ਸਫਲ ਕਿਸਾਨ ਲੇਖ ਰਾਮ ਯਾਦਵ
Success Story of Organic Farmer Lekhram Yadav: ਰਾਜਸਥਾਨ ਦੇ ਕੋਟਪੂਤਲੀ ਦੀ ਮਿੱਟੀ ਵਿਚ ਜੰਮੇ ਲੇਖਰਾਮ ਯਾਦਵ ਅੱਜ ਉਹ ਨਾਮ ਬਣ ਚੁੱਕੇ ਹਨ, ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਕਿਸਾਨ ਸਹੀ ਸੋਚ, ਵਿਗਿਆਨਕ ਤਰੀਕਿਆਂ ਅਤੇ ਆਪਣੀ ਪਰੰਪਰਾਵਾਂ ਨੂੰ ਨਾਲ ਲੈ ਕੇ ਖੇਤੀ ਕਰੇ, ਤਾਂ ਖੇਤੀ ਸਿਰਫ਼ ਰੋਜ਼ੀ-ਰੋਟੀ ਨਹੀਂ ਰਹਿੰਦੀ… ਇਹ ਸੋਨੇ ਵਰਗਾ ਕਾਰੋਬਾਰ ਬਣ ਜਾਂਦੀ ਹੈ।
ਇੱਕ ਆਮ ਕਿਸਾਨ ਪਰਿਵਾਰ ਵਿਚ ਜਨਮੇ ਲੇਖਰਾਮ ਯਾਦਵ ਨੇ ਕਦੇ ਵੀ ਖੇਤੀ ਨੂੰ ਮਜ਼ਬੂਰੀ ਨਹੀਂ ਮੰਨਿਆ। ਉਹਨਾਂ ਲਈ ਖੇਤੀ ਸਿਰਫ਼ ਧੰਦਾ ਨਹੀਂ, ਸਗੋਂ ਜੀਵਨ ਜੀਉਣ ਦਾ ਤਰੀਕਾ ਬਣ ਗਈ। ਇਹੀ ਕਾਰਨ ਹੈ ਕਿ ਅੱਜ ਉਹ ਜੈਵਿਕ ਖੇਤੀ, ਦੇਸੀ ਗਾਂ ਪਾਲਣ, ਐਗਰੀ ਟੂਰਿਜ਼ਮ ਅਤੇ ਵੈਲਿਊ ਐਡਡ ਡੇਅਰੀ ਪ੍ਰੋਡਕਟਸ ਦੇ ਖੇਤਰ ਵਿਚ ਦੇਸ਼ ਭਰ ਦੇ ਕਿਸਾਨਾਂ ਲਈ ਇੱਕ ਪ੍ਰੇਰਣਾ ਬਣੇ ਹੋਏ ਹਨ।
ਸਫਲ ਕਿਸਾਨ ਲੇਖ ਰਾਮ ਯਾਦਵ
ਲੇਖਰਾਮ ਯਾਦਵ ਨੇ ਬਾਇਓਟੈਕਨੋਲੋਜੀ ਵਿਚ ਮਾਸਟਰਜ਼ ਕੀਤੀ ਅਤੇ ਲਗਭਗ ਸਾੜੇ ਛੇ ਸਾਲ ਤੱਕ ਮਾਲਿਕਿਊਲਰ ਬਾਇਓਲੋਜਿਸਟ ਵਜੋਂ ਕੰਮ ਕੀਤਾ। ਵੱਡੀਆਂ ਕੰਪਨੀਆਂ ਵਿੱਚ ਚੰਗੀ ਨੌਕਰੀ, ਵਧੀਆ ਤਨਖਾਹ ਅਤੇ ਸ਼ਹਿਰੀ ਜ਼ਿੰਦਗੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਦਿਲ ਹਮੇਸ਼ਾਂ ਮਿੱਟੀ ਦੀ ਖੁਸ਼ਬੂ ਅਤੇ ਕੁਦਰਤ ਵੱਲ ਖਿੱਚਿਆ ਜਾਂਦਾ ਰਿਹਾ। ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਇੱਕ ਮਹਿਲਾ ਕੁਆਲਿਟੀ ਮੈਨੇਜਰ ਨਾਲ ਗੱਲਬਾਤ ਹੋਈ। ਉਸ ਮਹਿਲਾ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਸ਼ਾਂਤ ਜੀਵਨ ਜੀਉਣ ਲਈ ਫਾਰਮ ਹਾਊਸ ਵਿਚ ਰਹਿਣਾ ਚਾਹੁੰਦੀ ਹੈ। ਇਹ ਗੱਲ ਲੇਖਰਾਮ ਦੇ ਦਿਲ ਨੂੰ ਛੂਹ ਗਈ। ਉਹ ਸੋਚਣ ਲੱਗੇ ਕਿ ਜਦੋਂ ਜ਼ਿੰਦਗੀ ਦੇ ਅੰਤ ਵਿਚ ਹਰ ਇਨਸਾਨ ਕੁਦਰਤ ਵੱਲ ਵਾਪਸ ਆਉਣਾ ਚਾਹੁੰਦਾ ਹੈ, ਤਾਂ ਫਿਰ ਸ਼ੁਰੂ ਤੋਂ ਹੀ ਕੁਦਰਤ ਨਾਲ ਕਿਉਂ ਨਾ ਜੁੜਿਆ ਜਾਵੇ? ਬਸ ਫਿਰ ਕੀ ਸੀ… ਉਸੇ ਦਿਨ ਤੋਂ ਲੇਖਰਾਮ ਯਾਦਵ ਨੇ ਆਪਣੀ ਜ਼ਿੰਦਗੀ ਦਾ ਰਸਤਾ ਬਦਲ ਦਿੱਤਾ ਅਤੇ ਖੇਤੀ ਤੇ ਪਸ਼ੂਪਾਲਣ ਨੂੰ ਆਪਣਾ ਮਕਸਦ ਬਣਾ ਲਿਆ। ਸ਼ੁਰੂਆਤ ਉਹਨਾਂ ਨੇ ਕੇਵਲ 120 ਏਕੜ ਜ਼ਮੀਨ ਤੋਂ ਜੈਵਿਕ ਖੇਤੀ ਨਾਲ ਕੀਤੀ ਸੀ, ਪਰ ਅੱਜ ਉਹ 1250 ਏਕੜ ਤੋਂ ਵੀ ਵੱਧ ਖੇਤਰ ਵਿੱਚ ਆਰਗੈਨਿਕ ਖੇਤੀ ਕਰ ਰਹੇ ਹਨ। ਇਸਦੇ ਨਾਲ ਹੀ ਉਹਨਾਂ ਨੇ ਦੇਸੀ ਗਾਂਵਾਂ ‘ਤੇ ਆਧਾਰਿਤ ਇੱਕ ਐਸਾ ਡੇਅਰੀ ਮਾਡਲ ਤਿਆਰ ਕੀਤਾ, ਜੋ ਅੱਜ ਹਜ਼ਾਰਾਂ ਕਿਸਾਨਾਂ ਲਈ ਮਿਸਾਲ ਬਣ ਚੁੱਕਾ ਹੈ। ਉਹਨਾਂ ਦੀ ਸਭ ਤੋਂ ਵੱਡੀ ਸੋਚ ਇਹ ਰਹੀ ਕਿ ਖੇਤੀ ਅਤੇ ਪਸ਼ੂਪਾਲਣ ਨੂੰ ਕਦੇ ਵੀ ਵੱਖਰਾ ਨਾ ਸਮਝਿਆ ਜਾਵੇ। ਉਹ ਮੰਨਦੇ ਹਨ ਕਿ ਜਿੱਥੇ ਖੇਤ ਹੋਵੇ, ਉੱਥੇ ਪਸ਼ੂ ਵੀ ਹੋਣੇ ਚਾਹੀਦੇ ਹਨ… ਕਿਉਂਕਿ ਦੋਵੇਂ ਇੱਕ-ਦੂਜੇ ਦੇ ਸੱਚੇ ਸਾਥੀ ਹਨ। ਇਹੀ ਸੋਚ ਅੱਜ ਉਹਨਾਂ ਨੂੰ ਸਾਲਾਨਾ ਲਗਭਗ 40 ਕਰੋੜ ਰੁਪਏ ਦੇ ਟਰਨਓਵਰ ਤੱਕ ਲੈ ਆਈ ਹੈ। ਅੱਜ ਲੇਖਰਾਮ ਯਾਦਵ ਸਿਰਫ਼ ਇੱਕ ਕਿਸਾਨ ਨਹੀਂ, ਸਗੋਂ ਉਹਨਾਂ ਨੌਜਵਾਨਾਂ ਲਈ ਉਮੀਦ ਦੀ ਕਿਰਣ ਹਨ ਜੋ ਪਿੰਡ ਛੱਡ ਕੇ ਸ਼ਹਿਰਾਂ ਵੱਲ ਭੱਜ ਰਹੇ ਹਨ। ਉਹਨਾਂ ਨੇ ਦਿਖਾ ਦਿੱਤਾ ਕਿ ਜੇ ਦਿਲ ਵਿਚ ਜ਼ੁਨੂਨ ਹੋਵੇ, ਤਾਂ ਖੇਤੀ ਵੀ ਤੁਹਾਨੂੰ ਕਰੋੜਪਤੀ ਬਣਾ ਸਕਦੀ ਹੈ।
ਹਾਲ ਹੀ ਵਿਚ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ 2025 (Millionaire Farmer of India Awards 2025) ਵਿੱਚ ਉਹਨਾਂ ਨੂੰ ‘ਮਿਲੀਅਨੇਅਰ ਆਰਗੈਨਿਕ ਫਾਰਮਰ ਆਫ ਇੰਡੀਆ’ ਕੈਟੇਗਰੀ ਵਿੱਚ ‘ਫਰਸਟ ਰਨਰ ਅੱਪ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿਰਫ਼ ਲੇਖਰਾਮ ਯਾਦਵ ਦੀ ਜਿੱਤ ਨਹੀਂ, ਸਗੋਂ ਹਰ ਉਸ ਕਿਸਾਨ ਦੀ ਜਿੱਤ ਹੈ ਜੋ ਮਿੱਟੀ ਨਾਲ ਪਿਆਰ ਕਰਦਾ ਹੈ ਅਤੇ ਖੇਤੀ ਨੂੰ ਆਪਣਾ ਮਾਣ ਮੰਨਦਾ ਹੈ। ਕ੍ਰਿਸ਼ੀ ਜਾਗਰਣ ਨੇ ਡੇਅਰੀ ਫਾਰਮਿੰਗ, ਜੈਵਿਕ ਖੇਤੀ, ਦੇਸੀ ਨਸਲਾਂ ਅਤੇ ਨੌਜਵਾਨਾਂ ਦੇ ਭਵਿੱਖ ਬਾਰੇ ਲੇਖਰਾਮ ਯਾਦਵ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਪ੍ਰੇਰਣਾਦਾਇਕ ਗੱਲਬਾਤ ਦੇ ਕੁਝ ਖਾਸ ਅੰਸ਼…
ਸਵਾਲ: ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ? ਸ਼ੁਰੂਆਤੀ ਦੌਰ ਵਿੱਚ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਜਵਾਬ: ਸਾਡੀ ਡੇਅਰੀ ਫਾਰਮਿੰਗ ਦੀ ਕਹਾਣੀ ਕੋਈ ਆਮ ਕਾਰੋਬਾਰ ਦੀ ਸ਼ੁਰੂਆਤ ਨਹੀਂ ਸੀ, ਇਹ ਇੱਕ ਸੁਪਨਾ ਸੀ… ਇੱਕ ਅਜਿਹਾ ਸੁਪਨਾ ਜੋ ਪਿੰਡ ਦੀ ਮਿੱਟੀ, ਦੇਸੀ ਗਾਂ ਅਤੇ ਕੁਦਰਤੀ ਖੇਤੀ ਨਾਲ ਜੁੜਿਆ ਹੋਇਆ ਸੀ। ਜਦੋਂ ਅਸੀਂ ਡੇਅਰੀ ਦਾ ਧੰਦਾ ਸ਼ੁਰੂ ਕਰਨ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਅਸੀਂ ਕਿਤਾਬਾਂ, ਵੱਡੇ-ਵੱਡੇ ਫਾਰਮਾਂ ਅਤੇ ਕਈ ਸਫਲ ਕਿਸਾਨਾਂ ਕੋਲ ਜਾ ਕੇ ਡੂੰਘੀ ਰਿਸਰਚ ਕੀਤੀ। ਅਸੀਂ ਸਮਝਣਾ ਚਾਹੁੰਦੇ ਸੀ ਕਿ ਆਖਿਰ ਕਿਉਂ ਲੋਕ ਕਹਿੰਦੇ ਹਨ ਕਿ “ਡੇਅਰੀ ਫਾਰਮਿੰਗ ਘਾਟੇ ਦਾ ਸੌਦਾ ਹੈ?”
ਸਾਡੇ ਦਿਲ ਵਿੱਚ ਇੱਕ ਵੱਡਾ ਸੁਪਨਾ ਸੀ - ਲਗਭਗ 100 ਦੇਸੀ ਗਾਂਵਾਂ ਨਾਲ ਇੱਕ ਵੱਡਾ ਡੇਅਰੀ ਫਾਰਮ ਖੜ੍ਹਾ ਕਰਨਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਸੀਂ ਬੈਂਕ ਦੇ ਦਰਵਾਜ਼ੇ ਵੀ ਖੜਕਾਏ। ਪਰ ਉੱਥੇ ਸਾਨੂੰ ਹੌਸਲਾ ਨਹੀਂ ਮਿਲਿਆ… ਸਗੋਂ ਨਿਰਾਸ਼ਾ ਮਿਲੀ। ਬੈਂਕ ਵਾਲਿਆਂ ਨੇ ਸਾਫ ਕਹਿ ਦਿੱਤਾ ਕਿ “ਭਾਰਤ ਵਿੱਚ ਡੇਅਰੀ ਫਾਰਮਿੰਗ ਵਿੱਚ ਬਹੁਤ ਰਿਸਕ ਹੈ, ਇਹ ਲਾਭ ਵਾਲਾ ਧੰਦਾ ਨਹੀਂ।” ਉਹ ਗੱਲ ਮੇਰੇ ਦਿਲ ‘ਚ ਚੁੱਭ ਗਈ। ਮੈਂ ਸੋਚਿਆ, ਜਿਸ ਦੇਸ਼ ਦੇ ਹਰ ਘਰ ਵਿੱਚ ਸਵੇਰ ਦੀ ਸ਼ੁਰੂਆਤ ਦੁੱਧ ਨਾਲ ਹੁੰਦੀ ਹੋਵੇ, ਜਿੱਥੇ ਦਹੀਂ, ਘਿਉ ਅਤੇ ਮੱਖਣ ਹਰ ਰਸੋਈ ਦੀ ਸ਼ਾਨ ਹੋਣ… ਉੱਥੇ ਡੇਅਰੀ ਘਾਟੇ ਦਾ ਕਾਰੋਬਾਰ ਕਿਵੇਂ ਹੋ ਸਕਦੀ ਹੈ?
ਇਸ ਸਵਾਲ ਨੇ ਮੇਰੇ ਅੰਦਰ ਜ਼ਿੱਦ ਪੈਦਾ ਕਰ ਦਿੱਤੀ। ਫਿਰ ਮੈਂ ਕਈ ਸੂਬਿਆਂ ਵਿੱਚ ਜਾ ਕੇ ਵੱਡੇ-ਵੱਡੇ ਡੇਅਰੀ ਫਾਰਮਾਂ ਦਾ ਅਧਿਐਨ ਕੀਤਾ। ਉੱਥੇ ਮੈਂ ਇੱਕ ਵੱਡੀ ਗੱਲ ਸਮਝੀ - ਜ਼ਿਆਦਾਤਰ ਲੋਕ ਡੇਅਰੀ ਦੀ ਸ਼ੁਰੂਆਤ ਤਾਂ ਕਰ ਲੈਂਦੇ ਹਨ, ਪਰ ਉਹ ਕਰੋੜਾਂ ਰੁਪਏ ਸਿਰਫ਼ ਸ਼ੈੱਡਾਂ ਅਤੇ ਮਹਿੰਗੀਆਂ ਮਸ਼ੀਨਾਂ ‘ਤੇ ਖਰਚ ਕਰ ਦੇਂਦੇ ਹਨ। ਗਾਂ ਨੂੰ ਕੁਦਰਤੀ ਮਾਹੌਲ ਦੀ ਲੋੜ ਹੁੰਦੀ ਹੈ, ਖੁੱਲ੍ਹੀ ਹਵਾ ਅਤੇ ਖੇਤਾਂ ਦੀ ਖੁਸ਼ਬੂ ਉਸਦੀ ਅਸਲੀ ਤਾਕਤ ਹੁੰਦੀ ਹੈ। ਜਦੋਂ ਉਸਨੂੰ ਬੰਦ ਕੰਧਾਂ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਤਾਂ ਉਹ ਤਣਾਅ ਵਿੱਚ ਆਉਣ ਲੱਗਦੀ ਹੈ, ਬੀਮਾਰ ਰਹਿਣ ਲੱਗਦੀ ਹੈ ਅਤੇ ਦੁੱਧ ਦੀ ਗੁਣਵੱਤਾ ਵੀ ਘਟਣ ਲੱਗਦੀ ਹੈ। ਦੂਜੀ ਸਭ ਤੋਂ ਵੱਡੀ ਸਮੱਸਿਆ ਸੀ ਬਾਜ਼ਾਰ ਦੇ ਮਹਿੰਗੇ ਅਤੇ ਕੈਮੀਕਲ ਵਾਲੇ ਪਸ਼ੂ ਆਹਾਰ ਦੀ। ਅੱਜ ਬਹੁਤ ਸਾਰੇ ਲੋਕ ਪੈਕਡ ਫੀਡ ‘ਤੇ ਇੰਨਾ ਨਿਰਭਰ ਹੋ ਗਏ ਹਨ ਕਿ ਪਸ਼ੂਆਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਅਤੇ ਖਰਚਾ ਵੀ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।
ਅਸੀਂ ਫੈਸਲਾ ਕੀਤਾ ਕਿ ਅਸੀਂ ਭੀੜ ਦੇ ਪਿੱਛੇ ਨਹੀਂ ਚੱਲਾਂਗੇ। ਅਸੀਂ ਇੱਕ ਐਸਾ ਮਾਡਲ ਬਣਾਇਆ ਜਿਸਦੀ ਨੀਂਹ ਕੁਦਰਤ ‘ਤੇ ਟਿਕੀ ਹੋਈ ਸੀ - ਦੇਸੀ ਨਸਲ ਦੀਆਂ ਗਾਂਵਾਂ, ਖੁੱਲ੍ਹਾ ਅਤੇ ਕੁਦਰਤੀ ਮਾਹੌਲ, ਅਤੇ ਆਪਣੇ ਖੇਤਾਂ ਵਿੱਚ ਤਿਆਰ ਕੀਤਾ ਗਿਆ ਹਰਾ ਚਾਰਾ। ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਜਿਹੜੀਆਂ ਮੁਸ਼ਕਲਾਂ ਉਸ ਵੇਲੇ ਪਹਾੜ ਵਰਗੀਆਂ ਲੱਗਦੀਆਂ ਸਨ, ਉਹੀ ਸਾਡੀ ਸਭ ਤੋਂ ਵੱਡੀ ਤਾਕਤ ਬਣ ਗਈਆਂ। ਡੇਅਰੀ ਸਿਰਫ਼ ਧੰਦਾ ਨਹੀਂ… ਇਹ ਮਿੱਟੀ ਨਾਲ ਪਿਆਰ, ਗਾਂ ਨਾਲ ਜੁੜਿਆ ਜਜ਼ਬਾ ਅਤੇ ਪਿੰਡ ਦੀ ਰੂਹ ਨੂੰ ਜਿਉਂਦਾ ਰੱਖਣ ਦਾ ਇਕ ਸੰਕਲਪ ਹੈ।
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਪਰੰਪਰਾਗਤ ਡੇਅਰੀ ਅਤੇ ਮਾਡਰਨ ਡੇਅਰੀ ਵਿੱਚ ਸਭ ਤੋਂ ਵੱਡਾ ਫਰਕ ਤੁਸੀਂ ਕੀ ਮੰਨਦੇ ਹੋ?
ਜਵਾਬ: ਅੱਜ ਦੇ ਸਮੇਂ ਦੀ ਮਾਡਰਨ ਡੇਅਰੀ ਸਿਰਫ਼ “ਵੱਧ ਤੋਂ ਵੱਧ ਦੁੱਧ” ਦੇ ਆਲੇ-ਦੁਆਲੇ ਘੁੰਮ ਰਹੀ ਹੈ। ਹਰ ਕੋਈ ਇਹੀ ਸੋਚਦਾ ਹੈ ਕਿ ਕਿਹੜੀ ਗਾਂ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਲੀਟਰ ਦੁੱਧ ਦੇ ਸਕਦੀ ਹੈ। ਇਸੇ ਦੌੜ ਵਿੱਚ ਲੋਕਾਂ ਨੇ ਵਿਦੇਸ਼ੀ ਨਸਲਾਂ ਜਿਵੇਂ HF ਅਤੇ ਜਰਸੀ ਗਾਂਵਾਂ ਵੱਲ ਬਹੁਤ ਤੇਜ਼ੀ ਨਾਲ ਰੁਖ ਕਰ ਲਿਆ। ਸ਼ੁਰੂ ਵਿੱਚ ਇਹ ਗਾਂਵਾਂ ਵਧੀਆ ਦੁੱਧ ਦਿੰਦੀਆਂ ਹਨ, ਪਰ ਹੌਲੀ-ਹੌਲੀ ਕਿਸਾਨ ਨੂੰ ਉਹਨਾਂ ਦਾ ਅਸਲ ਖਰਚਾ ਸਮਝ ਆਉਂਦਾ ਹੈ।
ਇਨ੍ਹਾਂ ਗਾਂਵਾਂ ਦੀ ਖੁਰਾਕ ਮਹਿੰਗੀ, ਦਵਾਈਆਂ ਮਹਿੰਗੀਆਂ ਅਤੇ ਸੰਭਾਲ ਵੀ ਬਹੁਤ ਔਖੀ ਹੁੰਦੀ ਹੈ। ਕੁਝ ਮਹੀਨੇ ਵਧੀਆ ਉਤਪਾਦਨ ਦੇਣ ਤੋਂ ਬਾਅਦ ਜਦੋਂ ਇਹ ਲੰਮੇ ਸਮੇਂ ਲਈ “ਡਰਾਈ ਪੀਰੀਅਡ” ਵਿੱਚ ਚਲੀ ਜਾਂਦੀਆਂ ਹਨ, ਤਾਂ ਕਿਸਾਨ ਦੀ ਆਮਦਨ ਰੁਕ ਜਾਂਦੀ ਹੈ ਪਰ ਖਰਚਾ ਨਹੀਂ ਰੁਕਦਾ। ਕਈ ਵਾਰ ਕਿਸਾਨ ਕਰਜ਼ੇ ਹੇਠਾਂ ਵੀ ਦੱਬ ਜਾਂਦਾ ਹੈ। ਪਰ ਸਾਡਾ ਪੁਰਾਣਾ ਪਰੰਪਰਾਗਤ ਡੇਅਰੀ ਮਾਡਲ ਬਿਲਕੁਲ ਵੱਖਰਾ ਸੀ। ਪਹਿਲਾਂ ਘਰ ਦੀ ਦੇਸੀ ਗਾਂ ਨੂੰ ਪਰਿਵਾਰ ਦਾ ਮੈਂਬਰ ਮੰਨਿਆ ਜਾਂਦਾ ਸੀ। ਉਹ ਖੇਤਾਂ ਦੀ ਹਰੀ ਘਾਹ ਖਾਂਦੀ ਸੀ, ਖੁੱਲ੍ਹੇ ਮਾਹੌਲ ਵਿੱਚ ਰਹਿੰਦੀ ਸੀ ਅਤੇ ਘਰ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦੀ ਸੀ। ਗਾਂ ਸਿਰਫ਼ ਦੁੱਧ ਦਾ ਸਾਧਨ ਨਹੀਂ ਸੀ, ਉਹ ਕਿਸਾਨ ਦੇ ਘਰ ਦੀ ਸ਼ਾਨ ਅਤੇ ਬੱਚਿਆਂ ਦੀ ਮਾਂ ਵਰਗੀ ਮੰਨੀ ਜਾਂਦੀ ਸੀ।
ਅੱਜ ਅਸੀਂ ਫਿਰ ਉਸੇ ਪੁਰਾਣੇ ਅਤੇ ਕੁਦਰਤੀ ਮਾਡਲ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਹੀਵਾਲ, ਗਿਰ, ਰਾਠੀ ਅਤੇ ਥਾਰਪਾਰਕਰ ਵਰਗੀਆਂ ਦੇਸੀ ਨਸਲਾਂ ‘ਤੇ ਧਿਆਨ ਦਿੱਤਾ ਹੈ, ਕਿਉਂਕਿ ਇਹ ਭਾਰਤ ਦੇ ਮੌਸਮ ਵਿੱਚ ਬੜੀ ਆਸਾਨੀ ਨਾਲ ਆਪਣੇ ਆਪ ਨੂੰ ਢਾਲ ਲੈਂਦੀਆਂ ਹਨ। ਨਾ ਇਹਨਾਂ ਨੂੰ ਜ਼ਿਆਦਾ ਦਵਾਈਆਂ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਮਹਿੰਗੇ ਖਰਚੇ ਦੀ। ਦੇਸੀ ਗਾਂਵਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਬਹੁਤ ਵਧੀਆ ਹੁੰਦੀ ਹੈ। ਇਹਨਾਂ ਦਾ ਦੁੱਧ ਵੀ ਬਹੁਤ ਪੌਸ਼ਟਿਕ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਹੁੰਦਾ ਹੈ। ਅੱਜ ਲੋਕ A2 ਦੁੱਧ ਵੱਲ ਵੱਧ ਰਹੇ ਹਨ, ਕਿਉਂਕਿ ਇਹ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਕਰਕੇ ਦੇਸੀ ਗਾਂਵਾਂ ਦੀ ਮਹੱਤਤਾ ਇੱਕ ਵਾਰ ਫਿਰ ਵਧ ਰਹੀ ਹੈ।
ਸਵਾਲ: ਫਿਲਹਾਲ ਤੁਹਾਡੇ ਡੇਅਰੀ ਫਾਰਮ ਵਿੱਚ ਕਿਹੜੀਆਂ-ਕਿਹੜੀਆਂ ਨਸਲਾਂ ਹਨ?
ਜਵਾਬ: ਇਸ ਵੇਲੇ ਸਾਡੇ ਫਾਰਮ ਵਿੱਚ ਲਗਭਗ 85 ਫੀਸਦੀ ਸਹੀਵਾਲ ਨਸਲ ਦੀਆਂ ਗਾਂਵਾਂ ਹਨ। ਇਸ ਤੋਂ ਇਲਾਵਾ ਗਿਰ ਅਤੇ ਥਾਰਪਾਰਕਰ ਨਸਲਾਂ ਦੀਆਂ ਗਾਂਵਾਂ ਵੀ ਮੌਜੂਦ ਹਨ। ਅਸੀਂ ਦੇਸੀ ਨਸਲਾਂ ਨੂੰ ਇਸ ਲਈ ਤਰਜੀਹ ਦਿੱਤੀ ਕਿਉਂਕਿ ਇਹ ਸਾਡੇ ਭਾਰਤੀ ਮੌਸਮ ਨੂੰ ਬਹੁਤ ਵਧੀਆ ਤਰੀਕੇ ਨਾਲ ਸਹਾਰ ਲੈਂਦੀਆਂ ਹਨ। ਇਹਨਾਂ ਦੀ ਦੇਖਭਾਲ ਦਾ ਖਰਚਾ ਵੀ ਘੱਟ ਹੁੰਦਾ ਹੈ ਅਤੇ ਦੁੱਧ ਦੀ ਗੁਣਵੱਤਾ ਬਹੁਤ ਉੱਚੀ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਲੋਕ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ A2 ਦੁੱਧ ਦੀ ਮੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਲਈ ਦੇਸੀ ਗਾਂ ਨਾ ਸਿਰਫ਼ ਕਿਸਾਨ ਲਈ ਲਾਭਦਾਇਕ ਹੈ, ਸਗੋਂ ਲੋਕਾਂ ਦੀ ਸਿਹਤ ਲਈ ਵੀ ਇੱਕ ਵਰਦਾਨ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ: Millionaire Farmer of India Awards 2024: ਯੁਵਰਾਜ ਪਰਿਹਾਰ ਨੂੰ ਮਿਲਿਆ ਪਹਿਲਾ ਰਨਰ-ਅੱਪ 'ਰਿਚੈਸਟ ਫਾਰਮਰ ਆਫ ਇੰਡੀਆ' ਅਵਾਰਡ
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਤੁਸੀਂ ਆਰਗੈਨਿਕ ਖੇਤੀ ਅਤੇ ਡੇਅਰੀ ਨੂੰ ਕਿਵੇਂ ਜੋੜਿਆ?
ਜਵਾਬ: ਅੱਜ ਦੇ ਸਮੇਂ ਵਿੱਚ ਕਈ ਕਿਸਾਨ ਖੇਤੀ ਅਤੇ ਪਸ਼ੂ ਪਾਲਣ ਨੂੰ ਦੋ ਵੱਖਰੇ ਧੰਦੇ ਸਮਝਣ ਲੱਗ ਪਏ ਹਨ, ਪਰ ਅਸਲ ਸੱਚਾਈ ਇਹ ਹੈ ਕਿ ਇਹ ਦੋਵੇਂ ਇੱਕ-ਦੂਜੇ ਦੇ ਬਿਨਾਂ ਅਧੂਰੇ ਹਨ। ਸਾਡੇ ਪੁਰਖਿਆਂ ਦੀ ਖੇਤੀ ਦਾ ਅਸਲ ਰਾਜ ਵੀ ਇਹੀ ਸੀ ਕਿ ਖੇਤ ਅਤੇ ਪਸ਼ੂ ਇਕੱਠੇ ਚਲਦੇ ਸਨ। ਜਿੱਥੇ ਖੇਤਾਂ ਤੋਂ ਪਸ਼ੂਆਂ ਲਈ ਚਾਰਾ ਮਿਲਦਾ ਸੀ, ਉੱਥੇ ਪਸ਼ੂਆਂ ਤੋਂ ਮਿਲਣ ਵਾਲਾ ਗੋਬਰ, ਗੋਮੂਤਰ ਅਤੇ ਪੰਚਗਵਿਆ ਧਰਤੀ ਮਾਂ ਨੂੰ ਤਾਕਤ ਦਿੰਦੇ ਸਨ। ਸਾਡੇ ਫਾਰਮ ’ਤੇ ਵੀ ਇਹੀ ਪਰੰਪਰਾਗਤ ਮਾਡਲ ਅਪਣਾਇਆ ਗਿਆ ਹੈ। ਗਾਂਵਾਂ ਤੋਂ ਮਿਲਣ ਵਾਲਾ ਗੋਬਰ, ਗੋਮੂਤਰ ਅਤੇ ਪੰਚਗਵਿਆ ਆਰਗੈਨਿਕ ਖੇਤੀ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਮਿੱਟੀ ਦੀ ਉਰਵਰਤਾ ਵਧਦੀ ਹੈ, ਧਰਤੀ ਜ਼ਿੰਦਾ ਰਹਿੰਦੀ ਹੈ ਅਤੇ ਰਸਾਇਣਿਕ ਖਾਦਾਂ ’ਤੇ ਨਿਰਭਰਤਾ ਘੱਟ ਹੋ ਜਾਂਦੀ ਹੈ। ਜਦੋਂ ਮਿੱਟੀ ਤੰਦਰੁਸਤ ਹੁੰਦੀ ਹੈ ਤਾਂ ਫਸਲ ਵੀ ਸੋਨੇ ਵਾਂਗ ਚਮਕਦੀ ਹੈ।
ਦੂਜੇ ਪਾਸੇ ਖੇਤਾਂ ਵਿੱਚੋਂ ਨਿਕਲਣ ਵਾਲਾ ਹਰਾ ਚਾਰਾ ਅਤੇ ਫਸਲਾਂ ਦੇ ਬਚੇ ਹੋਏ ਅਵਸ਼ੇਸ਼ ਪਸ਼ੂਆਂ ਦੇ ਕੰਮ ਆਉਂਦੇ ਹਨ। ਇਸ ਤਰ੍ਹਾਂ ਨਾ ਕੋਈ ਚੀਜ਼ ਬਰਬਾਦ ਹੁੰਦੀ ਹੈ ਤੇ ਨਾ ਹੀ ਕਿਸਾਨ ਦੀ ਜੇਬ ’ਤੇ ਵਾਧੂ ਬੋਝ ਪੈਂਦਾ ਹੈ। ਅੱਜ ਕਈ ਲੋਕ ਸੋਚਦੇ ਹਨ ਕਿ ਵੱਖ-ਵੱਖ ਕਾਰੋਬਾਰ ਕਰਕੇ ਹੀ ਵੱਡੀ ਕਮਾਈ ਹੋ ਸਕਦੀ ਹੈ, ਪਰ ਸੱਚੀ ਕਾਮਯਾਬੀ ਤਾਂ ਉਦੋਂ ਮਿਲਦੀ ਹੈ ਜਦੋਂ ਖੇਤੀ ਅਤੇ ਡੇਅਰੀ ਨੂੰ ਇੱਕ ਪਰਿਵਾਰ ਵਾਂਗ ਇਕੱਠੇ ਚਲਾਇਆ ਜਾਵੇ। ਅਸੀਂ ਵੀ ਇਹੀ ਰਾਹ ਚੁਣਿਆ ਅਤੇ ਇਸ ਨਾਲ ਸਾਡੀ ਲਾਗਤ ਕਾਫੀ ਘੱਟ ਹੋ ਗਈ। ਨਾਲ ਹੀ ਖੇਤ ਵੀ ਖੁਸ਼ਹਾਲ ਹੋਏ ਅਤੇ ਪਸ਼ੂ ਵੀ ਤੰਦਰੁਸਤ ਰਹੇ। ਇਹ ਮਾਡਲ ਸਿਰਫ਼ ਕਮਾਈ ਦਾ ਨਹੀਂ, ਸਗੋਂ ਕੁਦਰਤ ਨਾਲ ਜੁੜਨ ਦਾ ਰਸਤਾ ਹੈ।
ਸਵਾਲ: ਡੇਅਰੀ ਫਾਰਮਿੰਗ ਵਿੱਚ ਸਭ ਤੋਂ ਵੱਧ ਖਰਚ ਕਿਸ ਚੀਜ਼ ’ਤੇ ਆਉਂਦਾ ਹੈ?
ਜਵਾਬ: ਅੱਜ ਦੀ ਮਾਡਰਨ ਡੇਅਰੀ ਵਿੱਚ ਲੋਕ ਸਭ ਤੋਂ ਵੱਧ ਪੈਸਾ ਵੱਡੇ-ਵੱਡੇ ਸ਼ੈੱਡ, ਲੋਹੇ ਦੇ ਸਟਰਕਚਰ ਅਤੇ ਚਮਕਦਾਰ ਇੰਫਰਾਸਟਰਕਚਰ ’ਤੇ ਲਗਾ ਰਹੇ ਹਨ। ਕਈ ਲੋਕ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਗਾਂ ਕੋਈ ਮਸ਼ੀਨ ਨਹੀਂ, ਉਹ ਵੀ ਇੱਕ ਜੀਉਂਦੀ ਜਾਨ ਹੈ ਜਿਸਨੂੰ ਖੁੱਲ੍ਹਾ ਅਤੇ ਕੁਦਰਤੀ ਮਾਹੌਲ ਚਾਹੀਦਾ ਹੈ। ਜਦੋਂ ਪਸ਼ੂਆਂ ਨੂੰ ਪੂਰੀ ਤਰ੍ਹਾਂ ਬੰਦ ਥਾਵਾਂ ’ਚ ਰੱਖਿਆ ਜਾਂਦਾ ਹੈ ਤਾਂ ਉਹ ਤਣਾਅ ਮਹਿਸੂਸ ਕਰਦੇ ਹਨ। ਤਣਾਅ ਕਾਰਨ ਪਸ਼ੂ ਬੀਮਾਰ ਪੈਣ ਲੱਗਦੇ ਹਨ, ਦਵਾਈਆਂ ਦਾ ਖਰਚ ਵਧਦਾ ਹੈ ਅਤੇ ਦੁੱਧ ਦੀ ਉਤਪਾਦਨ ਸਮਰੱਥਾ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਮੱਖੀ-ਮੱਛਰ ਅਤੇ ਗੰਦਗੀ ਦੀ ਸਮੱਸਿਆ ਵੀ ਬਹੁਤ ਵਧ ਜਾਂਦੀ ਹੈ। ਜਿੰਨਾ ਜ਼ਿਆਦਾ ਕੰਪਲੀਕੇਟਡ ਸਟਰਕਚਰ ਹੋਵੇਗਾ, ਉਨੀ ਹੀ ਬਿਮਾਰੀਆਂ ਦਾ ਖਤਰਾ ਵਧੇਗਾ। ਅਸੀਂ ਇਸ ਸੋਚ ਨੂੰ ਬਦਲਿਆ ਅਤੇ ਇੱਕ ਸਧਾਰਣ, ਕੁਦਰਤੀ ਅਤੇ ਖੁੱਲ੍ਹਾ ਡੇਅਰੀ ਮਾਡਲ ਬਣਾਇਆ। ਸਾਡਾ ਮੰਨਣਾ ਹੈ ਕਿ ਜਿੱਥੇ ਪਸ਼ੂ ਖੁਸ਼ ਰਹੇਗਾ, ਉੱਥੇ ਹੀ ਕਿਸਾਨ ਦੀ ਕਿਸਮਤ ਵੀ ਖਿੜੇਗੀ। ਕੁਦਰਤ ਦੇ ਨੇੜੇ ਰਹਿਣ ਵਾਲਾ ਪਸ਼ੂ ਘੱਟ ਬੀਮਾਰ ਪੈਂਦਾ ਹੈ, ਵੱਧ ਤਾਕਤਵਰ ਹੁੰਦਾ ਹੈ ਅਤੇ ਸ਼ੁੱਧ ਦੁੱਧ ਦਿੰਦਾ ਹੈ। ਇਹੀ ਅਸਲ ਡੇਅਰੀ ਦੀ ਸਫਲਤਾ ਹੈ।
ਇਹ ਵੀ ਪੜ੍ਹੋ: ਆਪਣੇ ਹੱਥੀਂ ਖੇਤੀ ਕਰਨ ਵਾਲੇ Bathinda ਦੇ ਸਫ਼ਲ ਕਿਸਾਨ ਸ. ਗੁਰਪ੍ਰੀਤ ਸਿੰਘ ਸਿੱਧੂ MFOI 2024 ਦੇ National Award ਨਾਲ ਸਨਮਾਨਿਤ
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਪਸ਼ੂਆਂ ਦੇ ਚਾਰੇ ਅਤੇ ਦੇਖਭਾਲ ਵਿੱਚ ਤੁਸੀਂ ਕਿਹੜੀਆਂ ਨਵੀਆਂ ਤਕਨੀਕਾਂ ਅਪਣਾਈਆਂ?
ਜਵਾਬ: ਮੈਂ ਆਪਣੇ ਗੁਰੂ ਤਾਰਾਚੰਦ ਬੇਲ ਜੀ ਦੇ ਵਿਚਾਰਾਂ ਨੂੰ ਮੰਨਦਾ ਹਾਂ। ਉਨ੍ਹਾਂ ਨੇ ਵ੍ਰਿਕਸ਼ ਆਯੁਰਵੇਦ ਅਤੇ ਕੁਦਰਤੀ ਖੇਤੀ ’ਤੇ ਬਹੁਤ ਗਹਿਰਾ ਕੰਮ ਕੀਤਾ ਹੈ। ਅਸੀਂ ਉਨ੍ਹਾਂ ਦੇ ਕਈ ਪਰੰਪਰਾਗਤ ਫਾਰਮੂਲਿਆਂ ਨੂੰ ਆਪਣੀ ਡੇਅਰੀ ਵਿੱਚ ਅਪਣਾਇਆ ਹੈ। ਸਾਡੇ ਫਾਰਮ ’ਤੇ ਹਰ ਸਵੇਰ ਅਤੇ ਸ਼ਾਮ ਅਗਨਿਹੋਤ੍ਰ ਕੀਤਾ ਜਾਂਦਾ ਹੈ। ਇਸ ਨਾਲ ਸਾਰਾ ਮਾਹੌਲ ਸਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨਾਲ ਮੱਖੀ-ਮੱਛਰ ਵੀ ਘੱਟ ਆਉਂਦੇ ਹਨ ਅਤੇ ਪਸ਼ੂਆਂ ਦਾ ਮਾਹੌਲ ਸਾਫ਼ ਤੇ ਸੁਖਦਾਇਕ ਬਣਿਆ ਰਹਿੰਦਾ ਹੈ। ਅਸੀਂ ਗਾਂਵਾਂ ਨੂੰ ਬੇਲਪੱਤਰ ਤੋਂ ਬਣਿਆ ਬਾਇਓ ਐਂਜ਼ਾਈਮ, ਅਗਨਿਹੋਤ੍ਰ ਦੀ ਭਸਮ, ਨਿੰਬੂ ਜੈਵ ਰਸਾਇਣ ਅਤੇ ਪਰੰਪਰਾਗਤ ਚਾਰਾ ਦਿੰਦੇ ਹਾਂ। ਇਸ ਤੋਂ ਇਲਾਵਾ ਕਾਲਾ ਨਮਕ ਅਤੇ ਬਿਨਾਂ ਬੁਝਿਆ ਚੂਨਾ ਵੀ ਵਰਤਦੇ ਹਾਂ ਤਾਂ ਜੋ ਪਸ਼ੂਆਂ ਵਿੱਚ ਕੈਲਸ਼ੀਅਮ ਦੀ ਘਾਟ ਨਾ ਰਹੇ। ਡੀਵਾਰਮਿੰਗ ਲਈ ਅਸੀਂ ਇੰਦਰਾਯਣੀ ਫਲ ਵਰਤਦੇ ਹਾਂ। ਇਹ ਸਾਰੇ ਤਰੀਕੇ ਭਾਵੇਂ ਪੁਰਾਣੇ ਹਨ, ਪਰ ਇਨ੍ਹਾਂ ਦਾ ਅਸਰ ਅੱਜ ਵੀ ਕਮਾਲ ਦਾ ਹੈ। ਜਦੋਂ ਦੇਸ਼ ਭਰ ਵਿੱਚ ਲੰਪੀ ਬਿਮਾਰੀ ਨੇ ਹਾਹਾਕਾਰ ਮਚਾਇਆ ਹੋਇਆ ਸੀ, ਉਸ ਵੇਲੇ ਵੀ ਸਾਡੇ ਫਾਰਮ ਦੀਆਂ ਗਾਂਵਾਂ ਸੁਰੱਖਿਅਤ ਰਹੀਆਂ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਕੁਦਰਤੀ ਅਤੇ ਪਰੰਪਰਾਗਤ ਦੇਖਭਾਲ ਹੀ ਸੀ। ਅੱਜ ਲੋਕ ਮਹਿੰਗੀਆਂ ਦਵਾਈਆਂ ਅਤੇ ਕੇਮਿਕਲਾਂ ’ਤੇ ਨਿਰਭਰ ਹੋ ਗਏ ਹਨ, ਪਰ ਸਾਡੇ ਬਜ਼ੁਰਗਾਂ ਦੇ ਤਰੀਕਿਆਂ ਵਿੱਚ ਹੀ ਅਸਲ ਤਾਕਤ ਲੁਕੀ ਹੋਈ ਹੈ। ਜੇ ਕਿਸਾਨ ਦੁਬਾਰਾ ਕੁਦਰਤ ਨਾਲ ਜੁੜ ਜਾਵੇ, ਤਾਂ ਖੇਤੀ ਵੀ ਬਚੇਗੀ, ਪਸ਼ੂ ਵੀ ਬਚਣਗੇ ਅਤੇ ਕਿਸਾਨ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋਵੇਗੀ।
ਸਵਾਲ: ਡੇਅਰੀ ਬਿਜ਼ਨਸ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ?
ਜਵਾਬ: ਅੱਜਕੱਲ੍ਹ ਬਹੁਤ ਸਾਰੇ ਕਿਸਾਨ ਇਕ ਵੱਡੀ ਗਲਤੀ ਕਰ ਰਹੇ ਹਨ - ਬਾਹਰੋਂ ਆਉਣ ਵਾਲੇ ਪੈਕਡ ਫੀਡ ਅਤੇ ਕੈਮਿਕਲ ਵਾਲੇ ਚਾਰੇ ‘ਤੇ ਜ਼ਿਆਦਾ ਨਿਰਭਰ ਹੋ ਜਾਣਾ। ਦੁੱਧ ਵਧਾਉਣ ਦੀ ਦੌੜ ਵਿੱਚ ਲੋਕ ਉਹ ਫੀਡ ਖਵਾਉਂਦੇ ਹਨ ਜਿਸ ਵਿੱਚ ਕੇਵਲ ਪ੍ਰੋਟੀਨ ਤੇ ਕੈਮਿਕਲ ਹੁੰਦੇ ਹਨ। ਸ਼ੁਰੂ-ਸ਼ੁਰੂ ਵਿੱਚ ਲੱਗਦਾ ਹੈ ਕਿ ਦੁੱਧ ਵੱਧ ਰਿਹਾ ਹੈ, ਕਮਾਈ ਵੱਧ ਰਹੀ ਹੈ, ਪਰ ਹੌਲੀ-ਹੌਲੀ ਉਹੀ ਚਾਰਾ ਪਸ਼ੂ ਦੇ ਸਰੀਰ ਨੂੰ ਅੰਦਰੋਂ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪਸ਼ੂਆਂ ਵਿੱਚ ਬਿਮਾਰੀਆਂ ਵਧਣ ਲੱਗਦੀਆਂ ਹਨ, ਬਾਂਝਪਨ ਦੀ ਸਮੱਸਿਆ ਆਉਣ ਲੱਗਦੀ ਹੈ ਅਤੇ ਕਈ ਵਾਰੀ ਵਧੀਆ ਨਸਲ ਦੀ ਗਾਂ ਵੀ ਆਪਣੀ ਤਾਕਤ ਖੋ ਬੈਠਦੀ ਹੈ। ਸੱਚ ਇਹ ਹੈ ਕਿ ਪਸ਼ੂਆਂ ਲਈ ਸਭ ਤੋਂ ਵਧੀਆ ਚਾਰਾ ਉਹੀ ਹੈ ਜੋ ਆਪਣੇ ਖੇਤ ਵਿੱਚ ਪੈਦਾ ਹੁੰਦਾ ਹੈ ਜਿਵੇਂ - ਜਵਾਰ, ਬਾਜਰਾ, ਮੱਕੀ, ਕਣਕ, ਹਰਾ ਪਰੰਪਰਾਗਤ ਚਾਰਾ। ਇਹ ਚਾਰਾ ਨਾ ਸਿਰਫ਼ ਪਸ਼ੂਆਂ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਕਿਸਾਨ ਦੀ ਲਾਗਤ ਵੀ ਘਟਾਉਂਦਾ ਹੈ। ਜਦੋਂ ਪਸ਼ੂ ਸਿਹਤਮੰਦ ਰਹੇਗਾ ਤਾਂ ਉਹ ਲੰਮੇ ਸਮੇਂ ਤੱਕ ਦੁੱਧ ਦੇਵੇਗਾ ਅਤੇ ਘਰ ਦੀ ਖੁਸ਼ਹਾਲੀ ਵੀ ਬਣੀ ਰਹੇਗੀ।
ਸਵਾਲ: ਸਰਕਾਰ ਨੂੰ ਡੇਅਰੀ ਸੈਕਟਰ ਵਿੱਚ ਕੀ ਬਦਲਾਅ ਕਰਨੇ ਚਾਹੀਦੇ ਹਨ?
ਜਵਾਬ: ਅੱਜ ਸਰਕਾਰ ਦਾ ਧਿਆਨ ਜ਼ਿਆਦਾਤਰ ਕੇਵਲ ਦੁੱਧ ਉਤਪਾਦਨ ਵਧਾਉਣ ‘ਤੇ ਹੈ, ਪਰ ਅਸਲ ਲੋੜ ਹੈ ਕਿਸਾਨ ਦੀ ਕਮਾਈ ਵਧਾਉਣ ਦੀ। ਸਿਰਫ ਦੁੱਧ ਵੇਚ ਕੇ ਕਿਸਾਨ ਅੱਗੇ ਨਹੀਂ ਵੱਧ ਸਕਦਾ। ਹੁਣ ਸਮਾਂ ਹੈ ਕਿ ਪਿੰਡਾਂ ਦੇ ਕਿਸਾਨ ਆਪਣੇ ਦੁੱਧ ਤੋਂ ਹੀ ਘਿਓ, ਪਨੀਰ, ਦਹੀਂ ਅਤੇ ਚੀਜ਼ ਵਰਗੇ ਪ੍ਰੋਡਕਟ ਤਿਆਰ ਕਰਕੇ ਆਪਣੇ ਨਾਮ ਨਾਲ ਵੇਚਣ। ਜੇ ਹਰ ਤਹਿਸੀਲ ਪੱਧਰ ‘ਤੇ ਛੋਟੀਆਂ ਵੈਲਿਊ ਐਡੀਸ਼ਨ ਯੂਨਿਟਾਂ ਬਣ ਜਾਣ ਤਾਂ ਕਿਸਾਨ ਆਪਣਾ ਬ੍ਰਾਂਡ ਤਿਆਰ ਕਰ ਸਕਦੇ ਹਨ। ਇਸ ਨਾਲ ਪਿੰਡਾਂ ਵਿੱਚ ਹੀ ਰੋਜ਼ਗਾਰ ਵਧੇਗਾ ਅਤੇ ਨੌਜਵਾਨਾਂ ਨੂੰ ਸ਼ਹਿਰਾਂ ਵੱਲ ਨਹੀਂ ਭੱਜਣਾ ਪਵੇਗਾ। ਇਸਦੇ ਨਾਲ ਨਾਲ ਕੈਮਿਕਲ ਖੇਤੀ ਅਤੇ ਕੀਟਨਾਸ਼ਕਾਂ ‘ਤੇ ਕਾਬੂ ਕਰਨਾ ਵੀ ਬਹੁਤ ਜ਼ਰੂਰੀ ਹੈ। ਅੱਜ ਜ਼ਹਿਰੀਲੇ ਕੈਮਿਕਲ ਸਿਰਫ਼ ਮਿੱਟੀ ਨੂੰ ਨਹੀਂ, ਸਗੋਂ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਖਤਮ ਕਰ ਰਹੇ ਹਨ। ਸਰਕਾਰ ਨੂੰ ਛੋਟੇ ਕਿਸਾਨਾਂ ਲਈ ਕਲੱਸਟਰ ਮਾਡਲ, ਸਸਤਾ ਇਨਫਰਾਸਟਰਕਚਰ ਅਤੇ ਵਧੀਆ ਪਸ਼ੂਧਨ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਹਰ ਪਿੰਡ ਖੁਦਮੁਖਤਿਆਰ ਬਣ ਸਕੇ।
ਸਵਾਲ: ਘਿਓ, ਪਨੀਰ ਅਤੇ ਦਹੀਂ ਵਰਗੇ ਪ੍ਰੋਡਕਟਸ ਵਿੱਚ ਕਿੰਨਾ ਸਕੋਪ ਵੇਖਦੇ ਹੋ?
ਜਵਾਬ: ਅੱਜ ਦੇ ਸਮੇਂ ਵਿੱਚ ਸਿਰਫ਼ ਦੁੱਧ ਵੇਚਣਾ ਹੀ ਕਾਫ਼ੀ ਨਹੀਂ, ਸਿਆਣਾ ਕਿਸਾਨ ਉਹ ਹੈ ਜੋ ਦੁੱਧ ਨੂੰ “ਵੈਲਿਊ ਐਡਿਡ ਪ੍ਰੋਡਕਟ” ਵਿੱਚ ਬਦਲ ਕੇ ਆਪਣੀ ਕਮਾਈ ਨੂੰ ਕਈ ਗੁਣਾ ਵਧਾ ਲਵੇ। ਦੁੱਧ ਇੱਕ ਅਜਿਹੀ ਚੀਜ਼ ਹੈ ਜੋ ਜਲਦੀ ਖਰਾਬ ਹੋ ਜਾਂਦੀ ਹੈ, ਪਰ ਜੇ ਉਸੇ ਦੁੱਧ ਤੋਂ ਘਿਉ, ਪਨੀਰ, ਦਹੀਂ ਜਾਂ ਚੀਜ਼ ਬਣਾਈ ਜਾਵੇ ਤਾਂ ਉਸਦੀ ਕੀਮਤ ਵੀ ਵਧ ਜਾਂਦੀ ਹੈ ਅਤੇ ਲੰਮੇ ਸਮੇਂ ਤੱਕ ਸੰਭਾਲਿਆ ਵੀ ਜਾ ਸਕਦਾ ਹੈ। ਇਹੀ ਅਸਲ ਸਮਝਦਾਰੀ ਹੈ ਜੋ ਇੱਕ ਆਮ ਕਿਸਾਨ ਨੂੰ ਕਾਮਯਾਬ ਕਾਰੋਬਾਰੀ ਕਿਸਾਨ ਬਣਾਉਂਦੀ ਹੈ। ਅੱਜ ਹਰ ਘਰ ਵਿੱਚ ਲੋਕ ਸ਼ੁੱਧ ਅਤੇ ਦੇਸੀ ਖਾਣ-ਪੀਣ ਦੀ ਤਲਾਸ਼ ਕਰ ਰਹੇ ਹਨ। ਲੋਕ ਬਾਜ਼ਾਰ ਦੇ ਮਿਲਾਵਟੀ ਸਮਾਨ ਤੋਂ ਤੰਗ ਆ ਚੁੱਕੇ ਹਨ। ਜੇ ਕੋਈ ਕਿਸਾਨ ਆਪਣੇ ਘਰ ਦਾ ਖ਼ਾਲਿਸ ਘਿਓ, ਤਾਜ਼ਾ ਪਨੀਰ ਅਤੇ ਦੇਸੀ ਦਹੀਂ ਵੇਚੇ ਤਾਂ ਲੋਕ ਖੁਦ ਉਸਦੇ ਘਰ ਤੱਕ ਆਉਣਗੇ। ਜੇ ਕਿਸਾਨ ਆਪਣੇ ਪੱਧਰ ‘ਤੇ ਇਹ ਛੋਟਾ ਜਿਹਾ ਵੈਲਿਊ ਐਡਿਸ਼ਨ ਸ਼ੁਰੂ ਕਰ ਲਵੇ ਤਾਂ ਉਹ ਨਾ ਸਿਰਫ਼ ਵਧੀਆ ਮੁਨਾਫ਼ਾ ਕਮਾ ਸਕਦਾ ਹੈ, ਸਗੋਂ ਆਪਣੇ ਪਿੰਡ ਵਿੱਚ ਹੋਰਾਂ ਲਈ ਵੀ ਪ੍ਰੇਰਣਾ ਬਣ ਸਕਦਾ ਹੈ।
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਡੇਅਰੀ ਸੈਕਟਰ ਦਾ ਸਭ ਤੋਂ ਵੱਡਾ ਭਰਮ ਕੀ ਹੈ?
ਜਵਾਬ: ਸਭ ਤੋਂ ਵੱਡਾ ਭਰਮ ਇਹ ਹੈ ਕਿ ਡੇਅਰੀ ਫਾਰਮਿੰਗ ਸਿਰਫ਼ ਵੱਡੇ ਪੈਸੇ ਵਾਲੇ ਲੋਕ ਹੀ ਕਰ ਸਕਦੇ ਹਨ ਜਾਂ ਫਿਰ ਬਾਹਰੋਂ ਮਹਿੰਗਾ ਫੀਡ ਤੇ ਦਵਾਈਆਂ ਲਿਆ ਕੇ ਹੀ ਸਫਲਤਾ ਮਿਲਦੀ ਹੈ। ਅਸਲ ਸੱਚਾਈ ਇਹ ਹੈ ਕਿ ਕਾਮਯਾਬੀ ਉਸ ਕਿਸਾਨ ਨੂੰ ਮਿਲਦੀ ਹੈ ਜੋ ਖੇਤੀ ਅਤੇ ਪਸ਼ੂਪਾਲਣ ਨੂੰ ਇਕੱਠੇ ਜੋੜਦਾ ਹੈ। ਜਿਸ ਕਿਸਾਨ ਦੇ ਖੇਤ ਵਿੱਚ ਆਪਣਾ ਚਾਰਾ, ਆਪਣੀ ਖਾਦ ਅਤੇ ਆਪਣੇ ਪਸ਼ੂ ਹੁੰਦੇ ਹਨ, ਉਹੀ ਅਸਲ ਵਿੱਚ ਆਤਮਨਿਰਭਰ ਬਣਦਾ ਹੈ। ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗ ਵੀ ਇਸੇ ਤਰੀਕੇ ਨਾਲ ਖੇਤੀ ਕਰਦੇ ਸਨ ਅਤੇ ਘਰਾਂ ਵਿੱਚ ਖੁਸ਼ਹਾਲੀ ਹੁੰਦੀ ਸੀ। ਅੱਜ ਲੋੜ ਹੈ ਮੁੜ ਤੋਂ ਉਸੇ ਦੇਸੀ ਅਤੇ ਕੁਦਰਤੀ ਮਾਡਲ ਵੱਲ ਵਾਪਸ ਜਾਣ ਦੀ, ਜਿੱਥੇ ਖਰਚ ਘੱਟ ਅਤੇ ਮੁਨਾਫ਼ਾ ਵੱਧ ਹੋਵੇ।
ਸਵਾਲ: ਘੱਟ ਜ਼ਮੀਨ ਵਾਲਾ ਕਿਸਾਨ ਕੀ ਸਫਲ ਡੇਅਰੀ ਫਾਰਮਿੰਗ ਕਰ ਸਕਦਾ ਹੈ?
ਜਵਾਬ: ਬਿਲਕੁਲ ਕਰ ਸਕਦਾ ਹੈ! ਕਾਮਯਾਬੀ ਲਈ ਏਕੜਾਂ ਦੀ ਜ਼ਮੀਨ ਨਹੀਂ, ਸਹੀ ਸੋਚ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਜੇ ਕਿਸੇ ਕਿਸਾਨ ਕੋਲ ਸਿਰਫ਼ ਅੱਧਾ ਏਕੜ ਜ਼ਮੀਨ ਵੀ ਹੈ ਤਾਂ ਉਹ ਆਰਾਮ ਨਾਲ 5 ਤੋਂ 10 ਦੇਸੀ ਗਾਂਵਾਂ ਜਾਂ ਮੱਝਾਂ ਪਾਲ ਸਕਦਾ ਹੈ। ਉਸਨੂੰ ਆਪਣੀ ਜ਼ਮੀਨ ‘ਤੇ ਮੋਰਿੰਗਾ, ਨੇਪਿਅਰ ਘਾਹ, ਮੱਕੀ ਅਤੇ ਗੰਨੇ ਵਰਗੀਆਂ ਫਸਲਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਾਲ ਭਰ ਹਰਾ ਚਾਰਾ ਮਿਲਦਾ ਰਹੇ। ਇਸ ਨਾਲ ਬਾਹਰੋਂ ਮਹਿੰਗਾ ਚਾਰਾ ਖਰੀਦਣ ਦੀ ਲੋੜ ਨਹੀਂ ਪੈਂਦੀ ਅਤੇ ਖਰਚ ਬਹੁਤ ਘੱਟ ਹੋ ਜਾਂਦਾ ਹੈ। ਅੱਜ ਦਾ ਸਮਾਂ ਸਮਝਦਾਰ ਕਿਸਾਨਾਂ ਦਾ ਹੈ। ਜਿਹੜਾ ਕਿਸਾਨ ਆਪਣੀ ਛੋਟੀ ਜ਼ਮੀਨ ਨੂੰ ਵੀ ਸਹੀ ਤਰੀਕੇ ਨਾਲ ਵਰਤਣਾ ਸਿੱਖ ਲੈਂਦਾ ਹੈ, ਉਹ ਵੱਡੇ-ਵੱਡੇ ਲੋਕਾਂ ਤੋਂ ਵੀ ਵੱਧ ਕਮਾਈ ਕਰ ਸਕਦਾ ਹੈ।
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਡੇਅਰੀ ਫਾਰਮਿੰਗ ਵਿੱਚ ਔਰਤਾਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ: ਭਾਰਤ ਦੇ ਡੇਅਰੀ ਸੈਕਟਰ ਦੀ ਅਸਲੀ ਰੀੜ੍ਹ ਦੀ ਹੱਡੀ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਹਨ। ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਉੱਠ ਕੇ ਪਸ਼ੂਆਂ ਨੂੰ ਚਾਰਾ ਪਾਉਣਾ, ਉਨ੍ਹਾਂ ਦੀ ਸੇਵਾ ਕਰਨੀ, ਦੁੱਧ ਕੱਢਣਾ ਅਤੇ ਨਾਲ ਹੀ ਪੂਰੇ ਘਰ ਦੀ ਜ਼ਿੰਮੇਵਾਰੀ ਨਿਭਾਉਣੀ - ਇਹ ਸਭ ਕੰਮ ਪਿੰਡ ਦੀਆਂ ਮਹਿਲਾਵਾਂ ਚੁੱਪਚਾਪ ਕਰਦੀਆਂ ਹਨ। ਇੱਕ ਮਾਂ ਵਾਲਾ ਪਿਆਰ ਹੀ ਹੈ ਜਿਸ ਕਰਕੇ ਉਹ ਪਸ਼ੂਆਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਕਰਦੀਆਂ ਹਨ। ਜਦੋਂ ਕੋਈ ਗਾਂ ਜਾਂ ਮੱਝ ਬੀਮਾਰ ਹੋ ਜਾਵੇ, ਤਾਂ ਸਭ ਤੋਂ ਪਹਿਲਾਂ ਉਸਦੀ ਚਿੰਤਾ ਘਰ ਦੀ ਔਰਤ ਨੂੰ ਹੀ ਹੁੰਦੀ ਹੈ। ਇਹੀ ਪਿਆਰ ਅਤੇ ਸਮਰਪਣ ਡੇਅਰੀ ਨੂੰ ਸਫਲ ਬਣਾਉਂਦਾ ਹੈ। ਅੱਜ ਜੇ ਭਾਰਤ ਦਾ ਦੁੱਧ ਉਤਪਾਦਨ ਦੁਨੀਆ ਵਿੱਚ ਆਪਣੇ ਝੰਡੇ ਗੱਡ ਰਿਹਾ ਹੈ, ਤਾਂ ਇਸ ਦੇ ਪਿੱਛੇ ਪਿੰਡਾਂ ਦੀਆਂ ਮਿਹਨਤੀ ਮਹਿਲਾਵਾਂ ਦਾ ਵੱਡਾ ਯੋਗਦਾਨ ਹੈ। ਸੱਚ ਇਹ ਹੈ ਕਿ “ਘਰ ਦੀ ਲੱਖਮੀ ਹੀ ਡੇਅਰੀ ਦੀ ਅਸਲੀ ਤਾਕਤ ਹੈ।”
ਸਵਾਲ: ਤੁਸੀਂ ਐਗਰੀ ਟੂਰਿਜ਼ਮ ਨੂੰ ਡੇਅਰੀ ਨਾਲ ਕਿਵੇਂ ਜੋੜਿਆ?
ਜਵਾਬ: ਅਸੀਂ ਆਪਣਾ ਪੂਰਾ ਮਾਡਲ “ਆਨ-ਫਾਰਮ ਸਿਸਟਮ” ’ਤੇ ਤਿਆਰ ਕੀਤਾ ਹੈ। ਖੇਤੀ, ਡੇਅਰੀ, ਦੁੱਧ ਦੀ ਪ੍ਰੋਸੈਸਿੰਗ ਅਤੇ ਖਾਣ-ਪੀਣ - ਸਭ ਕੁਝ ਇੱਕੋ ਫਾਰਮ ’ਤੇ ਹੁੰਦਾ ਹੈ। ਅੱਜਕੱਲ੍ਹ ਸ਼ਹਿਰਾਂ ਦੇ ਲੋਕ ਪਿੰਡਾਂ ਦੀ ਅਸਲੀ ਜ਼ਿੰਦਗੀ ਤੋਂ ਦੂਰ ਹੋ ਗਏ ਹਨ। ਇਸ ਲਈ ਜਦੋਂ ਲੋਕ ਸਾਡੇ ਫਾਰਮ ’ਤੇ ਆਉਂਦੇ ਹਨ, ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਹਨ ਕਿ ਪਰੰਪਰਾਗਤ ਭਾਰਤੀ ਖੇਤੀ ਅਤੇ ਪਸ਼ੂਪਾਲਣ ਕਿੰਨਾ ਸੁੰਦਰ ਅਤੇ ਤਾਕਤਵਰ ਹੈ। ਉਹ ਵੇਖਦੇ ਹਨ ਕਿ ਕਿਵੇਂ ਦੇਸੀ ਗਾਂ ਦਾ ਗੋਬਰ ਅਤੇ ਗੌਮੂਤਰ ਖੇਤਾਂ ਨੂੰ ਜ਼ਹਿਰ-ਮੁਕਤ ਬਣਾਉਂਦਾ ਹੈ, ਕਿਵੇਂ ਕੁਦਰਤੀ ਢੰਗ ਨਾਲ ਉਗਾਈ ਫਸਲ ਸਿਹਤਮੰਦ ਜੀਵਨ ਦਿੰਦੀ ਹੈ ਅਤੇ ਕਿਵੇਂ ਡੇਅਰੀ ਤੇ ਖੇਤੀ ਇਕ-ਦੂਜੇ ਦੀ ਸੱਚੀ ਸਾਥੀ ਹਨ। ਇਹ ਸਿਰਫ਼ ਸੈਰ ਨਹੀਂ, ਸਗੋਂ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਦਾ ਇੱਕ ਯਤਨ ਹੈ। ਲੋਕ ਇੱਥੋਂ ਪ੍ਰੇਰਣਾ ਲੈ ਕੇ ਜਾਂਦੇ ਹਨ ਅਤੇ ਸਮਝਦੇ ਹਨ ਕਿ ਕੁਦਰਤੀ ਖੇਤੀ ਹੀ ਭਵਿੱਖ ਦਾ ਰਸਤਾ ਹੈ।
ਸਫਲ ਕਿਸਾਨ ਲੇਖ ਰਾਮ ਯਾਦਵ
ਸਵਾਲ: ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਜਵਾਬ: ਕੋਰੋਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਖੇਤੀ ਵੱਲ ਮੁੜਨਾ ਬਹੁਤ ਹੀ ਚੰਗਾ ਸੰਕੇਤ ਹੈ। ਪਰ ਮੈਂ ਨੌਜਵਾਨਾਂ ਨੂੰ ਇੱਕ ਗੱਲ ਦਿਲੋਂ ਕਹਿਣਾ ਚਾਹੁੰਦਾ ਹਾਂ - ਸਿਰਫ਼ ਆਰਗੈਨਿਕ ਖੇਤੀ ਕਰਕੇ ਸਫਲਤਾ ਨਹੀਂ ਮਿਲੇਗੀ। ਖੇਤੀ ਦੇ ਨਾਲ ਪਸ਼ੂਪਾਲਣ ਵੀ ਬਹੁਤ ਜ਼ਰੂਰੀ ਹੈ। ਜੇ ਕਿਸੇ ਕਿਸਾਨ ਕੋਲ 10 ਏਕੜ ਜ਼ਮੀਨ ਹੈ ਅਤੇ ਉਹ ਸਿਰਫ਼ ਇੱਕ ਦੇਸੀ ਗਾਂ ਵੀ ਰੱਖ ਲਵੇ, ਤਾਂ ਆਰਗੈਨਿਕ ਖੇਤੀ ਦੀਆਂ ਅੱਧੀਆਂ ਲੋੜਾਂ ਆਪ ਹੀ ਪੂਰੀਆਂ ਹੋ ਜਾਂਦੀਆਂ ਹਨ। ਅੱਜ ਦਾ ਸਮਾਂ ਨੌਕਰੀਆਂ ਦੇ ਪਿੱਛੇ ਭੱਜਣ ਦਾ ਨਹੀਂ, ਸਗੋਂ ਆਪਣੇ ਖੇਤ ਅਤੇ ਆਪਣੇ ਪਿੰਡ ਨੂੰ ਤਾਕਤਵਰ ਬਣਾਉਣ ਦਾ ਹੈ। ਜਿਹੜਾ ਨੌਜਵਾਨ ਖੇਤੀ ਅਤੇ ਡੇਅਰੀ ਨੂੰ ਵਿਗਿਆਨਕ ਸੋਚ ਨਾਲ ਜੋੜ ਲੈਂਦਾ ਹੈ, ਉਹ ਸਿਰਫ਼ ਆਪਣੀ ਨਹੀਂ, ਸਗੋਂ ਪੂਰੇ ਪਿੰਡ ਦੀ ਕਿਸਮਤ ਬਦਲ ਸਕਦਾ ਹੈ।
ਸਵਾਲ: ਆਰਗੈਨਿਕ ਖੇਤੀ ਅਤੇ ਡੇਅਰੀ ਫਾਰਮਿੰਗ ਨੂੰ ਮਿਲਾ ਕੇ ਤੁਹਾਡਾ ਸਾਲਾਨਾ ਟਰਨਓਵਰ ਕਿੰਨਾ ਹੈ?
ਜਵਾਬ: ਪਿਛਲੇ ਸਾਲ ਸਾਡਾ ਕੁੱਲ ਟਰਨਓਵਰ ਲਗਭਗ 36 ਕਰੋੜ ਰੁਪਏ ਰਿਹਾ ਸੀ ਅਤੇ ਇਸ ਸਾਲ ਇਹ 40 ਕਰੋੜ ਰੁਪਏ ਤੋਂ ਵੀ ਉੱਪਰ ਜਾਣ ਦੀ ਸੰਭਾਵਨਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਲੋਕਾਂ ਦਾ ਵਧਦਾ ਭਰੋਸਾ - ਆਰਗੈਨਿਕ ਖੇਤੀ, ਦੇਸੀ ਡੇਅਰੀ ਅਤੇ ਵੈਲਿਊ ਐਡਡ ਪ੍ਰੋਡਕਟਸ ’ਤੇ। ਅੱਜ ਲੋਕ ਸਮਝ ਚੁੱਕੇ ਹਨ ਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ, ਇਸ ਲਈ ਉਹ ਖ਼ਾਲਿਸ ਅਤੇ ਕੁਦਰਤੀ ਉਤਪਾਦਾਂ ਨੂੰ ਤਰਜੀਹ ਦੇ ਰਹੇ ਹਨ। ਸਾਡੀ ਸਫਲਤਾ ਦਾ ਰਾਜ ਕੋਈ ਜਾਦੂ ਨਹੀਂ, ਸਗੋਂ ਮਿੱਟੀ ਨਾਲ ਪਿਆਰ, ਪਸ਼ੂਆਂ ਦੀ ਸੇਵਾ ਅਤੇ ਇਮਾਨਦਾਰੀ ਨਾਲ ਕੀਤੀ ਮਿਹਨਤ ਹੈ। ਜੇ ਕਿਸਾਨ ਸੱਚੀ-ਸੁੱਚੀ ਸੋਚ, ਵਿਗਿਆਨਕ ਜਾਣਕਾਰੀ ਅਤੇ ਧੀਰਜ ਨਾਲ ਕੰਮ ਕਰੇ, ਤਾਂ ਖੇਤੀ ਅਤੇ ਡੇਅਰੀ ਉਸਨੂੰ ਕਰੋੜਾਂ ਦੀ ਕਾਮਯਾਬੀ ਤੱਕ ਲੈ ਜਾ ਸਕਦੀ ਹੈ।
Summary in English: Turnover of 40 crores from Organic Farming and Dairy Farming, see the amazing success story of MFOI Winner Lekhram Yadav