ ਇਹਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਕਈ ਤਰਾਂ ਦੇ ਹੱਥ ਪੈਰ ਮਾਰਨੇ ਪੈਂਦੇ ਹਨ। ਕੁਝ ਇਸ ਤਰਾਂ ਦਾ ਹੀ ਚਾਨਣ-ਮੁਨਾਰਾ ਪਿੰਡ ਉਗਰਾਹਾਂ, ਤਹਿਸੀਲ ਸੁਨਾਮ ਅਤੇ ਜ਼ਿਲਾ ਸੰਗਰੂਰ ਦੇ ਸਕੇ ਭਰਾਵਾਂ ਦਾ ਹੈ, ਜਿੰਨਾਂ ਨੇ ਆਪਣੀ 4.5 ਏਕੜ ਜ਼ਮੀਨ ਵਿੱਚੋਂ ਆਪਣੇ ਵਿਆਹੁਤਾ ਪਰਿਵਾਰਾਂ ਦਾ ਗੁਜਾਰਾ ਕਰਨ ਲਈ ਰਵਾਇਤੀ ਖੇਤੀ ਨੂੰ ਬਦਲ ਸ਼ਬਜੀਆਂ ਦੀ ਖੇਤੀ ਵੱਲ ਮੋੜਾ ਪਾਇਆ। ਆਓ ਜਾਣਦੇ ਹਾਂ ਇਨ੍ਹਾਂ ਭਰਾਵਾਂ ਦੀ ਸਫਲਤਾ ਦੀ ਕਹਾਣੀ...
Successful Farmer: ਮੌਜੂਦਾ ਖੇਤੀ ਨੂੰ ਕਈ ਤਰਾਂ ਦੀਆਂ ਦੁਸ਼ਵਾਰੀਆਂ ਜਿਵੇਂ ਪਾਣੀ ਦੇ ਡਿੱਗਦੇ ਪੱਧਰ ਤੇ ਮਿਆਰ, ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਮੱਸਿਆ, ਜ਼ਮੀਨ ਦੀ ਗੁਣਵੱਤਾ ਦਾ ਪਰਿਵਰਤਨ, ਫ਼ਸਲਾਂ ਤੋਂ ਘੱਟ ਰਹੀ ਆਮਦਨ ਅਤੇ ਬਦਲਵੀਆਂ ਫ਼ਸਲਾਂ ਦੇ ਮੰਡੀਕਰਣ ਨਾ ਹੋਣ ਕਰਕੇ ਰਵਾਇਤੀ ਖੇਤੀ ਦਾ ਕਿੱਤਾ ਬਹੁਤਾ ਮੁਨਾਫੇਯੋਗ ਨਹੀਂ ਰਿਹਾ। ਹਾਲਾਂਕਿ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕੀਤੀਆਂ ਉੱਨਤ ਤਕਨੀਕਾਂ ਅਤੇ ਫ਼ਸਲਾਂ ਦੀਆਂ ਉੱਤਮ ਕਿਸਮਾਂ ਕਰਕੇ ਪੰਜਾਬ ਦੀ ਕਿਰਸਾਨੀ ਨੂੰ ਭਰੋਸੇਯੋਗ ਸਹਾਰਾ ਮਿਲਿਆ ਹੈ, ਪਰ ਫਿਰ ਵੀ ਜ਼ਮੀਨੀ ਪੱਧਰ ਤੇ ਮੁੱਢਲੇ ਵਸੀਲਿਆਂ ਦੀ ਘਾਟ ਕਰਕੇ ਵਾਹੀਕਾਰਾਂ ਨੂੰ ਖੇਤੀ ਵਿੰਭਨਤਾ ਅਪਣਾਉਣ ਵਿੱਚ ਕਈ ਤਰਾਂ ਦੀਆਂ ਦਿੱਕਤਾਂ ਮਹਿਸੂਸ ਹੋ ਰਹੀਆਂ ਹਨ ਅਤੇ ਉਹਨਾਂ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਚੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਪਰ ਇਨ੍ਹਾਂ ਸਭ ਵਿੱਚ ਕੁਝ ਅਜਿਹੇ ਕਿਸਾਨ ਵੀ ਹਨ ਜੋ ਨਵੇਕਲੇ ਤਰੀਕੇ ਆਪਣਾ ਕੇ ਹੋਰਾਂ ਲਈ ਮਿਸਾਲ ਕਾਇਮ ਕਰ ਰਹੇ ਹਨ। ਅੱਜ ਅੱਸੀ ਤੁਹਾਨੂੰ ਸੰਗਰੂਰ ਦੇ ਸਕੇ ਭਰਾਵਾਂ ਦੀ ਸਫਲਤਾ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਰਵਾਇਤੀ ਖੇਤੀ ਨੂੰ ਛੱਡ ਨੇ ਸਬਜ਼ੀਆਂ ਦੀ ਖੇਤੀ ਨੂੰ ਅਪਣਾਇਆ ਅਤੇ ਚੰਗਾ ਨਾਮਣਾ ਖੱਟਿਆ।
ਦੋਵੇਂ ਭਰਾਵਾਂ ਨੇ ਖੱਟਿਆ ਨਾਮਣਾ
ਇਹਨਾਂ ਦੋਵੇਂ ਭਰਾਵਾਂ, ਸ੍ਰੀ ਧੰਨਾ ਸਿੰਘ ਗੋਰਾ (41 ਸਾਲ) ਅਤੇ ਸ੍ਰੀ ਜੁਗਰਾਜ ਸਿੰਘ ਗਰੇਵਾਲ (37 ਸਾਲ) ਨੇ ਕਬੱਡੀ ਖੇਡਦਿਆ ਜਦੋਂ ਖੇਤੀ ਵੱਲ ਰੇਡ ਪਾਈ ਤਾਂ ਇਹਨਾਂ ਭਰਾਵਾਂ ਨੇ ਸ਼ਬਜੀਆਂ ਦੀ ਖੇਤੀ ਨੂੰ ਹੀ ਜਾ ਜੱਫਾ ਪਾਇਆ। ਮੌਜੂਦਾ ਸਮੇਂ ਇਹਨਾਂ ਨੇ ਆਪਣੀ 4.5 ਏਕੜ ਖੇਤੀ ਦੇ ਨਾਲ ਹੀ ਪੰਜ ਏਕੜ ਗੁਆਢ ਵਿੱਚੋਂ ਜਮੀਨ ਠੇਕੇ ਤੇ ਲੈ ਕੇ ਆਪਣੀ ਰੋਜ਼ੀ-ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ। ਖੇਤ ਵਿੱਚ ਰਹਿਣ ਕਰਕੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਇਸ ਬਰੀਕੀ ਖੇਤੀ ਵਿੱਚ ਇਹਨਾਂ ਨੇ ਇਸ ਕਿੱਤੇ ਅਤੇ ਇਲਾਕੇ ਵਿੱਚ ਚੰਗਾ ਨਾਮਣਾ ਖੱਟਿਆ ਹੈ।
ਸਬਜ਼ੀਆਂ ਦੀ ਕਾਸ਼ਤ ਦਾ ਸਫਰ
ਪਿਛਲੇ 12 ਸਾਲਾਂ ਤੋਂ ਖੇਤੀ ਕਰ ਰਹੇ ਦੋਵੇਂ ਵੀਰਾਂ ਨੇ 2008 ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸ਼ਬਜੀ ਅਤੇ ਬਾਗਬਾਨੀ ਮਾਹਿਰਾਂ ਨਾਲ ਤਾਲਮੇਲ ਬਣਾ ਕੇ ਸ਼ਬਜੀਆਂ ਵਿੱਚ ਮਿਰਚਾਂ ਦੀ 0.5 ਏਕੜ ਵਿੱਚ ਕਾਸ਼ਤ ਸ਼ੁਰੂ ਕੀਤੀ ਅਤੇ ਨਾਲ ਦੀ ਨਾਲ ਹੀ ਆਪਣੇ ਇਲਾਕੇ ਦੇ ਸਿਰਕੱਢ ਸ਼ਬਜੀ ਉੱਤਪਾਦਕ ਸ੍ਰੀ ਵਿੰਦਰ ਸਿੰਘ ਖਾਲਸਾ ਪਿੰਡ ਚੱਠੇ ਨੰਨਹੇੜੇ ਦੇ ਖੇਤਾਂ ਵੱਲ ਵੀ ਚੱਕਰ ਮਾਰਨਾ ਸ਼ੁਰੂ ਕਰ ਦਿੱਤਾ। ਮਿਹਨਤ ਕਰਕੇ ਭਾਵੇ ਝਾੜ ਚੰਗਾ ਹੋ ਗਿਆ, ਪਰ ਮਿਰਚਾਂ ਦਾ ਮੰਡੀ ਵਿੱਚ ਰੇਟ ਘੱਟ ਮਿਲਣ ਕਰਕੇ ਬਹੁਤਾ ਮੁਨਾਫਾ ਤਾਂ ਨਾ ਹੋਇਆ, ਪਰ ਤਜ਼ਰਬਾ ਜਰੂਰ ਹਾਸਿਲ ਕਰ ਲਿਆ। ਪਿੱਛੇ ਨਾ ਦੇਖਦੇ ਹੋਏ ਇਹਨਾਂ ਨੇ ਹੌਸਲਾ ਜਿਹਾ ਕਰਕੇ ਦੋ-ਦੋ ਕਨਾਲਾਂ ਵਿੱਚ ਘੀਆ ਕੱਦੂ ਅਤੇ ਭਿੰਡੀ ਦੀ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੀਤੀ ਅਤੇ ਦੋਵੇਂ ਫ਼ਸਲਾਂ ਵਿੱਚੋਂ 4000 ਰੁਪਏ ਖਰਚਾ ਕੱਢ ਕੇ 56000 ਰੁਪਏ ਦੀ ਸ਼ੁੱਧ ਆਮਦਨ ਪ੍ਰਾਪਤ ਕੀਤੀ।
ਲੇਬਰ ਦੀ ਬਿਜਾਏ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਦਿੱਤਾ ਸਾਥ
ਦੋਵੇਂ ਭਰਾਵਾਂ ਨੇ ਬਾਹਰੋਂ ਲੇਬਰ ਦੀ ਬਿਜਾਏ ਘਰ ਦੇ ਪਰਿਵਾਰਿਕ ਮੈਂਬਰਾਂ ਨਾਲ ਹੀ ਕੰਮ ਚਲਾ ਕੇ ਆਪਣੀ ਆਮਦਨ ਵਧਾਉਣ ਦਾ ਸਫਰ ਸ਼ੁਰੂ ਕੀਤਾ। ਚਾਹੇ ਇਹਨਾਂ ਕਿਸਾਨਾਂ ਨੂੰ ਥੋੜੀ ਸ਼ਬਜੀ ਲੈ ਕੇ ਸੁਨਾਮ ਜਾਂ ਲਹਿਰੇਗਾਗੇ ਮੰਡੀਕਰਣ ਕਰਨਾ ਪਿਆ ਅਤੇ ਕਈ ਸਮੱਸਿਆਵਾਂ ਨਾਲ ਜੂਝਣਾ ਪਿਆ, ਪਰ ਕਣਕ-ਝੋਨੇ ਨਾਲੋਂ ਜਿਆਦਾ ਆਮਦਨ ਹੋਣ ਕਾਰਣ ਅਤੇ ਇਰਾਦੇ ਠੋਸ ਹੋਣ ਕਰਕੇ ਇਹਨਾਂ ਨੂੰ ਆਪਣੀ ਮੰਜ਼ਿਲ ਵੱਲ ਵੱਧਣ ਲਈ ਕੋਈ ਰੋਕ ਨਹੀਂ ਸਕਿਆ।
ਮਾਹਿਰਾਂ ਤੋਂ ਲਿੱਤੀ ਸਿਖਲਾਈ
ਇਸ ਜੋੜੀ ਨੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਮਿਰਚਾਂ ਦੀ ਪਨੀਰੀ ਮੁੱਲ ਲੈਣ ਦੀ ਬਿਜਾਏ ਆਪਣੇ ਖੇਤਾਂ ਵਿਖੇ ਹੀ ਛੋਟੇ ਪੱਧਰ ਤੇ ਬੀਜਣੀ ਸ਼ੁਰੂ ਕਰ ਦਿੱਤੀ। ਸਾਲ 2010 ਵਿੱਚ ਤਜ਼ਰਬੇ ਦੇ ਤੌਰ ਤੇ ਮਿਰਚਾਂ, ਕੱਦੂ ਅਤੇ ਤੋਰੀ ਦੀ ਪਨੀਰੀ ਤਿਆਰ ਕਰਕੇ ਵੇਚਣ ਦਾ ਪ੍ਰਬੰਧ ਕਰ ਲਿਆ ਅਤੇ ਖਰਚੇ ਕੱਢ ਕੇ 7000 ਰੁਪਏ ਦੀ ਨਿਰੋਲ ਆਮਦਨ ਨਾਲ ਸ਼ਬਜੀਆਂ ਦੀ ਕਾਸ਼ਤ ਦੇ ਨਾਲ-ਨਾਲ ਇਸ ਪਨੀਰੀ ਦੇ ਕਿੱਤੇ ਨੂੰ ਵੀ ਪੱਕੇ ਤੌਰ ਤੇ ਆਪਣੀ ਅਜੋਕੀ ਖੇਤੀ ਦਾ ਹਿੱਸਾ ਬਣਾ ਲਿਆ। ਕਿਸਾਨਾਂ ਵਲੋਂ ਪਨੀਰੀ ਦੀ ਮੰਗ ਵੱਧਣ ਕਰਕੇ ਇਹਨਾਂ ਨੇ 2011 ਵਿੱਚ 0.4 ਏਕੜ ਰਕਬੇ ਵਿੱਚ ਮੁੱਖ ਤੌਰ ਤੇ ਮਿਰਚਾਂ ਅਤੇ ਪਿਆਜ਼ ਅਤੇ ਪਲਾਸਟਿਕ ਦੇ ਲਫਾਫਿਆਂ ਵਿੱਚ ਕੱਦੂ ਜਾਤੀ ਸ਼ਬਜੀਆਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਿਸਾਂ ਮੁਤਾਬਿਕ ਅਤੇ ਕਿਸਮਾਂ ਖਾਸ ਕਰਕੇ ਮਿਰਚਾਂ ਦੀ ਸੀ.ਐਚ-1 ਅਤੇ ਪਿਆਜ਼ਾਂ ਦੀਆਂ ਪੰਜਾਬ ਨਰੋਆ ਅਤੇ ਪੀ.ਆਰ.ੳ-6 ਦੀਆਂ ਪਨੀਰੀਆਂ ਤਿਆਰ ਕਰਕੇ ਆਪਣੇ ਖੇਤ ਵਿੱਚੋਂ ਹੀ ਵੇਚ ਦਿੱਤੀਆਂ, ਜਿਸ ਵਿੱਚੋਂ ਕੁੱਲ 1.43 ਲੱਖ ਰੁਪਏ ਦੀ ਸ਼ੁੱਧ ਆਮਦਨ ਹੋਈ।
ਇਹ ਵੀ ਪੜ੍ਹੋ : ਪਾਈਪ 'ਚ ਸਬਜ਼ੀਆਂ ਉਗਾਉਣ ਦਾ ਨਵੇਕਲਾ ਤਰੀਕਾ! ਬਿਹਾਰ ਦੀ ਔਰਤ ਬਣੀ ਮਿਸਾਲ!
ਕਈ ਦਿੱਕਤਾਂ ਦਾ ਕੀਤਾ ਸਾਹਮਣਾ
ਇਸ ਦੇ ਨਾਲ ਹੀ ਇਸੇ ਸਾਲ ਸਿਆਲਾਂ ਵਾਲੀਆਂ ਸ਼ਬਜੀਆਂ ਫੁੱਲ ਗੋਭੀ ਅਤੇ ਨੀਵੀਆਂ ਸੁਰੰਗਾਂ ਥੱਲੇ ਸ਼ਿਮਲਾ ਮਿਰਚ, ਖੀਰਾ ਅਤੇ ਤੋਰੀ ਦੀ 2 ਏਕੜ ਰਕਬੇ ਵਿੱਚ ਕਾਸ਼ਤ ਕੀਤੀ। ਮਿਹਨਤ ਵੀ ਕਰਨੀ ਪਈ, ਮੌਸਮ ਅਤੇ ਲੇਬਰ ਦੇ ਨਾਲ-ਨਾਲ ਕੁੱਝ ਤਕਨੀਕੀ ਉੱਲਝਣਾਂ ਨੀ ਝੱਲੀਆਂ, ਪਰ ਝਾੜ ਅਤੇ ਆਮਦਨ ਪੱਖੋਂ ਕਣਕ ਨਾਲੋਂ ਕਿਤੇ ਅੱਗੇ ਲੰਘ ਗਏ, ਅਰਥਾਤ ਸਾਰੇ ਖਰਚੇ ਕੱਢ ਕੇ 3.82 ਲੱਖ ਰੁਪਏ ਦੀ ਸ਼ੁੱਧ ਆਮਦਨ ਦਾ ਇਜਾਫਾ ਹੋਇਆ।
ਆਮਦਨ ਦਾ ਲੇਖਾ-ਜੋਖਾ
ਜੇਕਰ ਇਹਨਾਂ ਕਿਸਾਨਾਂ ਦੀ ਪਿਛਲੇ ਤਿੰਨ ਸਾਲਾਂ ਦੀ ਆਮਦਨ ਦਾ ਲੇਖਾ-ਜੋਖਾ ਕਰੀਏ ਤਾਂ ਇਹਨਾਂ ਦੀ ਔਸਤਨ ਸ਼ੁੱਧ ਆਮਦਨ ਪ੍ਰਤੀ ਏਕੜ 2.49 ਲੱਖ ਰੁਪਏ ਬਣਦੀ ਹੈ, ਜਦੋਂਕਿ ਕਣਕ-ਝੋਨੇ ਦੇ ਫਸਲੀਂ ਚੱਕਰ ਵਿੱਚ ਸਿਰਫ 74680/- ਦੀ ਸ਼ੁੱਧ ਆਮਦਨ ਦਾ ਹੀ ਹਿਸਾਬ-ਕਿਤਾਬ ਲਾਇਆ ਗਿਆ। ਸਾਲ 2019-20 ਦੌਰਾਨ ਮਿਰਚਾਂ ਦਾ 90 ਰੁਪਏ ਅਤੇ ਫੁੱਲ ਗੋਭੀ ਦਾ 45 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਰੇਟ ਮਿਲਣ ਕਰਕੇ ਚੰਗਾ ਮੁਨਾਫਾ ਹੋਇਆ। ਉਹਨਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਇਸ ਤਰਾਂ ਦੀ ਖੇਤੀ ਵਿੱਚ ਗਿਆਨ, ਮਾਹਿਰਾਂ ਨਾਲ ਤਾਲਮੇਲ, ਤਜ਼ਰਬਾ, ਵੱਡਾ ਦਿਲ ਅਤੇ ਸੰਜਮ ਬਹੁਤ ਜਰੂਰੀ ਹਨ।
ਸ਼ਬਜ਼ੀਆਂ ਦੀ ਕਾਸ਼ਤ ਬੱਚਿਆਂ ਦੇ ਭਵਿੱਖ ਦਾ ਵਸੀਲਾ
ਉਹਨਾਂ ਦੱਸਿਆ ਕਿ ਚਾਹੇ ਸਾਨੂੰ ਜ਼ਮੀਨ ਦਾ ਠੇਕਾ ਪੂਰਾ ਕਰਨ ਲਈ ਝੋਨੇ ਦੀ ਖੇਤੀ ਕਰਨੀ ਪੈ ਰਹੀ ਹੈ, ਪਰ ਫਿਰ ਵੀ ਅਸੀਂ ਮਾਹਿਰਾਂ ਦੀ ਸਲਾਹ ਨਾਲ ਪੀ.ਆਰ-126 ਦੀ ਹੀ ਕਾਸ਼ਤ ਕਰਦੇ ਆ ਰਹੇ ਹਾਂ ਅਤੇ ਝੋਨੇ ਥੱਲੇ ਰਕਬਾ ਹੋਰ ਘਟਾਉਣ ਦਾ ਪ੍ਰੋਗਰਾਮ ਵੀ ਬਣਾਇਆ ਹੋਇਆ ਹੈ। ਇਹਨਾਂ ਕਿਸਾਨ ਵੀਰਾਂ ਨੇ ਬੜੇ ਮਾਣ ਨਾਲ ਕਿਹਾ ਕਿ ਅਸੀਂ ਦੋਵੇਂ ਭਰਾ 4.5 ਕੁ ਕਿੱਲਿਆਂ ਦੇ ਮਾਲਕ ਹੁੰਦੇ ਹੋਏ ਵੀ ਆਪਣੇ ਤਿੰਨ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜਾ ਰਹੇ ਹਾਂ ਅਤੇ ਘਰੇਲੂ ਅਰਾਮ ਲਈ ਹਰੇਕ ਸਹੂਲਤ ਸਾਡੇ ਕੋਲ ਮੌਜੂਦ ਹੈ ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਕਿਸੇ ਵੀ ਕਿਸਮ ਦਾ ਕੋਈ ਕਰਜ਼ਾ ਨਹੀਂ ਦੇਣਾ ਹੈ।
ਕਿਸਾਨ ਵੀਰਾਂ ਨੂੰ ਸੰਦੇਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਾਨੂੰ ਕਈ ਕਿਸਾਨ ਮੇਲਿਆਂ ਅਤੇ ਕਿਸਾਨ ਗੋਸ਼ਟੀਆਂ ਵਿੱਚ ਵੀ ਸਾਨੂੰ ਮਾਣ-ਸਨਮਾਣ ਦਿੱਤਾ ਗਿਆ ਹੈ। ਅਸੀਂ ਕਿਸਾਨਾਂ, ਖਾਸ ਕਰਕੇ ਛੋਟੇ ਕਿਸਾਨ ਵੀਰਾਂ ਨੂੰ ਇਹੀ ਅਰਜ ਕਰਦੇ ਹਾਂ ਕਿ ਰਵਾਇਤੀ ਖੇਤੀ ਘਟਾ ਕੇ ਥੋੜਾ ਰਕਬਾ ਸ਼ਬਜ਼ੀਆਂ ਦੀ ਕਾਸ਼ਤ ਖਾਸ ਕਰਕੇ ਅਗੇਤੇ ਕੱਦੂ ਅਤੇ ਕਰੇਲੇ ਹੇਠ ਲਿਆਂਦਾ ਜਾਵੇ ਅਤੇ ਜਿਥੋਂ ਤੱਕ ਹੋ ਸਕੇ, ਪਰਿਵਾਰਕ ਮੈਂਬਰਾਂ ਦੀ ਖੇਤ ਵਿੱਚ ਵੱਧ ਹਾਜ਼ਰੀ ਨਾਲ ਹੀ ਕੰਮ ਨੇਪਰੇ ਚਾੜੇ ਜਾਣ ਅਤੇ ਤਜ਼ਰਬੇ ਨਾਲ ਹੀ ਅੱਗੇ ਇਸ ਵੰਨ-ਸੁਵੰਨੀ ਖੇਤੀ ਨੂੰ ਵਧਾਇਆ ਜਾਵੇ। ਇਸ ਕੰਮ ਲਈ ਕੋਈ ਵੀ ਕਿਸਾਨ ਭਰਾ ਸਾਡੇ ਕੋਲ ਆ ਕੇ ਸਾਡੀ ਖੇਤੀ ਦੇਖ ਸਕਦਾ ਹੈ ਅਤੇ ਸਿਖਲਾਈ ਲੈ ਸਕਦਾ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ।
Summary in English: Success Story: Vegetable cultivation is a source of livelihood and future for children!