Success Story: ਪੰਜਾਬ ਦੀ ਧਰਤੀ ਇੱਥੋਂ ਦੇ ਮਿਹਨਤਕੱਸ਼ ਅਤੇ ਉੱਦਮੀ ਕਿਸਾਨਾਂ ਦੇ ਪਸੀਨੇ ਨਾਲ ਸਿੰਜ ਕੇ ਹਰੀ ਭਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ-ਭਵਾਨੀਗੜ੍ਹ, ਜ਼ਿਲ੍ਹਾ- ਸੰਗਰੂਰ ਦਾ ਵਸਨੀਕ ਗੁਰਿੰਦਰ ਪਾਲ ਸਿੰਘ।
ਕਿਸਾਨ ਗੁਰਿੰਦਰ ਪਾਲ ਸਿੰਘ ਆਪਣੀ ਕੁਲ 28 ਏਕੜ ਜ਼ਮੀਨ 'ਤੇ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰਕੇ ਬੀਜ ਉਤਪਾਦਨ ਦਾ ਕੰਮ ਕਰਦਾ ਹੈ। ਗੁਰਿੰਦਰ ਪਾਲ ਸਿੰਘ ਮੁੱਖ ਤੌਰ ਤੇ ਕਣਕ, ਝੋਨਾ, ਬਾਸਮਤੀ, ਸਰੋਂ, ਗੰਨਾ, ਮਸਰ, ਛੋਲੇ, ਮੂੰਗੀ, ਮੌਸਮੀ ਸਬਜ਼ੀਆਂ, ਹਲਦੀ, ਪਿਆਜ਼, ਖਸਖਸ ਆਦਿ ਫ਼ਸਲਾਂ ਦੀ ਕਾਸ਼ਤ ਕਰਦਾ ਹੈ। ਇਸ ਤੋਂ ਇਲਾਵਾ ਗੁਰਿੰਦਰ ਪਾਲ ਸਿੰਘ ਨੇ ਆਪਣੇ ਫ਼ਾਰਮ 'ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਵੇਂ ਅੰਬ, ਜਾਮਣ, ਕਿਨੂੰ, ਆਂਵਲਾ, ਅਮਰੂਦ, ਖੁਰਮਾਨੀ, ਅੰਜੀਰ, ਆੜੂ, ਕਟਹਲ ਆਦਿ।
ਗੁਰਿੰਦਰ ਪਾਲ ਸਿੰਘ ਨੇ ਸਹਾਇਕ ਕਿੱਤੇ ਵੱਜੋਂ 10 ਮੱਝਾਂ ਅਤੇ 2 ਦੇਸੀ ਨਸਲ ਦੀਆਂ ਗਾਵਾਂ ਵੀ ਪਾਲੀਆਂ ਹੋਈਆਂ ਹਨ। ਇਨ੍ਹਾਂ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਨ੍ਹਾਂ ਪਸ਼ੂਆਂ ਲਈ ਚਾਰਾ ਵੀ ਗੁਰਿੰਦਰ ਪਾਲ ਸਿੰਘ ਆਪਣੇ ਖੇਤਾਂ ਵਿੱਚ ਹੀ ਪੈਦਾ ਕਰਦਾ ਹੈ, ਜਿਸ ਵਿੱਚ ਮੁੱਖ ਤੌਰ 'ਤੇ ਬਰਸੀਮ, ਮੱਖਣ ਘਾਹ, ਮੱਕੀ, ਜਵਾਰ, ਬਾਜਰਾ ਆਦਿ ਸ਼ਾਮਿਲ ਹਨ। ਆਪਣੀਆਂ ਖੇਤੀ ਜਿਣਸਾਂ ਦਾ ਬੀਜ ਉਤਪਾਦਨ ਗੁਰਿੰਦਰ ਪਾਲ ਸਿੰਘ ਦਾ ਮੁੱਖ ਕਿੱਤਾ ਹੈ। ਇਹ ਕਿਸਾਨ ਇਹਨਾਂ ਫ਼ਸਲਾਂ ਨੂੰ ਅਨਾਜ ਦੇ ਤੌਰ ਤੇ ਬਹੁਤ ਘੱਟ ਵੇਚਦਾ ਹੈ ਜ਼ਿਆਦਾਤਰ ਜਿਣਸਾਂ ਦਾ ਬੀਜ ਉਤਪਾਦਨ ਕਰਕੇ ਹੀ ਵੇਚਣ ਨੂੰ ਪਹਿਲ ਦਿੰਦਾ ਹੈ।
ਗੁਰਿੰਦਰ ਪਾਲ ਸਿੰਘ ਕਣਕ ਦੀਆਂ ਮੁੱਖ ਕਿਸਮਾਂ ਜਿਵੇਂ ਡੀ. ਬੀ. ਡਬਲਯੂ. 327, 370, 371, 372 ਅਤੇ ਪੀ. ਬੀ. ਡਬਲਯੂ. 826 ਦਾ ਬੀਜ ਉਤਪਾਦਨ ਕਰਦਾ ਹੈ। ਬਾਸਮਤੀ ਦੀਆਂ ਪ੍ਰਮਾਣਿਤ ਕਿਸਮਾਂ ਜਿਵੇਂ ਪੂਸਾ 1847, 1885, 1886, ਪੰਜਾਬ ਬਾਸਮਤੀ-7, ਪੀ. ਆਰ. 126, ਪੂਸਾ 44 ਆਦਿ ਕਿਸਮਾਂ ਦਾ ਬੀਜ ਉਤਪਾਦਨ ਕਰਦਾ ਹੈ। ਇਸ ਤੋਂ ਇਲਾਵਾ ਸਰੋਂ ਦੀ ਖਾਸ ਕਿਸਮ ਪੂਸਾ ਮਸਟਰਡ 0033 (ਕਨੋਲਾ ਸਰੋਂ) ਦਾ ਬੀਜ ਉਤਪਾਦਨ ਵੀ ਕਰਦਾ ਹੈ। ਬੀਜ ਉਤਪਾਦਨ ਦੀ ਤਕਨੀਕੀ ਸਿਖਲਾਈ ਗੁਰਿੰਦਰ ਪਾਲ ਸਿੰਘ ਨੇ ਪੂਸਾ ਯੂਨੀਵਰਸਿਟੀ, ਦਿੱਲੀ ਅਤੇ ਖੇਤੀਬਾੜੀ ਯੂਨੀਵਰਸਿਟੀ ਕਰਨਾਲ ਤੋਂ ਲਈ ਹੈ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਆਪਣੀਆਂ ਫ਼ਸਲਾਂ ਦੀ ਸਿੰਚਾਈ ਗੁਰਿੰਦਰ ਪਾਲ ਸਿੰਘ ਨਹਿਰੀ ਪਾਣੀ ਨਾਲ ਕਰਦਾ ਹੈ ਅਤੇ ਇਸ ਤੋਂ ਇਲਾਵਾ ਇਸ ਦੇ ਖੇਤਾਂ ਵਿੱਚ ਲਗਭਗ 6 ਦੇ ਕਰੀਬ ਟਿਊਬਵੈੱਲ ਵੀ ਲੱਗੇ ਹੋਏ ਹਨ। ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਨਸ਼ਟ ਕਰਨ ਲਈ ਪੂਸਾ ਯੂਨੀਵਰਸਿਟੀ, ਦਿੱਲੀ ਦੀ ਖਾਸ ਪੇਸ਼ਕਸ਼ ਡੀ. ਕੰਪੋਜ਼ਰ ਦੀ ਵਰਤੋਂ ਕਰਕੇ ਆਪਣੇ ਖੇਤਾਂ ਦੀ ਸਾਰੀ ਪਰਾਲੀ ਨੂੰ ਖੇਤਾਂ ਵਿੱਚ ਹੀ ਜਜ਼ਬ ਕੀਤਾ ਜਾਂਦਾ ਹੈ ਜਿਸ ਨਾਲ ਜ਼ਮੀਨ ਦੀ ਸਿਹਤ ਵੀ ਵਧੀਆ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਜ਼ਿਆਦਾ ਅਤੇ ਮਿਆਰੀ ਆਉਂਦਾ ਹੈ।
ਕਣਕ ਦੀ ਬਿਜਾਈ ਸੂਪਰ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਜਿਸ ਨਾਲ ਸਮਾਂ ਵੀ ਬਚਦਾ ਹੈ ਅਤੇ ਬਿਜਾਈ ਵੀ ਇਕਸਾਰ ਹੁੰਦੀ ਹੈ। ਗੁਰਿੰਦਰ ਪਾਲ ਸਿੰਘ ਦੀ ਸਰੋਂ ਦੀ ਫ਼ਸਲ ਵੀ ਹੋਰ ਦੂਜੇ ਕਿਸਾਨਾਂ ਨਾਲੋਂ ਵਧੀਆ ਝਾੜ ਦਿੰਦੀ ਹੈ ਅਤੇ ਇਸ ਫ਼ਸਲ ਦੀ ਕੁਆਲਿਟੀ ਵੀ ਬਹੁਤ ਮਿਆਰੀ ਹੁੰਦੀ ਹੈ। ਗੁਰਿੰਦਰ ਪਾਲ ਸਿੰਘ ਦੀ ਖੇਤੀ ਕਾਰਗੁਜ਼ਾਰੀ ਨੂੰ ਦੇਖਕੇ ਕਰਨਾਲ ਯੂਨੀਵਰਸਿਟੀ ਨੇ ਇਸ ਕਿਸਾਨ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਹੈ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਉੱਚ ਅਧਿਕਾਰੀ ਅਤੇ ਵਿਗਿਆਨੀ ਵੀ ਇਸ ਕਿਸਾਨ ਦੇ ਖੇਤਾਂ ਵਿੱਚ ਆਪ ਆ ਕੇ ਖੇਤਾਂ ਦੀ ਸਥਿਤੀ ਮੁਤਾਬਕ ਕੀਮਤੀ ਖੇਤੀ ਸਲਾਹ ਵੀ ਇਸ ਕਿਸਾਨ ਨੂੰ ਦਿੰਦੇ ਹਨ।
ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ
ਆਪਣੀ ਸੁਵਿਧਾ ਅਤੇ ਸਰੋਤਾਂ ਦੇ ਅਨੁਸਾਰ ਗੁਰਿੰਦਰ ਪਾਲ ਸਿੰਘ ਨੇ ਆਪਣੇ ਘਰ ਬਾਇਉ ਗੈਸ ਪਲਾਂਟ ਅਤੇ ਸੋਲਰ ਸਿਸਟਮ ਵੀ ਲਗਾਇਆ ਹੋਇਆ ਹੈ ਜਿਸ ਨਾਲ ਉਸ ਨੂੰ ਆਰਥਿਕ ਲਾਭ ਵੀ ਹੁੰਦਾ ਹੈ ਅਤੇ ਮਾਨਸਿਕ ਸਕੂਨ ਵੀ ਮਿਲਦਾ ਹੈ। ਗੰਨੇ ਦਾ ਘਰੇਲੂ ਵਰਤੋਂ ਲਈ ਗੁੜ ਵੀ ਬਣਾਇਆ ਜਾਂਦਾ ਹੈ ਜਿਸ ਨਾਲ ਘਰ ਵਿੱਚ ਮਿੱਠੇ ਦੀ ਲੋੜ ਪੂਰੀ ਹੁੰਦੀ ਰਹਿੰਦੀ ਹੈ। ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗੁਰਿੰਦਰ ਪਾਲ ਸਿੰਘ ਨੂੰ ਆਪਣੇ ਖੇਤਾਂ ਵਿੱਚ ਫ਼ਸਲਾਂ ਦਾ ਬੀਜ ਉਤਪਾਦਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਰਹਿੰਦਾ ਹੈ।
ਬੀਜ ਉਤਪਾਦਨ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਗੁਰਿੰਦਰ ਪਾਲ ਸਿੰਘ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਦੇ ਸਦਕਾ ਅੱਜ ਗੁਰਿੰਦਰ ਪਾਲ ਸਿੰਘ ਆਪਣੇ ਇਸ ਕੰਮ ਨੂੰ ਆਪਣੇ ਜ਼ਿਲ੍ਹੇ ਸੰਗਰੂਰ ਤੋਂ ਲੈ ਕੇ ਦੇਸ਼ ਦੇ ਹੋਰ ਦੂਜੇ ਜ਼ਿਲਿਆਂ ਅਤੇ ਰਾਜਾਂ ਤੱਕ ਵੀ ਫ਼ੈਲਾਅ ਚੁਕਿਆ ਹੈ। ਗੁਰਿੰਦਰ ਪਾਲ ਸਿੰਘ ਨੇ ਆਪਣੇ ਸਾਰੇ ਖੇਤਾਂ ਨੂੰ ਕੰਪਿਊਟਰ ਕਰਾਹੇ ਨਾਲ ਪੱਧਰ ਕਰਵਾਇਆ ਹੋਇਆ ਹੈ ਅਤੇ ਸਾਰਿਆਂ ਖੇਤਾਂ ਵਿੱਚ ਜ਼ਮੀਨਦੋਜ਼ ਪਾਈਪਾਂ ਵੀ ਪਾਈਆਂ ਹੋਈਆਂ ਹਨ ਜਿਸ ਨਾਲ ਉਹ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਦਾ ਹੈ।
ਇਹ ਕਿਸਾਨ ਆਪਣੀਆਂ ਖੇਤੀ ਸਿਣਸਾਂ ਦੇ ਬੀਜਾਂ ਦੀ ਵਧੀਆ ਪੈਕਿੰਗ ਕਰਕੇ ਸਿੱਧਾ ਹੋਰ ਦੂਜੇ ਕਿਸਾਨਾਂ ਨੂੰ ਵੇਚਦਾ ਹੈ। ਬੀਜ ਉਤਪਾਦਨ ਅਤੇ ਉੱਦਮੀ ਕਿਸਾਨ ਵੱਜੋਂ ਗੁਰਿੰਦਰ ਪਾਲ ਸਿੰਘ ਨੂੰ ਕਈ ਪਿੰਡ, ਜ਼ਿਲ੍ਹਾ, ਅਤੇ ਰਾਜ ਪੱਧਰ ਤੇ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ। ਗੁਰਿੰਦਰ ਪਾਲ ਸਿੰਘ ਦਾ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਾਗ਼ਬਾਨੀ ਵਿਭਾਗ ਆਦਿ ਸਰਕਾਰੀ ਵਿਭਾਗਾਂ ਦੇ ਅਫ਼ਸਰਾਂ ਅਤੇ ਖੇਤੀ ਮਾਹਿਰਾਂ ਨਾਲ ਪੂਰਾ ਸੰਪਰਕ ਬਣਿਆਂ ਰਹਿੰਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਵਿਲੱਖਣ ਸੋਚ ਬਣੀ ਮਿਸਾਲ
ਭਵਿੱਖ ਵਿੱਚ ਗੁਰਿੰਦਰ ਪਾਲ ਸਿੰਘ ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਲਈ ਨਿਰੰਤਰ ਉਪਰਾਲੇ ਕਰਦਾ ਰਹੇਗਾ। ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਹੀ ਜਜ਼ਬ ਕਰੇਗਾ ਅਤੇ ਹੋਰ ਦੂਜੇ ਕਿਸਾਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਦਾ ਰਹੇਗਾ। ਗੁਰਿੰਦਰ ਪਾਲ ਸਿੰਘ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਨਿਰੰਤਰ ਹਰ ਸਾਲ ਪਰਖ ਵੀ ਕਰਵਾਉਂਦਾ ਹੈ ਜਿਸ ਨਾਲ ਉਸ ਦੀ ਖੇਤੀ ਵਿੱਚ ਵਿਕਾਸ ਦਿਖਾਈ ਦਿੰਦਾ ਹੈ। ਗੁਰਿੰਦਰ ਪਾਲ ਸਿੰਘ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਬੀਜ ਉਤਪਾਦਨ ਨਾਲ ਸੰਬੰਧਤ ਜਾਣਕਾਰੀ ਦਿੰਦਾ ਰਹਿੰਦਾ ਹੈ।
ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੁਆਰਾ ਲਗਾਏ ਜਾਂਦੇ ਕਿਸਾਨ ਕੈਂਪਾਂ, ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਗੁਰਿੰਦਰ ਪਾਲ ਸਿੰਘ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਾ ਰਿਹਾ ਹੈ। ਲਾਕਡਾਊਨ ਅਤੇ ਕਰੋਨਾ ਦੇ ਮਾੜੇ ਦੌਰ ਵਿੱਚ ਵੀ ਗੁਰਿੰਦਰ ਪਾਲ ਸਿੰਘ ਦਾ ਬੀਜ ਉਤਪਾਦਨ ਦਾ ਕੰਮ-ਕਾਜ ਨਿਰਵਿਘਨ ਚਲਦਾ ਰਿਹਾ ਅਤੇ ਬੀਜਾਂ ਦੀ ਵਿਕਰੀ ਕਰਨ ਵਿੱਚ ਵੀ ਕੋਈ ਬਹੁਤੀ ਵੱਡੀ ਮੁਸ਼ਕਿਲ ਪੇਸ਼ ਨਹੀਂ ਆਈ। ਅਸੀਂ ਗੁਰਿੰਦਰ ਪਾਲ ਸਿੰਘ ਨੂੰ ਉਸਦੀ ਇਸ ਕਾਮਯਾਬ ਖੇਤੀ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ।
ਦਿਨੇਸ਼ ਦਮਾਥੀਆ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Successful Seed Grower: Gurinder Pal Singh