Cloudburst & Landslide: ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਸੂਬਿਆਂ ਵਿੱਚ ਬੁਰਾ ਹਾਲ ਹੈ। ਜਿਸਦੇ ਚਲਦਿਆਂ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ, ਜੰਮੂ-ਕਸ਼ਮੀਰ, ਓਡੀਸ਼ਾ 'ਚ ਵੀ ਭਾਰੀ ਮੀਂਹ ਕਾਰਨ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।
Heavy Rain: ਮਾਨਸੂਨ ਪਹਾੜਾਂ 'ਤੇ ਤਬਾਹੀ ਮਚਾ ਰਿਹਾ ਹੈ। ਜੀ ਹਾਂ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਸੂਬਿਆਂ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਸਮਾਨੀ ਤਬਾਹੀ ਦੇ ਵਿਚਕਾਰ ਜ਼ਮੀਨ ਖਿਸਕਣ ਕਾਰਨ ਕਈ ਮਕਾਨ ਮਲਬੇ ਹੇਠਾਂ ਦੱਬੇ ਗਏ ਹਨ। ਇਨ੍ਹਾਂ ਹੀ ਨਹੀਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਕਾਰਨ ਕਈ ਲੋਕਾਂ ਦੀ ਮੌਤ ਦੀ ਵੀ ਖ਼ਬਰਾਂ ਮਿਲ ਰਹੀਆਂ ਹਨ।
ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਹੜ੍ਹਾਂ, ਜ਼ਮੀਨ ਖਿਸਕਣ ਅਤੇ ਭਾਰੀ ਮੀਂਹ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਓਡੀਸ਼ਾ ਵਿੱਚ ਭਾਰੀ ਮੀਂਹ ਕਾਰਨ 4 ਲੱਖ ਲੋਕ ਪ੍ਰਭਾਵਿਤ ਹੋਏ ਹਨ। ਓਡੀਸ਼ਾ ਦੇ 10 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਵਿਚ ਨਦੀਆਂ ਵਿਚ ਉਛਾਲ ਹੈ।
ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਰਕੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਅਗਲੇ 3-4 ਦਿਨਾਂ 'ਚ ਕਾਂਗੜਾ, ਚੰਬਾ, ਮੰਡੀ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਜ਼ਿਲਿਆਂ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਪੌਂਗ ਡੈਮ ਦੇ ਪਾਣੀ ਦਾ ਪੱਧਰ 1374.78 ਫੁੱਟ ਤੱਕ ਪਹੁੰਚ ਗਿਆ ਹੈ। ਹਿਮਾਚਲ ਵਿਚ ਕਾਂਗੜਾ ਅਤੇ ਪੰਜਾਬ ਵਿਚ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਮੁਕੇਰੀਆਂ, ਦਸੂਹਾ, ਜਵਾਲੀ, ਇੰਦੌਰਾ, ਨੂਰਪੁਰ, ਫਤਿਹਪੁਰ, ਜਵਾਲੀ, ਤਲਵਾੜਾ, ਹਾਜੀਪੁਰ ਅਤੇ ਇੰਦੌਰਾ ਲਈ ਅਲਰਟ ਜਾਰੀ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸ਼ਾਹ ਨਹਿਰ ਬੈਰਾਜ ਅਤੇ ਬਿਆਸ ਤੋਂ ਪਾਣੀ ਛੱਡਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Rainfall Alert: ਝਾਰਖੰਡ, ਮੱਧ ਪ੍ਰਦੇਸ਼, ਉੜੀਸਾ 'ਚ ਰੈੱਡ ਅਲਰਟ, ਜਾਣੋ ਦਿੱਲੀ ਸਮੇਤ ਇਨ੍ਹਾਂ ਸੂਬਿਆਂ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਜੇਕਰ ਦੇਸ਼ ਦੇ ਹੋਰ ਸੂਬਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ 21 ਅਗਸਤ ਦੀ ਸ਼ਾਮ ਤੱਕ ਉੜੀਸਾ, ਮੱਧ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਜਾਰੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਪੂਰਬੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਜਦੋਂਕਿ, ਪੂਰਬੀ ਰਾਜਸਥਾਨ ਵਿੱਚ ਵੀ 21 ਅਗਸਤ ਤੋਂ ਚੰਗੀ ਬਾਰਿਸ਼ ਸ਼ੁਰੂ ਹੋ ਜਾਵੇਗੀ।
ਮੌਸਮ ਵਿਭਾਗ ਨੇ ਦਿੱਲੀ 'ਚ ਅੱਜ ਆਮ ਤੌਰ 'ਤੇ ਬੱਦਲ ਛਾਏ ਰਹਿਣ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿੱਚ ਤੇਜ਼ ਬਾਰਸ਼ ਦੀ ਭਵਿੱਖਬਾਣੀ ਕਰਦਿਆਂ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਜੈਪੁਰ ਸਮੇਤ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ 'ਔਰੇਂਜ ਅਲਰਟ' ਜਾਰੀ ਕੀਤਾ ਹੈ।
Summary in English: Devastation due to cloudburst in Himachal-Uttrakhand, alert in these states including Punjab