ਜੇਕਰ ਪੌਦਿਆਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਹ ਬਿਮਾਰੀਆਂ ਪੌਦਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀਆਂ ਹਨ। ਦੱਸ ਦੇਈਏ ਕਿ ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਦੀ ਲੋੜ ਹੁੰਦੀ ਹੈ, ਇਸ ਤੋਂ ਇਲਾਵਾ ਬਿਮਾਰੀਆਂ ਨਾਲ ਨਜਿੱਠਣ ਦੇ ਉਪਾਵਾਂ ਦੀ ਸਹੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਸਮੇਂ ਸਿਰ ਬਿਮਾਰੀਆਂ ਤੋਂ ਬਚਿਆ ਜਾ ਸਕੇ ਜਾਂ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ।
ਪੋਦਿਆਂ `ਚ ਉੱਲੀ ਦੋ ਤਰੀਕਿਆਂ ਦੀ ਹੁੰਦੀ ਹੈ, ਚਿੱਟੀ ਉੱਲੀ ਤੇ ਭੂਰੀ ਉੱਲੀ। ਆਮ ਤੌਰ 'ਤੇ ਪੌਦਿਆਂ `ਚ ਚਿੱਟੀ ਉੱਲੀ ਲਗਦੀ ਹੈ, ਜੋ ਅੰਦਰੂਨੀ ਤੇ ਬਾਹਰੀ ਪੌਦਿਆਂ ਦੇ ਪੱਤਿਆਂ ਤੇ ਤਣਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕਈ ਵਾਰ ਪੂਰਾ ਪੌਦਾ, ਫੁੱਲ ਤੇ ਮੁਕੁਲ ਵੀ ਪ੍ਰਭਾਵਿਤ ਹੁੰਦੇ ਹਨ। ਉੱਲੀ ਪੱਤਿਆਂ ਤੇ ਪੌਦਿਆਂ ਦੇ ਉੱਪਰਲੇ ਹਿੱਸਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਨਾਲ ਹੀ ਇਹ ਪੌਦਿਆਂ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੰਦੀ ਹੈ, ਜਿਸ ਕਾਰਨ ਪੌਦਾ ਬਿਮਾਰ ਹੋ ਜਾਂਦਾ ਹੈ ਤੇ ਪੂਰੀ ਤਰ੍ਹਾਂ ਮਰ ਜਾਂਦਾ ਹੈ। ਚਿੱਟੀ ਤੇ ਭੂਰੀ ਉੱਲੀ ਪੌਦਿਆਂ `ਚ ਹੋਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ।
ਪੌਦੇ ਨੂੰ ਉੱਲੀ ਲੱਗਣ ਦੇ ਕਾਰਣ:
● ਵੱਧ ਨਮੀ ਤੇ ਘੱਟ ਹਵਾ ਦੇ ਵਹਾਅ ਕਾਰਨ।
● ਬਿਨਾਂ ਲੋੜੀਂਦੀ ਜਗ੍ਹਾ ਦੇ ਪੌਦੇ ਲਗਾਉਣ ਨਾਲ।
● ਸਹੀ ਹਵਾ ਦਾ ਸੰਚਾਰ ਉਪਲਬਧ ਨਾ ਹੋਣ ਦੇ ਕਾਰਨ।
● ਪੌਦਿਆਂ ਨੂੰ ਜ਼ਿਆਦਾ ਪਾਣੀ ਦੇਣ `ਤੇ ਨਮੀ ਵਧ ਜਾਣ ਕਰਕੇ।
● ਲੋੜੀਂਦੀ ਧੁੱਪ ਨਾ ਮਿਲਣ ਨਾਲ।
ਪੋਦਿਆਂ ਨੂੰ ਉੱਲੀ ਤੋਂ ਬਚਾਉਣ ਦੇ ਤਰੀਕੇ:
1. ਨਿੰਮ ਦੇ ਤੇਲ ਦੀ ਸਪਰੇਅ (neem oil spray):
ਨਿੰਮ ਦੇ ਤੇਲ ਦੀ ਸਪਰੇਅ ਬਣਾਉਣ ਲਈ ਲਗਭਗ 2 ਲੀਟਰ ਪਾਣੀ `ਚ 2 ਚੱਮਚ ਨਿੰਮ ਦਾ ਤੇਲ ਪਾ ਕੇ ਉਸ ਘੋਲ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਘੋਲ ਨੂੰ ਇੱਕ ਸਪਰੇਅ ਬੋਤਲ `ਚ ਭਰੋ ਤੇ ਉੱਲੀ ਤੋਂ ਪ੍ਰਭਾਵਿਤ ਪੌਦਿਆਂ 'ਤੇ ਸਪਰੇਅ ਕਰ ਦਿਓ।
2. ਐਪਲ ਸਾਈਡਰ ਸਿਰਕਾ ਸਪਰੇਅ (Apple Cider Vinegar spray):
ਇਸ ਸਪਰੇਅ ਰਾਹੀਂ ਪੌਦਿਆਂ ਦੇ ਪੱਤਿਆਂ ਤੋਂ ਚਿੱਟੇ ਧੱਬੇ ਖ਼ਤਮ ਕੀਤੇ ਜਾ ਸਕਦੇ ਹਨ। ਇਸ ਦੇ ਲਈ ਇੱਕ ਲੀਟਰ ਪਾਣੀ `ਚ 2 ਚੱਮਚ ਐਪਲ ਸਾਈਡਰ ਵਿਨੇਗਰ ਮਿਲਾਓ। ਇਸ ਤੋਂ ਬਾਅਦ ਪੌਦੇ ਦੇ ਸੰਕਰਮਿਤ ਪੱਤਿਆਂ ਤੇ ਤਣਿਆਂ 'ਤੇ ਛਿੜਕਾਅ ਕਰੋ।
ਇਹ ਵੀ ਪੜ੍ਹੋ : ਸਰਦ ਰੁੱਤ `ਚ ਫੁੱਲਾਂ ਦੀ ਚੰਗੇਰੀ ਪੈਦਾਵਾਰ ਲਈ ਸਿੱਖੋ ਖਾਦਾਂ ਦੀ ਸੰਤੁਲਿਤ ਵਰਤੋਂ
3. ਬੇਕਿੰਗ ਸੋਡਾ ਸਪਰੇਅ (baking soda spray):
ਬੇਕਿੰਗ ਸੋਡਾ ਸਪਰੇਅ ਬਣਾਉਣ ਲਈ 2 ਲੀਟਰ ਪਾਣੀ `ਚ ਅੱਧਾ ਚੱਮਚ ਤਰਲ ਸਾਬਣ ਤੇ ਇੱਕ ਚੱਮਚ ਬੇਕਿੰਗ ਸੋਡਾ ਮਿਲਾਓ। ਇਸ ਤੋਂ ਬਾਅਦ ਇਸ ਨੂੰ ਸਪਰੇਅ ਬੋਤਲ 'ਚ ਪਾ ਦਿਓ, ਫਿਰ ਇਸ ਨੂੰ ਉੱਲੀ ਤੋਂ ਪ੍ਰਭਾਵਿਤ ਪੌਦਿਆਂ 'ਤੇ ਸਪਰੇਅ ਕਰ ਦਿਓ।
ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
● ਪੌਦਿਆਂ ਨੂੰ ਜ਼ਿਆਦਾ ਪਾਣੀ ਨਾ ਦਿੱਤਾ ਜਾਵੇ।
● ਗਮਲੇ ਜਾਂ ਬਾਗ ਦੇ ਆਲੇ ਦੁਆਲੇ ਦੀ ਨਮੀ ਦਾ ਧਿਆਨ ਰੱਖਿਆ ਜਾਵੇ।
● ਬਜ਼ਾਰ ਤੋਂ ਨਵੇਂ ਪੌਦੇ ਲਿਆਉਂਦੇ ਸਮੇਂ ਇਹ ਜ਼ਰੂਰ ਦੇਖੋ ਕਿ ਉਨ੍ਹਾਂ `ਚ ਉੱਲੀ ਤਾਂ ਨਹੀਂ ਹੈ।
● ਜੇਕਰ ਤੁਸੀਂ ਕੋਈ ਘਰੇਲੂ ਉਪਾਅ ਅਜ਼ਮਾਉਣਾ ਚਾਹੁੰਦੇ ਹੋ, ਤਾਂ ਪਹਿਲਾਂ ਪੌਦੇ ਦੇ ਕਿਸੇ ਵੀ ਹਿੱਸੇ 'ਤੇ ਪੈਚ ਟੈਸਟ (Patch Test) ਜ਼ਰੂਰ ਕਰੋ।
ਜ਼ਰੂਰੀ ਗੱਲ: ਪੌਦਿਆਂ 'ਤੇ ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ ਤੁਹਾਨੂੰ ਕਿਸੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ, ਤਾਂ ਜੋ ਪੌਦਿਆਂ ਦਾ ਜਲਦੀ ਤਾਂ ਸਹੀ ਉਪਚਾਰ ਹੋ ਸਕੇ।
Summary in English: Follow these home remedies to protect plants from fungus!