ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਅਸਫਲ ਹੋਣ ਦੇ ਡਰ ਤੋਂ ਕੁਝ ਨਵਾਂ ਕਰਨ ਤੋਂ ਪਿੱਛੇ ਹੱਟ ਜਾਂਦੇ ਹਾਂ, ਤਾਂ ਅਸੀਂ ਕਦੀ ਵੀ ਸਫਲ ਨਹੀਂ ਹੋ ਸਕਦੇ। ਕੁਝ ਨਵਾਂ ਕਰਨ ਦੀ ਚਾਹ ਹੀ ਇਨਸਾਨ ਨੂੰ ਸਫਲ ਬਣਾਉਂਦੀ ਹੈ। ਅਜਿਹਾ ਹੀ ਮੁਰਾਦਾਬਾਦ ਦੇ ਇਸ ਕਿਸਾਨ ਨੇ ਸਾਬਤ ਕਰਕੇ ਵਖਾਇਆ ਹੈ। ਆਓ ਜਾਣਦੇ ਹਾਂ ਇਸ ਕਿਸਾਨ ਦੀ ਸਫ਼ਲਤਾ ਦੀ ਕਹਾਣੀ ਦੇ ਕੁਝ ਪਹਿਲੂ।
ਸਾਧਾਰਨ ਖੇਤੀ ਤੋਂ ਪਰਾਂ ਹੱਟ ਕੇ ਇਸ ਕਿਸਾਨ ਨੇ ਖੇਤੀ `ਚ ਕੁਝ ਅਜਿਹਾ ਕਰਕੇ ਵਖਾਇਆ ਹੈ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਬਿਲਾਰੀ, ਮੁਰਾਦਾਬਾਦ ਦੇ ਵਸਨੀਕ ਰਘੁਪਤ ਸਿੰਘ ਨੇ ਸਬਜ਼ੀਆਂ ਦੀਆਂ 55 ਤੋਂ ਵੱਧ ਅਲੋਪ ਹੋ ਚੁੱਕੀਆਂ ਕਿਸਮਾਂ ਨੂੰ ਮੁੜ ਹੋਂਦ `ਚ ਲਿਆਂਦਾ ਹੈ। ਇਨ੍ਹਾਂ ਅਲੋਪ ਕਿਸਮਾਂ ਦੀ ਖੇਤੀ ਕਰਕੇ ਉਨ੍ਹਾਂ ਨਾ ਸਿਰਫ ਆਪਣੇ ਸੂਬੇ `ਚ ਸਗੋਂ ਪੂਰੇ ਦੇਸ਼ `ਚ ਨਾਮਣਾ ਖੱਟਿਆ ਹੈ।
ਰਘੁਪਤ ਸਿੰਘ ਉਂਜ ਤਾਂ ਇੱਕ ਸਾਧਾਰਨ ਕਿਸਾਨ ਹੀ ਹਨ ਪਰ ਉਨ੍ਹਾਂ ਦਾ ਰੁਟੀਨ ਹੋਰਾਂ ਕਿਸਾਨਾਂ ਨਾਲੋਂ ਵੱਖ ਹੈ। ਕਰੀਬਨ 35 ਸਾਲ ਪਹਿਲਾਂ ਇਨ੍ਹਾਂ ਨੇ ਜੀਵਨ `ਚ ਕੁਝ ਨਵਾਂ ਕਰਨ ਦਾ ਟੀਚਾ ਮਿਥਿਆ ਸੀ। ਜਿਸਦੇ ਸਦਕਾ ਉਨ੍ਹਾਂ ਨੇ ਅਲੋਪ ਕਿਸਮਾਂ ਨੂੰ ਜੀਵਨ ਦਾਨ ਦੇਣ ਬਾਰੇ ਸੋਚਿਆ। ਇਨ੍ਹਾਂ ਨੇ ਅਜੇ ਤੱਕ 100 ਤੋਂ ਵੱਧ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਹਨ।
ਰਘੁਪਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਖੇਤੀ ਤਕਨੀਕ ਨਾਲ ਉਨ੍ਹਾਂ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਜਿਹੜੇ ਬਾਜ਼ਾਰ `ਚ ਵੱਧ ਉਤਪਾਦਨ ਨਹੀਂ ਲਿਆ ਪਾ ਰਹੇ। ਉਨ੍ਹਾਂ ਵਾਂਗ ਹੀ ਛੋਟੇ ਕਿਸਾਨਾਂ ਨੂੰ ਵੀ ਇਸ ਵਿਕਲਪ `ਤੇ ਧਿਆਨ ਦੇਣਾ ਚਾਹੀਦਾ ਹੈ। ਦੇਸ਼ ਭਰ `ਚ ਖੇਤੀ ਨਾਲ ਸਬੰਧਤ ਸਾਰੇ ਅਦਾਰੇ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ ਹਨ ਤੇ ਉਨ੍ਹਾਂ ਵੱਲੋਂ ਬਣਾਏ ਗਏ ਬੀਜ ਛੋਟੇ ਕਿਸਾਨਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਖੰਡ ਦੀ ਬਰਾਮਦ 'ਤੇ ਲਗਾਈ ਪਾਬੰਦੀ, ਅੰਤਰਰਾਸ਼ਟਰੀ ਬਾਜ਼ਾਰ 'ਚ ਚਿੰਤਾ ਦਾ ਮਾਹੌਲ
ਰਘੁਪਤ ਸਿੰਘ ਨੇ 3 ਲੱਖ ਤੋਂ ਵੱਧ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੇ ਵਿਸ਼ੇਸ਼ਤਾਵਾਂ ਦੀ ਸਿੱਖਿਆ ਦਿੱਤੀ ਹੈ। ਉਹ ਅਜੇ ਵੀ ਕਿਸਾਨਾਂ ਨੂੰ ਇਹ ਸਿਖਲਾਈ ਦਿੰਦੇ ਹਨ ਕਿ ਉਨ੍ਹਾਂ ਨੂੰ ਸਬਜ਼ੀਆਂ ਦਾ ਜ਼ਿਆਦਾ ਮੁਨਾਫ਼ਾ ਕਿਸ ਸੀਜ਼ਨ `ਚ ਹੋਵੇਗਾ। ਰਘੁਪਤ ਸਿੰਘ ਦੇ ਖੇਤੀ ਤਰੀਕਿਆਂ ਨੂੰ ਸਿੱਖ ਕੇ ਦੇਸ਼ਭਰ ਦੇ ਕਿਸਾਨ ਅੱਜ ਦੁਗਣਾ ਮੁਨਾਫ਼ਾ ਕਮਾ ਰਹੇ ਹਨ। ਦੱਸ ਦੇਈਏ ਕਿ ਖੇਤੀ `ਚ ਹਾਸਲ ਕੀਤੀ ਸਫਲਤਾ ਕਾਰਨ ਇਨ੍ਹਾਂ ਨੂੰ 11 ਵਾਰੀ ਨੈਸ਼ਨਲ ਅਵਾਰਡ ਵੀ ਮਿਲ ਚੁੱਕਾ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਵੀਂ ਇਨ੍ਹਾਂ ਦੀ ਸ਼ਲਾਂਘਾ ਕੀਤੀ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: This farmer cultivated more than 55 extinct varieties of vegetables