Weather Forecast: ਉੱਤਰ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ, ਠੰਡ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲਣ ਵਾਲੀ ਹੈ। ਇਸ ਦੇ ਨਾਲ ਹੀ IMD ਨੇ ਮੌਸਮ ਦੀ ਤਾਜ਼ਾ ਰਿਪੋਰਟ ਜਾਰੀ ਕਰਕੇ ਲੋਕਾਂ ਨੂੰ ਆਉਂਦੇ 5 ਦਿਨਾਂ ਲਈ ਸੁਚੇਤ ਰਹਿਣ ਦੀ ਗੱਲ ਕਹੀ ਹੈ।
ਇੱਕ ਪਾਸੇ ਜਿੱਥੇ ਮੌਸਮ ਵਿਭਾਗ ਨੇ ਵੀਰਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਉਥੇ ਹੀ ਖੇਤੀ ਮਾਹਿਰਾਂ ਨੇ ਫ਼ਸਲਾਂ ਨੂੰ ਕੋਰੇ ਅਤੇ ਠੰਡ ਤੋਂ ਬਚਾਉਣ ਲਈ ਵਧੀਆ ਸਲਾਹ ਦਿੱਤੀ ਹੈ।
ਪੰਜਾਬ ਵਿੱਚ ਠੰਡ ਨੇ ਠਾਰੇ ਲੋਕ
ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਬੁੱਧਵਾਰ ਨੂੰ ਪੂਰੇ ਸੂਬੇ 'ਚ ਸੰਘਣੀ ਧੁੰਦ ਛਾਈ ਰਹੀ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਸੀਤ ਲਹਿਰ ਕਾਰਨ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਫਿਲਹਾਲ ਇਸ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ। ਫਿਲਹਾਲ, ਮੌਸਮ ਵਿਭਾਗ ਨੇ ਵੀਰਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪੰਜ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਬਾਰਿਸ਼ ਦੇ ਕੋਈ ਆਸਾਰ ਨਹੀਂ ਹਨ।
ਰਾਜਸਥਾਨ ਵਿੱਚ ਕੜਾਕੇ ਦੀ ਠੰਡ
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਰਾਜਸਥਾਨ ਵਿੱਚ ਮੌਸਮ ਖੁਸ਼ਕ ਰਿਹਾ। ਇਸ ਤੋਂ ਇਲਾਵਾ ਇੱਥੇ ਕੁਝ ਥਾਵਾਂ 'ਤੇ ਸੰਘਣੀ ਧੁੰਦ ਵੀ ਛਾਈ ਰਹੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬੀ ਹਵਾਵਾਂ ਦੇ ਪ੍ਰਭਾਵ ਕਾਰਨ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਸੂਬੇ ਦੇ ਪੂਰਬੀ, ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਜਾ ਸਕਦਾ ਹੈ।
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਪੱਛਮੀ ਬੰਗਾਲ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ਦੇ ਵੱਖ-ਵੱਖ ਸਥਾਨਾਂ 'ਤੇ ਗੜੇਮਾਰੀ ਦੀ ਸੰਭਾਵਨਾ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਤਾਮਿਲਨਾਡੂ ਦੇ ਦੱਖਣੀ ਹਿੱਸਿਆਂ ਅਤੇ ਲਕਸ਼ਦੀਪ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸਵੇਰ ਅਤੇ ਰਾਤ ਦੌਰਾਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼, ਬਿਹਾਰ, ਉੱਤਰੀ ਰਾਜਸਥਾਨ, ਝਾਰਖੰਡ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਠੰਢ ਦੇ ਹਾਲਾਤ ਬਰਕਰਾਰ ਰਹਿ ਸਕਦੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਧ ਸਕਦਾ ਹੈ।
ਫਸਲਾਂ ਨੂੰ ਕੋਰੇ ਤੋਂ ਬਚਾਉਣ ਲਈ ਸਲਾਹ
ਡਿੱਗਦੇ ਤਾਪਮਾਨ ਕਾਰਨ ਖੇਤੀ ਮਾਹਿਰਾਂ ਨੇ ਫ਼ਸਲਾਂ ਨੂੰ ਕੋਰੇ ਅਤੇ ਠੰਡ ਤੋਂ ਬਚਾਉਣ ਲਈ ਵਧੀਆ ਸਲਾਹ ਜਾਰੀ ਕੀਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਠੰਡ ਅਤੇ ਸੀਤ ਲਹਿਰ ਕਾਰਨ ਸਰ੍ਹੋਂ, ਆਲੂ, ਮਿਰਚ, ਟਮਾਟਰ ਅਤੇ ਹਾੜੀ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਦੋ ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਘੁਲਣਸ਼ੀਲ ਸਲਫਰ ਦਾ ਘੋਲ ਬਣਾ ਕੇ ਛਿੜਕਾਅ ਕਰਨ, ਤਾਂ ਜੋ ਫ਼ਸਲਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ।
Summary in English: Weather Today: Yellow alert for next three days in Punjab, zero visibility in Amritsar, know full details about weather activity