Weather Forecast: ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਜਾਰੀ ਹੈ। ਠੰਡ ਅਤੇ ਸੰਘਣੀ ਧੁੰਦ ਕਾਰਨ ਨਾ ਸਿਰਫ ਰੇਲ ਅਤੇ ਸੜਕੀ ਯਾਤਰਾ, ਸਗੋਂ ਹਵਾਈ ਯਾਤਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦਿੱਲੀ 'ਚ ਠੰਡ ਦੀ ਹਾਲਤ ਅਜਿਹੀ ਬਣੀ ਹੋਈ ਹੈ ਕਿ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਤੋਂ ਹੇਠਾਂ ਰਿਹਾ।
ਫਿਲਹਾਲ, ਮੌਸਮ ਵਿਭਾਗ ਨੇ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋਣ ਦੀ ਉਮੀਦ ਜਤਾਈ ਹੈ, ਪਰ ਧੁੰਦ ਦੀ ਸਥਿਤੀ ਬਣੀ ਰਹਿਣ ਦੀ ਵੀ ਗੱਲ ਕਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਹਰਿਆਣਾ, ਪੰਜਾਬ ਵਿੱਚ ਅਗਲੇ ਦੋ-ਤਿੰਨ ਦਿਨਾਂ ਤੱਕ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਸਕਦੀ ਹੈ।
ਪੰਜਾਬ 'ਚ ਰੈੱਡ ਅਲਰਟ
ਮੌਸਮ ਵਿਭਾਗ ਨੇ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਸ਼ਹਿਰਾਂ 'ਚ ਕੋਲਡ ਡੇਅ ਵਰਗੇ ਹਾਲਾਤ ਬਣ ਸਕਦੇ ਹਨ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਔਰੇਂਜ ਅਲਰਟ ਅਤੇ ਵੀਰਵਾਰ-ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ।
18 ਤੋਂ 22 ਜਨਵਰੀ ਤੱਕ ਮੌਸਮ ਸਾਫ਼
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਮੰਡੀ, ਬਿਲਾਸਪੁਰ, ਹਮੀਰਪੁਰ, ਊਨਾ, ਕਾਂਗੜਾ, ਸਿਰਮੌਰ ਅਤੇ ਸੋਲਨ ਦੇ ਵੱਖ-ਵੱਖ ਹਿੱਸਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਡਰਾਈਵਰਾਂ ਨੂੰ ਸਵੇਰੇ ਸਾਵਧਾਨੀ ਨਾਲ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ 17 ਜਨਵਰੀ ਨੂੰ ਉੱਚੇ ਪਹਾੜਾਂ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 18 ਤੋਂ 22 ਜਨਵਰੀ ਤੱਕ ਪੂਰੇ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਗੰਗਾ ਪੱਛਮੀ ਬੰਗਾਲ, ਉੜੀਸਾ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸਿੱਕਮ, ਅਸਾਮ ਅਤੇ ਮੇਘਾਲਿਆ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ 17 ਅਤੇ 18 ਜਨਵਰੀ ਨੂੰ ਅਤੇ ਉੱਤਰਾਖੰਡ 'ਚ 18 ਜਨਵਰੀ ਨੂੰ ਕਿਤੇ-ਕਿਤੇ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
ਪੰਜਾਬ, ਉੱਤਰ-ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੂਰਬੀ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਠੰਡੇ ਦਿਨ ਦੇ ਹਾਲਾਤ ਬਣ ਸਕਦੇ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਸਥਾਨਾਂ ਅਤੇ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਉੱਤਰ-ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਠੰਡੇ ਦਿਨ ਦੇ ਹਾਲਾਤ ਬਣ ਸਕਦੇ ਹਨ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਉੱਤਰ ਪੱਛਮੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼, ਅਸਾਮ, ਤ੍ਰਿਪੁਰਾ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।
Summary in English: Weather Today: Red Alert from Punjab to Delhi, Read next 5 days weather updates here