Weather Forecast: ਭਾਰਤ ਦੇ ਕਈ ਸੂਬਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਤਾਪਮਾਨ ਵਧਣ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਵੀ ਹੋਣਾ ਪੈ ਰਿਹਾ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਜਲਦੀ ਹੀ ਲੋਕਾਂ ਨੂੰ ਭਰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਹੈ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 7 ਦਿਨਾਂ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਸੰਭਾਵਨਾ ਹੈ ਕਿ ਇਸ ਦੌਰਾਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ, ਮਰਾਠਵਾੜਾ, ਮੱਧ ਮਹਾਰਾਸ਼ਟਰ 'ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਦਿੱਲੀ ਦਾ ਮੌਸਮ
ਮੌਸਮ ਵਿੰਭਗ ਮੁਤਾਬਕ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਦਿੱਲੀ 'ਚ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਦਾ ਤਾਪਮਾਨ 39 ਡਿਗਰੀ ਤੋਂ ਵੱਧ ਰਹਿਣ ਦਾ ਅਨੁਮਾਨ ਜਤਾਇਆ ਹੈ। ਪਿਛਲੇ ਦੋ ਦਿਨਾਂ ਵਾਂਗ ਅੱਜ ਵੀ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਆਈਐਮਡੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਯਾਨੀ 12 ਅਪ੍ਰੈਲ ਨੂੰ ਦਿੱਲੀ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ
ਇਸ ਸਾਲ ਮਾਰਚ ਮਹੀਨੇ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਕ੍ਰਮਵਾਰ 26 ਅਤੇ 13 ਡਿਗਰੀ ਸੈਂਟੀਗਰੇਡ ਦੇ ਕਰੀਬ ਰਿਹਾ ਜੋ ਕਿ ਸਧਾਰਨ ਦੇ ਸਮਾਨ ਸੀ। ਪਰ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਤਾਪਮਾਨ ਵਿੱਚ ਵਾਧਾ ਦਰਜ਼ ਕੀਤਾ ਗਿਆ ਅਤੇ ਇਹਨਾਂ ਦਿਨਾਂ ਵਿੱਚ ਦਿਨ ਦਾ ਤਾਪਮਾਨ ਸਧਾਰਨ ਨਾਲੋਂ 2 ਡਿਗਰੀ ਸੈਂਟੀਗਰੇਡ ਜ਼ਿਆਦਾ ਰਿਹਾ। ਇਸ ਨਾਲ ਹਵਾ ਦਾ ਦਬਾਅ ਵਧਣਾ ਸ਼ੁਰੂ ਹੋ ਗਿਆ ਅਤੇ ਇੱਕ ਪੱਛਮੀ ਚੱਕਰਵਾਤ ਪੰਜਾਬ ਵੱਲ ਨੂੰ ਰੁਖ਼ ਕਰਦਾ ਨਜ਼ਰ ਆ ਰਿਹਾ ਹੈ। ਇਸਦੇ ਮੱਦੇਨਜ਼ਰ 13 ਤੋਂ 15 ਅਪ੍ਰੈਲ ਨੂੰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੀ ਬਾਰਿਸ਼ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਇਹਨਾਂ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਪੇਸ਼ਨਗੋਈ ਕੀਤੀ ਹੈ।
ਇਹ ਵੀ ਪੜ੍ਹੋ : Punjab ਵਿੱਚ 13 ਤੋਂ 15 ਅਪ੍ਰੈਲ ਤੱਕ Western Cyclone ਦੀ ਆਮਦ ਦਾ ਅਨੁਮਾਨ, ਕਿਸਾਨਾਂ ਅਤੇ ਆਮ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
ਬੇਮੌਸਮੀ ਮੀਂਹ ਅਤੇ ਗੜੇ
ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੇਮੌਸਮੀ ਮੀਂਹ ਅਤੇ ਗੜੇ ਪੈ ਰਹੇ ਹਨ। ਵੱਖ-ਵੱਖ ਇਲਾਕਿਆਂ 'ਚ ਮੀਂਹ ਪੈਣ ਕਾਰਨ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਸੂਬੇ ਦੀ ਰਾਜਧਾਨੀ 'ਚ ਦੇਰ ਰਾਤ ਭਾਰੀ ਮੀਂਹ ਪਿਆ। ਇਸ ਬਾਰਿਸ਼ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦਾ ਤਣਾਅ ਵੀ ਵਧ ਗਿਆ ਹੈ। ਬੇਸ਼ਕ ਮੀਂਹ ਕਾਰਨ ਇੱਥੇ ਬੱਦਲਾਂ ਦੀ ਹਲਚਲ ਹੈ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। ਪਰ, ਮੀਂਹ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਦਰਅਸਲ, ਇੱਥੇ ਨਵੀਂ ਫਸਲ ਦੀ ਕਟਾਈ ਹੋ ਰਹੀ ਹੈ ਅਤੇ ਕਣਕ ਦੀ ਖਰੀਦ ਦਾ ਕੰਮ ਜ਼ੋਰਾਂ 'ਤੇ ਹੈ। ਪਰ ਇਸ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ, ਨਾਲ ਹੀ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਮੀਂਹ ਦੇ ਮੱਦੇਨਜ਼ਰ ਸੀਐਮ ਮੋਹਨ ਯਾਦਵ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਣਕ ਦੀ ਖਰੀਦ ਵਾਲੀ ਥਾਂ 'ਤੇ ਫਸਲ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਇਨ੍ਹਾਂ ਸੂਬਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਵੱਖ-ਵੱਖ ਸਥਾਨਾਂ 'ਤੇ ਹਲਕੀ ਬਾਰਿਸ਼/ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਤੇਜ਼ ਹਨੇਰੀ ਨਾਲ ਬਿਜਲੀ ਡਿੱਗਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 13 ਤੋਂ 15 ਅਪ੍ਰੈਲ ਦੇ ਦੌਰਾਨ ਉੱਤਰ-ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਵਿੱਚ ਅੱਜ ਤੋਂ 15 ਅਪ੍ਰੈਲ 2024 ਤੱਕ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਆਈਐਮਡੀ ਮੁਤਾਬਕ ਅੱਜ ਲੱਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ ਅਤੇ ਮਿਜ਼ੋਰਮ ਵਿੱਚ ਅੱਜ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
Summary in English: Weather Today: Crops are likely to be ruined due to unseasonal rain and hail! Farmers worried, Read IMD Report till April 15